ਸੰਤੋਸ਼ ਟਰਾਫ਼ੀ: ਕਰਨਾਟਕ ਨੂੰ ਹਰਾ ਕੇ ਪੰਜਾਬ ਸੈਮੀ-ਫਾਈਨਲ ’ਚ

ਲੁਧਿਆਣਾ- ਇੱਥੇ ਗੁਰੂ ਨਾਨਕ ਸਟੇਡੀਅਮ ਵਿੱਚ ਚੱਲ ਰਹੇ ਸੰਤੋਸ਼ ਟਰਾਫ਼ੀ ਫੁਟਬਾਲ ਟੂਰਨਾਮੈਂਟ ਦੇ ਪੂਲ ‘ਬੀ’ ਦੇ ‘ਕਰੋ ਜਾਂ ਮਰੋ’ ਮੁਕਾਬਲੇ ਵਿੱਚ ਪੰਜਾਬ ਨੇ ਕਰਨਾਟਕਾ ਨੂੰ 4-3 ਗੋਲਾਂ ਨਾਲ ਹਰਾ ਦਿੱਤਾ। ਦੋਵਾਂ ਟੀਮਾਂ ਨੇ ਆਪਣੇ ਪੂਲ ਵਿੱਚ ਕ੍ਰਮਵਾਰ ਪਹਿਲੇ ਤੇ ਦੂਜੇ ਥਾਂ ’ਤੇ ਰਹਿੰਦਿਆਂ ਸੈਮੀ-ਫਾਈਨਲ ਵਿੱਚ ਥਾਂ ਬਣਾਈ। ਫਾਈਨਲ ਵਿੱਚ ਪਹੁੰਚਣ ਪੰਜਾਬ ਤੇ ਕਰਨਾਟਕ ਦੀਆਂ ਟੀਮਾਂ ਕ੍ਰਮਵਾਰ ਗੋਆ ਅਤੇ ਸਰਵਿਸਿਜ਼ ਨਾਲ ਸ਼ੁੱਕਰਵਾਰ ਨੂੰ ਭਿੜਨਗੀਆਂ। ਇਸ ਜਿੱਤ ਨਾਲ ਪੰਜਾਬ ਦੇ ਚਾਰ ਮੈਚਾਂ ਵਿੱਚ ਤਿੰਨ ਜਿੱਤਾਂ ਅਤੇ ਇੱਕ ਹਾਰ ਨਾਲ ਕੁੱਲ ਨੌਂ ਅੰਕ ਹੋ ਗਏ ਹਨ। ਪੂਲ ‘ਬੀ’ ਦੇ ਇੱਕ ਹੋਰ ਮੈਚ ਵਿੱਚ ਮਹਾਰਾਸ਼ਟਰ ਨੇ ਸਿੱਕਿਮ ਨੂੰ 5-0 ਗੋਲਾਂ ਨਾਲ ਹਰਾਇਆ, ਪਰ ਦੋਵਾਂ ਟੀਮਾਂ ਦਾ ਸਫ਼ਰ ਗਰੁੱਪ ਗੇੜ ਵਿੱਚ ਹੀ ਖ਼ਤਮ ਹੋ ਗਿਆ। ਸਰਵਿਸਿਜ਼ ਅਤੇ ਗੋਆ ਦੀਆਂ ਟੀਮਾਂ ਪੂਲ ‘ਏ’ ਰਾਹੀਂ ਪਹਿਲਾਂ ਹੀ ਸੈਮੀ-ਫਾਈਨਲ ’ਚ ਪਹੁੰਚ ਚੁੱਕੀਆਂ ਹਨ। ਪੂਲ ‘ਬੀ’ ਦੇ ਮੈਚ ਵਿੱਚ ਪੰਜਾਬ ਅਤੇ ਕਰਨਾਟਕ ਦੀਆਂ ਟੀਮਾਂ ਵਿਚਕਾਰ ਕਾਂਟੇ ਦੀ ਟੱਕਰ ਰਹੀ। ਦੋਵਾਂ ਟੀਮਾਂ ਨੇ ਜਿੱਤ ਲਈ ਉਪਰੋ-ਥਲੀ ਕਈ ਹਮਲੇ ਕੀਤੇ ਅਤੇ ਅਖ਼ੀਰ ਪੰਜਾਬ ਦੀ ਟੀਮ 4-3 ਗੋਲਾਂ ਨਾਲ ਜੇਤੂ ਰਹੀ। ਪੰਜਾਬ ਦੀ ਜਿੱਤ ’ਚ ਵਿਕਰਾਂਤ ਨੇ ਦੋ, ਜਦਕਿ ਸੁਖਪ੍ਰੀਤ ਸਿੰਘ, ਅਮਨਦੀਪ ਸਿੰਘ ਅਤੇ ਨਵਜੋਤ ਸਿੰਘ ਨੇ ਇੱਕ-ਇੱਕ ਗੋਲ ਦਾ ਯੋਗਦਾਨ ਪਾਇਆ। ਕਰਨਾਟਕ ਵੱਲੋਂ ਜੋਹਨ ਪੀਟਰ, ਐਮ ਨਿਖਿਲ ਰਾਜ ਅਤੇ ਮਾਗੇਸ਼ ਸੇਲਵਾ ਨੇ ਇੱਕ-ਇੱਕ ਗੋਲ ਦਾਗ਼ਿਆ। ਹਾਰ ਦੇ ਬਾਵਜੂਦ ਅੰਕਾਂ ਦੇ ਆਧਾਰ ’ਤੇ ਕਰਨਾਟਕ ਨੂੰ ਸੈਮੀ-ਫਾਈਨਲ ਵਿੱਚ ਪਹੁੰਚਣ ਦਾ ਮੌਕਾ ਮਿਲਿਆ ਹੈ। ਇਸ ਤੋਂ ਪਹਿਲਾਂ ਸਵੇਰੇ ਖੇਡੇ ਗਏ ਮੈਚ ਵਿੱਚ ਮਹਾਰਾਸ਼ਟਰ ਦੀ ਟੀਮ ਨੇ ਪੰਜ ਗੋਲ ਕੀਤੇ, ਜਦਕਿ ਸਿੱਕਿਮ ਗੋਲ ਦਾ ਖ਼ਾਤਾ ਨਹੀਂ ਖੋਲ੍ਹ ਸਕਿਆ। ਮਹਾਰਾਸ਼ਟਰ ਵੱਲੋਂ ਅਮਨ ਗਾਇਕਵਾੜ (15ਵੇਂ ਮਿੰਟ), ਵਿਨੋਦ ਕੁਮਾਰ (26ਵੇਂ), ਲੈਂਡਰ ਧਰਮਾਈ (45ਵੇਂ) ਨੇ ਇੱਕ-ਇੱਕ ਗੋਲ ਕੀਤਾ, ਜਦਕਿ ਆਰਿਫ਼ ਸ਼ੇਖ਼ (52ਵੇਂ ਅਤੇ 54ਵੇਂ ਮਿੰਟ) ਨੇ ਲਗਾਤਾਰ ਦੋ ਗੋਲ ਦਾਗ਼ੇ। ਮੈਚ ਦੇ ਪਹਿਲੇ ਅੱਧ ਤੱਕ ਮਹਾਰਾਸ਼ਟਰ ਨੇ 3-0 ਦੀ ਲੀਡ ਬਣਾ ਲਈ ਸੀ, ਜੋ ਦੂਜੇ ਅੱਧ ’ਚ ਪਹੁੰਚ ਕੇ 5-0 ਗੋਲ ਹੋ ਗਈ। ਇਸ ਜਿੱਤ ਦੇ ਬਾਵਜੂਦ ਮਹਾਰਾਸ਼ਟਰ ਦੀ ਟੀਮ ਸੈਮੀਫਾਈਨਲ ’ਚ ਨਹੀਂ ਪਹੁੰਚ ਸਕੀ। ਪੂਲ ‘ਬੀ’ ਦੀ ਅੰਕ ਸੂਚੀ ਵਿੱਚ ਪੰਜਾਬ ਦੀ ਟੀਮ ਨੌਂ ਅੰਕਾਂ ਨਾਲ ਪਹਿਲੇ ਅਤੇ ਕਰਨਾਟਕ (7 ਅੰਕਾਂ) ਦੂਜੇ ਸਥਾਨ ’ਤੇ ਹੈ, ਜਦੋਂਕਿ ਮਹਾਰਾਸ਼ਟਰ (ਸੱਤ ਅੰਕ) ਤੇ ਅਸਾਮ (ਛੇ ਅੰਕ) ਕ੍ਰਮਵਾਰ ਤੀਜੇ ਤੇ ਚੌਥੇ ਸਥਾਨ ’ਤੇ ਹਨ। ਸਿੱਕਿਮ ਟੂਰਨਾਮੈਂਟ ਵਿੱਚ ਕੋਈ ਜਿੱਤ ਹਾਸਲ ਨਹੀਂ ਕਰ ਸਕੀ ਅਤੇ ਉਹ ਆਪਣੇ ਪੂਲ ਵਿੱਚ ਸਭ ਤੋਂ ਹੇਠਾਂ ਪੰਜਵੇਂ ਸਥਾਨ ’ਤੇ ਰਹੀ। ਸੈਮੀ-ਫਾਈਨਲ ਮੈਚ ਸ਼ੁੱਕਰਵਾਰ ਨੂੰ ਗੁਰੂ ਨਾਨਕ ਦੇਵ ਸਟੇਡੀਅਮ ਵਿੱਚ ਖੇਡੇ ਜਾਣਗੇ। ਪੰਜਾਬ ਦੀ ਟੀਮ ਗੋਆ ਨਾਲ ਅਤੇ ਕਰਨਾਟਕ ਸਰਵਿਸਿਜ਼ ਨਾਲ ਭਿੜੇਗੀ। ਫਾਈਨਲ ਮੁਕਾਬਲੇ ਐਤਵਾਰ ਨੂੰ ਹੋਣਗੇ।

Previous articleਰਾਹੁਲ ਮੈਨੂੰ ਚੋਰ ਆਖ ਕੇ ਸਾਰੇ ਭਾਈਚਾਰੇ ਦੇ ਅਕਸ ਨੂੰ ਢਾਹ ਲਾ ਰਿਹੈ: ਮੋਦੀ
Next articleਭਾਜਪਾ ਨੇ ਸਾਧਵੀ ਪ੍ਰੱਗਿਆ ਨੂੰ ਦਿਗਵਿਜੈ ਦੇ ਮੁਕਾਬਲੇ ਮੈਦਾਨ ’ਚ ਉਤਾਰਿਆ