ਪਾਇਲਟ ਨੇ ਤਕਨੀਕੀ ਨੁਕਸ ਦਾ ਖ਼ਦਸ਼ਾ ਹੋਣ ’ਤੇ ਹੰਗਾਮੀ ਹਾਲਤ ਵਿੱਚ ਲਿਆ ਫ਼ੈਸਲਾ
ਕੁਰਾਲੀ– ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਨੂੰ ਅੱਜ ਹੰਗਾਮੀ ਹਾਲਤ ਵਿੱਚ ਕੁਰਾਲੀ ਦੀ ਹੱਦ ਨਾਲ ਲੱਗਦੇ ਪਿੰਡ ਬੰਨ੍ਹਮਾਜਰਾ ਦੇ ਖੇਤਾਂ ਵਿੱਚ ਉਤਾਰਨਾ ਪਿਆ। ਖੇਤਾਂ ਵਿੱਚ ਉਤਾਰੇ ਗਏ ਹੈਲੀਕਾਪਟਰ ਕਾਰਨ ਲੋਕਾਂ ਵਿੱਚ ਸਹਿਮ ਪੈਦਾ ਹੋ ਗਿਆ। ਇਸ ਹੈਲੀਕਾਪਟਰ ਨੂੰ ਕੁਝ ਘੰਟਿਆਂ ਬਾਅਦ ਇੱਕ ਹੋਰ ਹੈਲੀਕਾਪਟਰ ਦੇ ਆਉਣ ਤੋਂ ਬਾਅਦ ਉਡਾਣ ਭਰ ਕੇ ਲਿਜਾਇਆ ਗਿਆ।
ਜਾਣਕਾਰੀ ਅਨੁਸਾਰ ਭਾਰਤੀ ਹਵਾਈ ਸੈਨਾ ਦਾ ਹੈਲੀਕਾਪਟਰ ‘ਚੇਤਕ’ ਪਟਿਆਲਾ ਤੋਂ ਪਠਾਨਕੋਟ ਜਾ ਰਿਹਾ ਸੀ ਕਿ ਸਵੇਰੇ ਕਰੀਬ 10 ਵਜੇ ਅਚਾਨਕ ਹੀ ਪਾਇਲਟ ਨੇ ਹੈਲੀਕਾਪਟਰ ਨੂੰ ਪਿੰਡ ਬੰਨ੍ਹਮਾਜਰਾ ਦੇ ਖੇਤਾਂ ਵਿੱਚ ਉਤਾਰ ਦਿੱਤਾ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਹੈਲੀਕਾਪਟਰ ਤਿੰਨ ਅਧਿਕਾਰੀਆ ਨੂੰ ਲੈ ਕੇ ਪਟਿਆਲਾ ਤੋਂ ਪਠਾਨਕੋਟ ਜਾ ਰਿਹਾ ਸੀ। ਪਾਇਲਟ ਨੂੰ ਇਸ ਹੈਲੀਕਾਪਟਰ ਵਿੱਚ ਤਕਨੀਕੀ ਨੁਕਸ ਹੋਣ ਦਾ ਸ਼ੱਕ ਹੋਇਆ, ਜਿਸ ਕਾਰਨ ਉਸ ਨੇ ਪਿੰਡ ਬੰਨ੍ਹਮਾਜਰਾ ਦੀ ਰਿਹਾਇਸ਼ੀ ਕਲੋਨੀ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਹੈਲੀਕਾਪਟਰ ਉਤਾਰ ਦਿੱਤਾ। ਪਾਇਲਟ ਨੇ ਬਿਜਲੀ ਦੀਆਂ ਹਾਈ ਵੋਲਟੇਜ਼ ਤਾਰਾਂ, ਰਿਹਾਇਸ਼ੀ ਇਲਾਕਾ ਅਤੇ ਨੇੜਿਓਂ ਲੰਘਦੇ ਕੁਰਾਲੀ ਬਾਈਪਾਸ ਰੋਡ ਤੋਂ ਬਚਾ ਕੇ ਹੈਲੀਕਾਪਟਰ ਨੂੰ ਬਰਸੀਮ ਦੇ ਖੇਤਾਂ ਵਿੱਚ ਉਤਾਰਿਆ। ਇਸ ਬਾਰੇ ਪਤਾ ਲੱਗਦਿਆਂ ਹੀ ਇਲਾਕੇ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਪੁਲੀਸ ਵੀ ਮੌਕੇ ’ਤੇ ਪੁੱਜ ਗਏ।
ਹੈਲੀਕਾਪਟਰ ਉਤਾਰੇ ਜਾਣ ਤੋਂ ਬਾਅਦ ਬਾਹਰ ਨਿਕਲੇ ਅਧਿਕਾਰੀ ਅਤੇ ਪਾਇਲਟ ਫੋਨ ਉਤੇ ਆਪਣੇ ਅਧਿਕਾਰੀਆਂ ਨਾਲ ਸੰਪਰਕ ਕਰਦੇ ਨਜ਼ਰ ਆਏ ਪਰ ਉਨ੍ਹਾਂ ਨੇ ਇਕੱਠੇ ਹੋਏ ਆਮ ਲੋਕਾਂ ਨੂੰ ਆਪਣੇ ਨੇੜੇ ਨਹੀਂ ਆਉਣ ਦਿੱਤਾ। ਇਸੇ ਦੌਰਾਨ ਮੌਕੇ ’ਤੇ ਪੁੱਜੀ ਪੁਲੀਸ ਨੇ ਵੀ ਲੋਕਾਂ ਨੂੰ ਹੈਲੀਕਾਪਟਰ ਨੇੜੇ ਆਉਣ ਅਤੇ ਫੋਟੋਆਂ ਲੈਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਕਈ ਘੰਟਿਆਂ ਬਾਅਦ ਭਾਰਤੀ ਹਵਾਈ ਸੈਨਾ ਦਾ ਇੱਕ ਹੋਰ ਹੈਲੀਕਾਪਟਰ ਆਇਆ, ਜਿਸ ਵਿੱਚ ਸਵਾਰ ਅਧਿਕਾਰੀਆਂ ਨੇ ਪਹਿਲਾਂ ਉਤਾਰੇ ਹੈਲੀਕਾਪਟਰ ਦੀ ਜਾਂਚ ਕੀਤੀ ਅਤੇ ਕੁਝ ਸਮੇਂ ਬਾਅਦ ਦੋਵਾਂ ਹੈਲੀਕਾਪਟਰਾਂ ਨੇ ਉਡਾਣ ਭਰੀ ਅਤੇ ਅੱਗੇ ਲਈ ਰਵਾਨਾ ਹੋ ਗਏ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਇਲਟ ਨੂੰ ਹੈਲੀਕਾਪਟਰ ਦਾ ਪੈਟਰੋਲ ਲੀਕ ਹੋਣ ਦਾ ਸ਼ੱਕ ਪਿਆ ਸੀ, ਜਿਸ ਕਾਰਨ ਉਸ ਨੇ ਹੈਲੀਕਾਪਟਰ ਹੰਗਾਮੀ ਹਾਲਤ ਵਿੱਚ ਖੇਤਾਂ ਵਿੱਚ ਉਤਾਰ ਲਿਆ। ਇਸ ਘਟਨਾਕ੍ਰਮ ਸਬੰਧੀ ਹਵਾਈ ਫੌਜ ਦੇ ਅਧਿਕਾਰੀਆਂ ਅਤੇ ਹੈਲੀਕਾਪਟਰ ਦੇ ਅਮਲੇ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਮੌਕੇ ’ਤੇ ਪੁੱਜੇ ਐੱਸ.ਪੀ. ਰਵੀ ਕੁਮਾਰ ਨੇ ਦੱਸਿਆ ਕਿ ਬੰਨ੍ਹਮਾਜਰਾ ਦੇ ਖੇਤਾਂ ਵਿੱਚ ਹੰਗਾਮੀ ਹਾਲਤ ਵਿੱਚ ਉਤਾਰਿਆ ਹੈਲੀਕਾਪਟਰ ਹਵਾਈ ਫੌਜ ਦੀ ਮੌਕ ਡਰਿੱਲ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਹੈਲੀਕਾਪਟਰ ਵਿੱਚ ਕਿਸੇ ਤਰ੍ਹਾਂ ਦਾ ਤਕਨੀਕੀ ਨੁਕਸ ਨਹੀਂ ਪਿਆ ਸੀ ਸਗੋਂ ਫੌਜ ਵਲੋਂ ਅਜਿਹੇ ਹਾਲਾਤ ਨਾਲ ਨਜਿੱਠਣ ਸਬੰਧੀ ਅਭਿਆਸ ਕੀਤਾ ਜਾ ਰਿਹਾ ਸੀ
।