ਭਾਰਤ ਤੇ ਚੀਨ ਵੱਲੋਂ ਤਲਖੀ ਘਟਾਉਣ ’ਤੇ ਜ਼ੋਰ

ਨਵੀਂ ਦਿੱਲੀ, (ਸਮਾਜਵੀਕਲੀ) :  ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਪਿਛਲੇ ਸੱਤ ਹਫ਼ਤਿਆਂ ਤੋਂ ਜਾਰੀ ਤਲਖੀ ਨੂੰ ਘਟਾਉਣ ਲਈ ਮੰਗਲਵਾਰ ਨੂੰ ਭਾਰਤ ਤੇ ਚੀਨ ਦੇ ਕੋਰ ਕਮਾਂਡਰ ਪੱਧਰ ਦੇ ਅਧਿਕਾਰੀਆਂ ਦੀ ਹੋਈ ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਕਸ਼ੀਦਗੀ ਨੂੰ ‘ਤਰਜੀਹੀ’ ਅਧਾਰ ’ਤੇ ‘ਛੇਤੀ ਤੇ ਪੜਾਅਵਾਰ ਢੰਗ’ ਨਾਲ ਖ਼ਤਮ ਕਰਨ ’ਤੇ ਜ਼ੋਰ ਦਿੱਤਾ ਹੈ। 12 ਘੰਟੇ ਦੇ ਕਰੀਬ ਚੱਲੀ ਗੱਲਬਾਤ ਦੌਰਾਨ ਦੋਵਾਂ ਧਿਰਾਂ ਨੇ ਐੱਲਏਸੀ ’ਤੇ ਤਣਾਅ ਘਟਾਉਣ ਲਈ ਪ੍ਰਤੀਬੱਧਤਾ ਜਤਾਈ।

ਸੂਤਰਾਂ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ ਦੇ ਨਾਲ ਤਲਖੀ ਘਟਾਉਣ ਦਾ ਅਮਲ ‘ਗੁੰਝਲਦਾਰ’ ਹੈ ਤੇ ਜਦੋਂ ਅਜਿਹੇ ਮਾਹੌਲ ਵਿੱਚ ਖਿਆਲੀ ਤੇ ਅਪੁਸ਼ਟ ਰਿਪੋਰਟਾਂ ਨੂੰ ਦਰਕਿਨਾਰ ਕਰਨ ਦੀ ਲੋੜ ਹੈ। ਸੂਤਰਾਂ ਨੇ ਕਿਹਾ ਕਿ ਮੰਗਲਵਾਰ ਨੂੰ ਹੋਈ ਵਿਚਾਰ ਚਰਚਾ ਤੋਂ ਇਹੀ ਸੰਕੇਤ ਮਿਲਦਾ ਹੈ ਕਿ ਭਾਰਤ ਤੇ ਚੀਨ ਐੱਲਏਸੀ ’ਤੇ ਤਲਖੀ ਨੂੰ ਘਟਾਉਣ ਲਈ ਵਚਨਬੱਧ ਹਨ ਤੇ ਆਉਣ ਵਾਲੇ ਸਮੇਂ ’ਚ ਆਪਸੀ ਸਹਿਮਤੀ ਨਾਲ ਢੁਕਵੇਂ ਹੱਲ ਕੱਢਣ ਲਈ ਫੌਜੀ ਤੇ ਕੂਟਨੀਤਕ ਪੱਧਰਾਂ ’ਤੇ ਹੋਰ ਮੀਟਿੰਗਾਂ ਹੋਣ ਦੀ ਸੰਭਾਵਨਾ ਹੈ। ਊਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ 6 ਜੂਨ ਦੀ ਕੋਰ ਕਮਾਂਡਰ ਪੱਧਰ ਦੀ ਪਲੇਠੀ ਮੀਟਿੰਗ ਵਿੱਚ ਬਣੀ ਸਹਿਮਤੀ ਤੇ ਸਮਝ ਨੂੰ ਅਮਲ ਵਿੱਚ ਲਿਆਉਣ ਦੀ ਹਾਮੀ ਭਰੀ। ਪੂਰਬੀ ਲੱਦਾਖ ਵਿੱਚ ਐੱਲਏਸੀ ਦੇ ਨਾਲ ਚੁਸ਼ੁਲ ਸੈਕਟਰ ਵਿੱਚ ਹੋਈ ਇਹ ਮੀਟਿੰਗ ਸਵੇਰੇ 11 ਵਜੇਂ ਸ਼ੁਰੂ ਹੋਈ ਤੇ ਲਗਾਤਾਰ 12 ਘੰਟੇ ਦੇ ਕਰੀਬ ਚੱਲੀ।

Previous articleਖੇਤੀ ਆਰਡੀਨੈਂਸ: ਪੰਜਾਬ ਸੱਦੇਗਾ ਵਿਸ਼ੇਸ਼ ਇਜਲਾਸ
Next articleਕੇਂਦਰ ਨੇ ਪੰਨੂ ਸਣੇ ਨੌਂ ਖ਼ਾਲਿਸਤਾਨੀਆਂ ਨੂੰ ਅਤਿਵਾਦੀ ਐਲਾਨਿਆ