ਨਵੀਂ ਦਿੱਲੀ (ਸਮਾਜ ਵੀਕਲੀ) : ਪੁਲੀਸ ਨੇ ਅੱਜ ਭਾਜਪਾ ਨੇਤਾਵਾਂ ਕਪਿਲ ਮਿਸ਼ਰਾ ਅਤੇ ਤੇਜਿੰਦਰ ਬੱਗਾ ਨੂੰ ਹਿਰਾਸਤ ’ਚ ਲੈਂਦਿਆਂ ਉਨ੍ਹਾਂ ਵੱਲੋਂ ਰਾਜਘਾਟ ’ਤੇ ਪੱਤਰਕਾਰ ਅਰਨਬ ਗੋਸਵਾਮੀ ਦੇ ਹੱਕ ’ਚ ਮੁਜ਼ਾਹਰਾ ਕਰਨ ਦੀ ਕੋਸ਼ਿਸ਼ ਨੂੰ ਅਸਫਲ ਬਣਾ ਦਿੱਤਾ। ਜ਼ਿਕਰਯੋਗ ਹੈ ਕਿ ਰਿਪਬਲਿਕ ਟੀਵੀ ਦਾ ਮੁੱਖ ਸੰਪਾਦਕ ਅਰਨਬ ਗੋਸਵਾਮੀ ਸਾਲ 2018 ਵਿੱਚ ਇੱਕ ਇੰਟੀਰੀਅਰ ਡਿਜ਼ਾਈਨਰ ਨੂੰ ਖ਼ੁਦਕੁਸ਼ੀ ਲਈ ਉਕਸਾਊਣ ਸਬੰਧੀ ਮਾਮਲੇ ਤਹਿਤ 18 ਨਵੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਹੈ।
ਅੱਜ ਸਵੇਰੇ ਦੋਵੇਂ ਨੇਤਾਵਾਂ ਵੱਲੋਂ ਰਾਜਘਾਟ ’ਤੇ ਮਹਾਤਮਾ ਗਾਂਧੀ ਦੀ ਸਮਾਧੀ ਨੇੜੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਨ੍ਹਾਂ ਨੂੰ ਹਿਰਾਸਤ ’ਚ ਲੈ ਕੇ ਰਜਿੰਦਰ ਨਗਰ ਥਾਣੇ ਲਿਜਾਇਆ ਗਿਆ। ਮਿਸ਼ਰਾ, ਜੋ ਦਿੱਲੀ ਸਰਕਾਰ ’ਚ ਮੰਤਰੀ ਰਹੇ ਹਨ, ਨੇ ਮਹਾਰਾਸ਼ਟਰ ਵਿੱਚ ਪੁਲੀਸ ਵੱਲੋਂ ਅਰਨਬ ਗੋਸਵਾਮੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਖ਼ਿਲਾਫ਼ ਗੋਸਵਾਮੀ ਦੇ ਹੱਕ ’ਚ ਧਰਨੇ ਦੀ ਯੋਜਨਾ ਬਣਾਈ ਗਈ ਸੀ। ਉਨ੍ਹਾਂ ਕਿਹਾ, ‘ਇਹ ਪਹਿਲਾ ਦੇਸ਼ ਹੈ ਜਿੱਥੇ ਨਾ ਸਿਰਫ ਇੱਕ ਪੱਤਰਕਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਬਲਕਿ ਸਿਰਫ ਸਰਕਾਰ ਨੂੰ ਸਵਾਲ ਪੁੱਛਣ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ। ਅਸੀਂ ਮਹਾਰਾਸ਼ਟਰ ਸਰਕਾਰ ਵੱਲੋਂ ਅਰਨਬ ਗੋਸਵਾਮੀ ਖ਼ਿਲਾਫ਼ ਕੀਤੀ ਗਈ ਕਾਰਵਾਈ ਦੇ ਵਿਰੁੱਧ ਹਾਂ।’
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਿਸ਼ਰਾ ਸਣੇ 23 ਲੋਕਾਂ ਨੂੰ ਰਾਜਘਾਟ ’ਤੇ ਅੱਜ ਸਵੇਰੇ 10:30 ਵਜੇ ਹੁਕਮਾਂ ਦੀ ਉਲੰਘਣਾ ਅਤੇ ਮੁਜ਼ਾਹਰਾ ਕਰਨ ਦੀ ਕੋਸ਼ਿਸ਼ ਦੌਰਾਨ ਹਿਰਾਸਤ ’ਚ ਲਿਆ। ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ।