ਭਾਜਪਾ ਪ੍ਰਧਾਨ ਜੇਪੀ ਨੱਡਾ ਦਾ ਰਾਹੁਲ ’ਤੇ ਹਮਲਾ

ਨਵੀਂ ਦਿੱਲੀ (ਸਮਾਜਵੀਕਲੀ) :  ਕਾਂਗਰਸੀ ਆਗੂ ਰਾਹੁਲ ਗਾਂਧੀ ’ਤੇ ਨਿਸ਼ਾਨਾ ਸੇਧਦਿਆਂ ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਅੱਜ ਕਿਹਾ ਕਿ ਵਾਇਨਾਡ ਤੋਂ ਸੰਸਦ ਮੈਂਬਰ ਰੱਖਿਆ ਮਾਮਲਿਆਂ ਦੀ ਸੰਸਦ ਦੀ ਸਥਾਈ ਸਮਿਤੀ ਦੀ ‘ਇਕ ਵੀ ਮੀਟਿੰਗ’ ਵਿੱਚ ਸ਼ਾਮਲ ਨਹੀਂ ਹੋਏ ਪਰ ਉਹ ਮੁਲਕ ਦਾ ‘ਮਨੋਬਲ’ ਡੇਗਣ ਅਤੇ ਸੁਰੱਖਿਆ ਬਲਾਂ ਦੀ ਬਹਾਦਰੀ ’ਤੇ ਲਗਾਤਾਰ ਸਵਾਲ ਉਠਾ ਰਹੇ ਹਨ।

ਰਾਹੁਲ ਗਾਂਧੀ ਦੇ ਰੱਖਿਆ ਮਾਮਲਿਆਂ ਦੀ ਸੰਸਦ ਦੀ ਸਥਾਈ ਸਮਿਤੀ ਦੀ ਇਕ ਵੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦੀ ਖ਼ਬਰ ਤੋਂ ਬਾਅਦ ਨੱਡਾ ਦੀ ਇਹ ਪ੍ਰਤੀਕਿਰਿਆ ਸਾਹਮਣੇ ਆਈ ਹੈ। ਭਾਜਪਾ ਦੇ ਇਸ ਹਮਲੇ ’ਤੇ ਕਾਂਗਰਸ ਦੀ ਹਾਲੇ ਤਕ ਕੋਈ ਪ੍ਰਤੀਕਿਰਿਆ ਨਹੀਂ ਆਈ। ਨੱਡਾ ਨੇ ਟਵੀਟ ਕੀਤਾ, ‘ਰਾਹੁਲ ਰੱਖਿਆ ਮਾਮਲਿਆਂ ਦੀ ਸਥਾਈ ਸਮਿਤੀ ਦੀ ਇਕ ਵੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।

ਪਰ ਦੁੱਖ ਦੀ ਗੱਲ ਹੈ ਕਿ ਉਹ ਮੁਲਕ ਦਾ ਮਨੋਬਲ ਡੇਗਣ, ਸੁਰੱਖਿਆ ਬਲਾਂ ਦੀ ਬਹਾਦੁਰੀ ’ਤੇ ਸਵਾਲ ਉਠਾਉਣ ਦੇ ਨਾਲ ਨਾਲ ਉਹ ਸਾਰੇ ਕੰਮ ਕਰ ਰਹੇ ਹਨ ਜਿਹੜੇ ਇਕ ਜ਼ਿੰਮੇਵਾਰ ਵਿਰੋਧੀ ਧੜੇ ਦੇ ਆਗੂ ਨੂੰ ਨਹੀਂ ਕਰਨੇ ਚਾਹੀਦੇ। ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਰਾਹੁਲ ਗਾਂਧੀ ਦਾ ਸਬੰਧ ਉਸ ਵੰਸ਼ ਪਰੰਪਰਾ ਨਾਲ ਹੈ ਜਿਥੇ ਰੱਖਿਆ ਲਈ ਸਮਿਤੀ ਨਹੀਂ ਸਗੋਂ ਕਮਿਸ਼ਨ ਮਾਅਨੇ ਰੱਖਦਾ ਹੈ।

ਕਾਂਗਰਸ ਵਿੱਚ ਕਈ ਅਜਿਹੇ ਯੋਗ ਮੈਂਬਰ ਹਨ, ਜਿਹੜੇ ਸੰਸਦੀ ਮਾਮਲਿਆਂ ਦੀ ਜਾਣਕਾਰੀ ਰੱਖਦੇ ਹਨ ਪਰ ਇਕ ਸ਼ਾਹੀ ਪਰਿਵਾਰ ਯੋਗ ਆਗੂਆਂ ਨੂੰ ਅੱਗੇ ਨਹੀਂ ਵਧਣ ਦੇਵੇਗਾ।

Previous articleਰਾਹੁਲ ਦਾ ਤਨਜ਼: ਕੋਵਿਡ, ਜੀਐਸਟੀ ਅਤੇ ਨੋਟਬੰਦੀ ਦੀ ਅਸਫਲਤਾ ਹੋਵੇਗੀ ਹਾਰਵਰਡ ਦੇ ਅਧਿਐਨ ਦਾ ਵਿਸ਼ਾ
Next article10 Covid-19 patients discharged in Chinese mainland