ਸਨਅਤੀ ਏਰੀਆ ਵਿਚ ਤੇਲ ਮਿੱਲ ਨੂੰ ਅੱਗ ਲੱਗੀ

ਮਿੱਲ ਦਾ ਮਾਲਕ ਸਦਮੇ ਦਾ ਹੋਇਆ ਸ਼ਿਕਾਰ; ਪੰਜ ਘੰਟੇ ਹਸਪਤਾਲ ’ਚ ਰਿਹਾ ਜ਼ੇਰੇ ਇਲਾਜ

ਇਥੋਂ ਦੇ ਸਨਅਤੀ ਏਰੀਆ ਫੇਜ਼-1 ਸਥਿਤ ਸਰੋਂ ਦਾ ਤੇਲ ਕੱਢਣ ਵਾਲੀ ਮਿੱਲ ਵਿੱਚ ਅੱਜ ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਮਿੱਲ ਦੀ ਮਸ਼ੀਨਰੀ ਤੇ ਹੋਰ ਸਾਮਾਨ ਸੜ ਗਿਆ। ਨਗਰ ਨਿਗਮ ਦੇ ਫਾਇਰ ਵਿਭਾਗ ਅਨੁਸਾਰ ਲੰਘੇ ਸ਼ੁੱਕਰਵਾਰ ਦੇਰ ਰਾਤ ਨੂੰ ਪੁਲੀਸ ਕੰਟਰੋਲ ਰੂਮ ਤੋਂ ਸਨਅਤੀ ਖੇਤਰ ਫੇਜ਼-1 ਦੇ ਪਲਾਟ ਨੰਬਰ-1 ਵਿੱਚ ਸਥਿਤ ਸਰਸਵਤੀ ਤੇਲ ਮਿੱਲ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਮੌਕੇ ’ਤੇ ਭੇਜੀਆਂ ਫਾਇਰ ਬ੍ਰਿਗੇਡ ਦੀਆਂ ਸੱਤ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਨਾਲ ਮਿੱਲ ਦੀ ਮਸ਼ੀਨਰੀ, ਤੇਲ ਦੇ ਟੈਂਕਰ, ਐਕਟਿਵਾ ਸਕੂਟਰ ਅਤੇ ਹੋਰ ਸਾਮਾਨ ਸੜ ਗਿਆ। ਮਿੱਲ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਮਿੱਲ ਮਾਲਕ ਮੌਕੇ ’ਤੇ ਪੁੱਜਿਆ ਤੇ ਆਪਣੀਆਂ ਅੱਖਾਂ ਸਾਹਮਣੇ ਮਿੱਲ ਨੂੰ ਸੜਦੀ ਹੋਈ ਦੇਖ ਕੇ ਸਦਮੇ ਵਿੱਚ ਆ ਗਿਆ। ਉਸ ਨੂੰ ਡਾਕਟਰੀ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ। ਅੱਜ ਦੇਰ ਸ਼ਾਮ ਮਿੱਲ ਮਾਲਿਕ ਹਰੀਸ਼ ਮਿੱਤਲ ਨੇ ਟੈਲੀਫੋਨ ’ਤੇ ਦੱਸਿਆ ਕਿ ਉਹ ਸ਼ੁੱਕਰਵਾਰ ਰਾਤ ਸਾਢੇ ਅੱਠ ਵਜੇ ਮਿੱਲ ਬੰਦ ਕਰ ਕੇ ਘਰ ਚਲਾ ਗਿਆ ਸੀ। ਦੇਰ ਰਾਤ ਕਰੀਬ ਡੇਢ ਵਜੇ ਉਸ ਨੂੰ ਗੁਆਂਢੀ ਨੇ ਮਿੱਲ ਵਿੱਚ ਅੱਗ ਲੱਗਣ ਦੀ ਸੂਚਨਾ ਦਿੱਤੀ। ਉਸ ਨੇ ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਮਿੱਲ ਵਿੱਚ ਅੱਗ ਦੇ ਭਾਂਬੜ ਮਚੇ ਹੋਏ ਸਨ। ਇਹ ਦੇਖ ਕੇ ਉਹ ਸਦਮੇ ਵਿੱਚ ਆ ਗਿਆ। ਉਹ ਪੰਜ ਘੰਟੇ ਹਸਪਤਾਲ ਵਿੱਚ ਦਾਖਲ ਰਿਹਾ। ਉਸ ਨੇ ਦੱਸਿਆ ਕਿ ਮਿੱਲ ਵਿੱਚ ਲੱਗੇ ਕੈਮਰਿਆਂ ਦੀ ਡੀਵੀਆਰ ਅੱਗ ਦੇ ਲਪੇਟ ਵਿੱਚ ਆਉਣ ਤੋਂ ਬੱਚ ਗਈ। ਕੈਮਰਿਆਂ ਦੀ ਰਿਕਾਰਡਿੰਗ ਦੇਖ ਕੇ ਪਤਾ ਲੱਗਿਆ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ। ਸ੍ਰੀ ਮਿੱਤਲ ਅਨੁਸਾਰ ਅੱਗ ਲੱਗਣ ਨਾਲ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।

Previous articleਸ਼ਿਆਮਾ ਪ੍ਰਸਾਦ ਮੁਖਰਜੀ ਦੀ ਬਰਸੀ ਮਨਾਏਗੀ ਪੱਛਮੀ ਬੰਗਾਲ ਸਰਕਾਰ
Next articleਭਾਰਤ ਓਲੰਪਿਕ ਕੁਆਲੀਫਾਇਰ ਦੇ ਆਖ਼ਰੀ ਗੇੜ ’ਚ