ਕਿਸਾਨਾਂ ਦੇ ਰੋਹ ਅੱਗੇ ਝੁਕੀ ਹਰਿਆਣਾ ਪੁਲੀਸ

ਲਹਿਰਾਗਾਗਾ (ਸਮਾਜ ਵੀਕਲੀ) : ਰਾਸ਼ਟਰੀ ਕਿਸਾਨ ਸੰਯੁਕਤ ਮੋਰਚਾ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਉਲੀਕੇ ਗਏ ਪ੍ਰੋਗਰਾਮਾਂ ਸਬੰਧੀ ਪਿੰਡਾਂ ਵਿੱਚ ਪ੍ਰਚਾਰ ਕਰ ਰਹੀ ਵੈਨ ਨੂੰ ਬੀਤੇ ਦਿਨ ਹਰਿਆਣਾ ਪੁਲੀਸ ਵੱਲੋਂ ਜ਼ਬਤ ਕਰਨ ਖ਼ਿਲਾਫ਼ ਅੱਜ ਇੱਥੇ ਬੀਕੇਯੂ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਮੂਨਕ-ਟੋਹਾਣਾ ਮਾਰਗ ਜਾਮ ਕਰਕੇ ਧਰਨਾ ਲਾ ਦਿੱਤਾ।

ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਨੇ ਦੱਸਿਆ ਕਿ ਜਾਖਲ ਮੰਡੀ ਹਰਿਆਣਾ ਵਿੱਚ 15 ਮਾਰਚ ਨੂੰ ਹੋਣ ਵਾਲੀ ਕਿਸਾਨ ਮਹਾਪੰਚਾਇਤ ਸਬੰਧੀ ਇੱਕ ਵੈਨ ਪਿੰਡਾਂ ’ਚ ਪ੍ਰਚਾਰ ਕਰ ਰਹੀ ਸੀ, ਜਿਸ ਨੂੰ ਬੀਤੇ ਦਿਨ ਡੀਐੱਸਪੀ ਟੋਹਾਣਾ ਬੀਰਮ ਸਿੰਘ ਨੇ ਹਰਿਆਣਾ ਦੀ ਖੱਟਰ ਸਰਕਾਰ ਦੇ ਕਥਿਤ ਇਸ਼ਾਰਿਆਂ ’ਤੇ ਜ਼ਬਤ ਕਰਕੇ ਥਾਣੇ ਡੱਕ ਦਿੱਤਾ। ਉਨ੍ਹਾਂ ਦੱਸਿਆ ਕਿ ਹਰਿਆਣਾ ਪੁਲੀਸ ਦੀ ਇਸ ਕਾਰਵਾਈ ਖ਼ਿਲਾਫ਼ ਅੱਜ ਕਿਸਾਨਾਂ ਨੇ ਮੂਨਕ-ਟੋਹਾਣਾ ਮਾਰਗ ਜਾਮ ਕਰਕੇ ਹਰਿਆਣਾ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਡੀਐੱਸਪੀ ਬੀਰਮ ਸਿੰਘ ਨੇ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਥਾਣੇ ਬੁਲਾ ਕੇ ਉਨ੍ਹਾਂ ਤੋਂ ਮੁਆਫ਼ੀ ਮੰਗਦਿਆਂ ਅੱਗੇ ਤੋਂ ਅਜਿਹਾ ਨਾ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਡੀਐੱਸਪੀ ਨੇ ਥਾਣੇ ’ਚ ਜ਼ਬਤ ਕਰਕੇ ਰੱਖੀ ਵੈਨ ਬਹਾਲ ਕਰਦਿਆਂ ਕਿਸਾਨਾਂ ਨੂੰ ਸੌਂਪ ਦਿੱਤੀ। ਡੀਐੱਸਪੀ ਦੇ ਭਰੋਸੇ ਮਗਰੋਂ ਕਿਸਾਨ ਜਥੇਬੰਦੀ ਨੇ ਧਰਨਾ ਸਮਾਪਤ ਕਰ ਦਿੱਤਾ। ਇਸ ਧਰਨੇ ’ਚ ਬਹਾਦਰ ਸਿੰਘ ਭੁਟਾਲ ਖੁਰਦ, ਬਲਵਿੰਦਰ ਸਿੰਘ ਮਨਿਆਣਾ, ਹਰਜਿੰਦਰ ਸਿੰਘ ਨੰਗਲਾ, ਬਿੰਦਰ ਸਿੰਘ ਖੋਖਰ, ਰਿੰਕੂ ਮੂਣਕ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਸ਼ਿਵਰਾਜ ਸਿੰਘ ਗੁਰਨੇ ਕਲਾਂ, ਜਸ਼ਨਦੀਪ ਕੌਰ ਪਿਸ਼ੌਰ, ਕਰਮਜੀਤ ਕੌਰ ਭੁਟਾਲ ਕਲਾਂ ਸਮੇਤ ਹੋਰ ਕਿਸਾਨਾਂ ਨੇ ਵੀ ਹਾਜ਼ਰੀ ਲਵਾਈ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ।

Previous articleਏਸੀਪੀ ਮਾਮਲਾ: ਸਿੱਖਿਆ ਵਿਭਾਗ ਲਾਗੂ ਨਹੀਂ ਕਰ ਰਿਹਾ ਵਿੱਤ ਵਿਭਾਗ ਦਾ ਫ਼ੈਸਲਾ
Next articleਬੇਕਾਬੂ ਕਾਰ ਨੇ ਅੱਧੀ ਦਰਜਨ ਸ਼ਰਧਾਲੂ ਦਰੜੇ