ਭਾਜਪਾ ਨੇ ਹਿੰਦੂਤਵ ਦਾ ਪੱਤਾ ਖੇਡਦਿਆਂ ਬੁੱਧਵਾਰ ਨੂੰ ਲੋਕ ਸਭਾ ਚੋਣਾਂ ਵਿੱਚ ਮਾਲੇਗਾਓਂ ਬੰਬ ਧਮਾਕੇ ਦੀ ਮੁਲਜ਼ਮ ਸਾਧਵੀ ਪ੍ਰੱਗਿਆ ਠਾਕੁਰ ਨੂੰ ਭੋਪਾਲ ਤੋਂ ਕਾਂਗਰਸ ਦੇ ਉਘੇ ਸਿਆਸਤਦਾਨ ਤੇ ਮੱਧਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਖ਼ਿਲਾਫ਼ ਮੈਦਾਨ ਵਿੱਚ ਉਤਾਰਿਆ ਹੈ। ਪ੍ਰੱਗਿਆ ਜ਼ਮਾਨਤ ’ਤੇ ਹੈ ਅਤੇ ਅਦਾਲਤ ਨੇ ਉਸ ਨੂੰ 2008 ਮਾਮਲੇ ਵਿੱਚ ਮਕੋਕਾ ਤੋਂ ਬਰੀ ਕਰ ਦਿੱਤਾ ਸੀ ਪਰ ਉਸ ’ਤੇ ਹੋਰਨਾਂ ਅਪਰਾਧਕ ਧਾਰਾਵਾਂ ਹੇਠ ਕੇਸ ਚੱਲ ਰਿਹਾ ਹੈ। ਭਾਜਪਾ 48 ਸਾਲਾ ਭਗਵਾ ਕਾਰਕੁਨ ਨੂੰ ਮੈਦਾਨ ਵਿੱਚ ਉਤਾਰ ਕੇ ਕਾਂਗਰਸ ਨੂੰ ਮੋਦੀ ਤੇ ਸ਼ਾਹ ਵਾਂਗ ਘੇਰਨਾ ਚਾਹੁੰਦੀ ਹੈ। ਭਾਜਪਾ ਮੁਖੀ ਅਮਿਤ ਸ਼ਾਹ ਨੇ ਅੱਜ ਉੜੀਸਾ ਵਿੱਚ ਚੋਣ ਰੈਲੀ ਦੌਰਾਨ ਦਿਗਵਿਜੈ ਸਿੰਘ ਨੂੰ ਭਗਵਾ ਦਹਿਸ਼ਤ ਦਾ ਜਨਮਦਾਤਾ ਦੱਸਿਆ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪ੍ਰਗਿਆ ਨੂੰ ਮੈਦਾਨ ਵਿਚ ਉਤਾਰ ਕੇ ਇਸ ਮਾਮਲੇ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਜਾਣ ਦਾ ਫੈਸਲਾ ਕੀਤਾ ਹੈ। ‘ਹਿੰਦੂ ਦਹਿਸ਼ਤ ਅਤੇ ਭਗਵਾ ਦਹਿਸ਼ਤ’ ਦੀ ਗੱਲ ਕਰ ਕੇ ਕਾਂਗਰਸ ਭਾਰਤ ਨੂੰ ਬਦਨਾਮ ਕਰ ਰਹੀ ਹੈ। ਸਮਝੌਤਾ ਐਕਸਪ੍ਰੈਸ ਧਮਾਕੇ ਵਿੱਚ ਸ਼ਾਮਲ ਸਵਾਮੀ ਅਸੀਮਾਨੰਦ ਸਮੇਤ ਹੋਰਨਾਂ ਮੁਲਜ਼ਮਾਂ ਦੇ ਬਰੀ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਾਂਗਰਸ ’ਤੇ ਹਮਲਾ ਬੋਲਦਿਆਂ ਕਿਹਾ ਕਿ ਭੋਪਾਲ ਦੇ ਲੋਕ ਦਿਗਵਿਜੈ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸਜ਼ਾ ਦੇਣਗੇ। ਇਕ ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਕੁਝ ਘੰਟੇ ਪਹਿਲਾਂ ਹੀ ਪਾਰਟੀ ਵਿੱਚ ਸ਼ਾਮਲ ਹੋਈ ਸਾਧਵੀ ਪ੍ਰਗਿਆ ਨੂੰ ਪਾਰਟੀ ਨੇ ਦਿਗਵਿਜੈ ਸਿੰਘ ਖ਼ਿਲਾਫ਼ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਕਾਂਗਰਸ ਦਾ ਸਭ ਤੋਂ ਵੱਧ ਦਿਖਾਈ ਦੇਣ ਵਾਲਾ ‘ਹਿੰਦੂਤਵ ਵਿਰੋਧੀ’ ਚਿਹਰਾ ਹੈ। ਦਿਗਵਿਜੈ ਸਿੰਘ ਆਰ ਐਸ ਐਸ ਦੇ ਵੱਡੇ ਆਲੋਚਕ ਹਨ। ਹੋਰਨਾਂ ਉਮੀਦਵਾਰਾਂ ਵਿੱਚ ਭਾਜਪਾ ਨੇ ਰਾਜ ਬਹਾਦੁਰ ਸਿੰਘ ਅਤੇ ਰਮਾਕਾਂਤ ਭਾਰਗਵ ਨੂੰ ਸਾਗਰ ਅਤੇ ਵਿਦੀਸ਼ਾ ਤੋਂ ਉਮੀਦਵਾਰ ਬਣਾਇਆ ਹੈ। ਸਾਧਵੀ ਪ੍ਰਗਿਆ ਨੂੰ ਉਮੀਦਵਾਰ ਬਣਾਏ ਜਾਣ ਦਾ ਕਈ ਭਾਜਪਾ ਆਗੂਆਂ ਨੇ ਸਵਾਗਤ ਕੀਤਾ ਹੈ। ਮੀਤ ਪ੍ਰਧਾਨ ਵਿਜੈ ਸਹਸਤਰਬੁੱਧੇ ਨੇ ਕਿਹਾ ਕਿ ਉਹ ਔਰਤ ਦੇ ਜੰਗੀ ਹੌਸਲੇ ਦਾ ਪ੍ਰਤੀਕ ਹੈ। ਸੁਬਰਾਮਨੀਅਨ ਸਵਾਮੀ ਨੇ ਕਿਹਾ ਕਿ ਪ੍ਰਗਿਆ ਨੇ ਬਹੁਤ ਦੁੱਖ ਝੱਲਿਆ ਹੈ ਤੇ ਉਹ ਕਾਂਗਰਸ ਏਜੰਡੇ ਦੀ ਪੀੜਤ ਹੈ। ਉਨ੍ਹਾਂ ਕਿਹਾ ਕਿ ਪ੍ਰਗਿਆ ਖਿਲਾਫ਼ ਲੱਗੇ ਦੋਸ਼ ਅੰਤਿਮ ਪੜਾਅ ’ਤੇ ਹਨ ਤੇ ਉਹ ਵੀ ਖਾਰਜ ਹੋ ਜਾਣਗੇ।
HOME ਭਾਜਪਾ ਨੇ ਸਾਧਵੀ ਪ੍ਰੱਗਿਆ ਨੂੰ ਦਿਗਵਿਜੈ ਦੇ ਮੁਕਾਬਲੇ ਮੈਦਾਨ ’ਚ ਉਤਾਰਿਆ