ਡਰੈਗ ਫਲਿੱਕਰ ਗੁਰਜੀਤ ਕੌਰ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਐਫਆਈਐਚ ਸੀਰੀਜ਼ ਫਾਈਨਲਜ਼ ਦੇ ਸੈਮੀ-ਫਾਈਨਲ ਮੈਚ ਵਿੱਚ ਅੱਜ ਚਿੱਲੀ ਨੂੰ 4-2 ਗੋਲਾਂ ਨਾਲ ਹਰਾ ਕੇ ਟੋਕੀਓ ਓਲੰਪਿਕ ਕੁਆਲੀਫਾਇਰ ਦੇ ਅੰਤਿਮ ਗੇੜ ਵਿੱਚ ਥਾਂ ਪੱਕੀ ਕਰ ਲਈ ਹੈ। ਭਾਰਤ ਤੋਂ ਇਲਾਵਾ ਇਸ ਟੂਰਨਾਮੈਂਟ ਦੀ ਇੱਕ ਹੋਰ ਟੀਮ ਜਾਪਾਨ ਨੇ ਵੀ ਸਾਲ ਦੇ ਅਖ਼ੀਰ ਵਿੱਚ ਹੋਣ ਵਾਲੇ 2020 ਓਲੰਪਿਕ ਕੁਆਲੀਫਾਇਰ ਦੇ ਆਖ਼ਰੀ ਗੇੜ ਲਈ ਕੁਆਲੀਫਾਈ ਕਰ ਲਿਆ ਹੈ। ਗੁਰਜੀਤ ਕੌਰ ਨੇ 22ਵੇਂ ਅਤੇ 37ਵੇਂ ਮਿੰਟ ਵਿੱਚ ਦੋ ਗੋਲ, ਜਦਕਿ ਨਵਨੀਤ ਕੌਰ ਨੇ 31ਵੇਂ ਅਤੇ ਕਪਤਾਨ ਰਾਣੀ ਰਾਮਪਾਲ ਨੇ 57ਵੇਂ ਮਿੰਟ ਵਿੱਚ ਭਾਰਤ ਲਈ ਗੋਲ ਕੀਤੇ। ਚਿੱਲੀ ਵੱਲੋਂ ਕੈਰੋਲੀਨਾ ਗਾਰਸੀਆ ਨੇ 18ਵੇਂ ਮਿੰਟ ਅਤੇ ਮੈਨੂਐਲਾ ਓਰੋਜ਼ ਨੇ 43ਵੇਂ ਮਿੰਟ ਵਿੱਚ ਗੋਲ ਦਾਗ਼ੇ। ਭਾਰਤ ਹੁਣ ਖ਼ਿਤਾਬੀ ਟੱਕਰ ਲਈ ਕੱਲ੍ਹ ਜਾਪਾਨ ਨਾਲ ਭਿੜੇਗਾ। ਮੇਜ਼ਬਾਨ ਜਾਪਾਨ ਨੇ ਦੂਜੇ ਸੈਮੀ-ਫਾਈਨਲ ਵਿੱਚ ਪੈਨਲਟੀ ਸ਼ੂਟ-ਆਊਟ ’ਚ ਰੂਸ ਨੂੰ 3-1 ਨਾਲ ਸ਼ਿਕਸਤ ਦਿੱਤੀ। ਦੋਵੇਂ ਟੀਮਾਂ 60 ਮਿੰਟ ਵਿੱਚ 1-1 ਦੇ ਸਕੋਰ ਨਾਲ ਬਰਾਬਰ ਸਨ, ਜਿਸ ਮਗਰੋਂ ਮੈਚ ਪੈਨਲਟੀ ਸ਼ੂਟ ਆਊਟ ਤੱਕ ਖਿੱਚਿਆ ਗਿਆ। ਦੁਨੀਆਂ ਦੀ ਨੌਵੇਂ ਨੰਬਰ ਦੀ ਟੀਮ ਭਾਰਤ ਨੇ 15 ਮਿੰਟ ਦੇ ਅੰਦਰ ਹੀ ਵਿਰੋਧੀ ਟੀਮ ਦੇ ਸਰਕਲ ਵਿੱਚ ਛੇ ਵਾਰ ਸੰਨ੍ਹ ਲਾਈ, ਪਰ ਉਸ ਨੂੰ ਇਸ ਦਾ ਫ਼ਾਇਦਾ ਨਹੀਂ ਮਿਲਿਆ। ਚਿੱਲੀ ਨੇ ਵੀ ਚਾਰ ਵਾਰ ਭਾਰਤੀ ਡਿਫੈਂਸ ਨੂੰ ਤੋੜਿਆ, ਪਰ ਉਸ ਦਾ ਸ਼ਾਟ ਵੀ ਨਿਸ਼ਾਨੇ ’ਤੇ ਨਹੀਂ ਲੱਗਿਆ ਅਤੇ ਪਹਿਲਾ ਕੁਆਰਟਰ ਗੋਲ ਰਹਿਤ ਰਿਹਾ। ਦੂਜੇ ਕੁਆਰਟਰ ਦੇ ਤੀਜੇ ਹੀ ਮਿੰਟ ਵਿੱਚ ਹੇਠਲੀ ਰੈਂਕਿੰਗ ’ਤੇ ਕਾਬਜ਼ ਚਿੱਲੀ ਨੇ ਗਾਰਸੀਆ ਦੇ ਗੋਲ ਦੀ ਮਦਦ ਨਾਲ ਲੀਡ ਬਣਾ ਲਈ। ਇਸ ਗੋਲ ਤੋਂ ਹੈਰਾਨ ਭਾਰਤ ਨੇ ਛੇਤੀ ਹੀ 22ਵੇਂ ਮਿੰਟ ਵਿੱਚ ਗੁਰਜੀਤ ਦੇ ਗੋਲ ਨਾਲ ਬਰਾਬਰੀ ਹਾਸਲ ਕੀਤੀ, ਜਿਸ ਨਾਲ ਮੈਚ ਦੇ ਅੱਧ ਤੱਕ ਸਕੋਰ 1-1 ਹੀ ਰਿਹਾ। ਤੀਜੇ ਕੁਆਰਟਰ ਵਿੱਚ ਨਵਨੀਤ ਕੌਰ ਨੇ 31ਵੇਂ ਮਿੰਟ ਵਿੱਚ ਭਾਰਤ ਦੀ ਲੀਡ ਦੁੱਗਣੀ ਕਰ ਦਿੱਤੀ। ਉਸ ਨੇ ਗੇਂਦ ਨੂੰ ਵਿਰੋਧੀ ਖ਼ੇਮੇ ਦੇ ਸਰਕਲ ਅੰਦਰ ਲਿਆਉਂਦਿਆਂ ਗੋਲ ਲਈ ਜ਼ਬਰਦਸਤ ਸ਼ਾਟ ਮਾਰਿਆ, ਜੋ ਨਿਸ਼ਾਨੇ ’ਤੇ ਲੱਗਿਆ। ਛੇ ਮਿੰਟ ਮਗਰੋਂ ਗੁਰਜੀਤ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਦਿੱਤਾ ਅਤੇ ਆਪਣਾ ਦੂਜਾ ਗੋਲ ਦਾਗ਼ਿਆ। ਚਿੱਲੀ ਨੇ ਵੀ ਹਾਰ ਨਹੀਂ ਮੰਨੀ ਅਤੇ ਤੀਜੇ ਕੁਆਰਟਰ ਦੇ ਅਖ਼ੀਰ ਵਿੱਚ ਲਗਾਤਾਰ ਦੋ ਪੈਨਲਟੀ ਕਾਰਨਰ ਹਾਸਲ ਕੀਤੇ, ਪਰ ਉਹ ਇਸ ਦਾ ਫ਼ਾਇਦਾ ਨਹੀਂ ਉਠਾ ਸਕਿਆ। ਮੈਨੂਐਲਾ ਓਰੋਜ਼ ਨੇ ਚਿੱਲੀ ਲਈ ਦੂਜਾ ਗੋਲ 43ਵੇਂ ਮਿੰਟ ਵਿੱਚ ਦਾਗ਼ਿਆ, ਜਿਸ ਨਾਲ ਉਸ ਨੇ ਗੋਲ ਫ਼ਰਕ ਨੂੰ ਘੱਟ ਕੀਤਾ। ਭਾਰਤ ਨੇ ਕਪਤਾਨ ਰਾਣੀ ਦੇ 57ਵੇਂ ਮਿੰਟ ਵਿੱਚ ਕੀਤੇ ਗੋਲ ਦੀ ਮਦਦ ਨਾਲ ਸਕੋਰ 4-2 ਕਰ ਲਿਆ, ਜੋ ਫ਼ੈਸਲਾਕੁਨ ਸਾਬਤ ਹੋਇਆ।ਮੈਚ ਮਗਰੋਂ ਰਾਣੀ ਨੇ ਇਸ ਜਿੱਤ ਨੂੰ ਸਾਥੀ ਖਿਡਾਰਨ ਲਾਲਰੇਮਸਿਆਮੀ ਦੇ ਪਿਤਾ ਨੂੰ ਸਮਰਪਿਤ ਕੀਤਾ, ਜਿਨ੍ਹਾਂ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਸੀ। ਰਾਣੀ ਨੇ ਇਸ ਮੁਟਿਆਰ ਸਟਰਾਈਕਰ ਦੇ ਹੌਸਲੇ ਦੀ ਪ੍ਰਸ਼ੰਸਾ ਕੀਤੀ, ਜਿਸ ਨੇ ਆਪਣੇ ਪਿਤਾ ਦੇ ਦੇਹਾਂਤ ਦੀ ਖ਼ਬਰ ਸੁਣਨ ਮਗਰੋਂ ਸਵਦੇਸ਼ ਪਰਤਣ ਦੀ ਥਾਂ ਟੀਮ ਨਾਲ ਰੁਕਣ ਦਾ ਫ਼ੈਸਲਾ ਕੀਤਾ। ਇਸ ਟੂਰਨਾਮੈਂਟ ਵਿੱਚ ਸੀਨੀਅਰ ਦੋ ਟੀਮਾਂ ਸਾਲ ਦੇ ਅਖ਼ੀਰ ਵਿੱਚ ਹੋਣ ਵਾਲੇ 2020 ਓਲੰਪਿਕ ਕੁਆਲੀਫਾਇਰ ਦੇ ਆਖ਼ਰੀ ਗੇੜ ਲਈ ਹੀ ਕੁਆਲੀਫਾਈ ਕਰ ਸਕਦੀਆਂ ਸਨ।
Sports ਭਾਰਤ ਓਲੰਪਿਕ ਕੁਆਲੀਫਾਇਰ ਦੇ ਆਖ਼ਰੀ ਗੇੜ ’ਚ