ਭਾਜਪਾ ਦੀ ਜਿੱਤ ਨਾਲ ਸ਼ਾਂਤੀ ਵਾਰਤਾ ਦੀ ਸੰਭਾਵਨਾ ਵੱਧ: ਇਮਰਾਨ

ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਦਾ ਮੰਨਣਾ ਹੈ ਕਿ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਟੀ ਦੇ ਜਿੱਤਣ ਮਗਰੋਂ ਭਾਰਤ ਨਾਲ ਸ਼ਾਂਤੀ ਵਾਰਤਾ ਅਤੇ ਕਸ਼ਮੀਰ ਮੁੱਦਾ ਹੱਲ ਹੋਣ ਦੀਆਂ ਸੰਭਾਵਨਾਵਾਂ ਵੱਧ ਹੋਣਗੀਆਂ। ਵਿਦੇਸ਼ੀ ਪੱਤਰਕਾਰਾਂ ਨੂੰ ਦਿੱਤੇ ਇੰਟਰਵਿਊ ’ਚ ਇਮਰਾਨ ਖ਼ਾਨ ਨੇ ਕਿਹਾ,‘‘ਜੇਕਰ ਭਾਜਪਾ ਜਿੱਤੀ ਤਾਂ ਕਸ਼ਮੀਰ ’ਤੇ ਕਿਸੇ ਤਰ੍ਹਾਂ ਦਾ ਸਮਝੌਤਾ ਹੋ ਸਕਦਾ ਹੈ।’’ ਉਨ੍ਹਾਂ ਕਿਹਾ ਕਿ ਹੋਰ ਪਾਰਟੀਆਂ ਨੂੰ ਕਸ਼ਮੀਰ ਮੁੱਦੇ ’ਤੇ ਸਮਝੌਤਾ ਕਰਨ ਦੇ ਮਾਮਲੇ ’ਚ ਸੱਜੇ ਪੱਖੀ ਧਿਰਾਂ ਦੇ ਪ੍ਰਤੀਕਰਮ ਦਾ ਖ਼ੌਫ਼ ਰਹੇਗਾ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਵਿਚਕਾਰ ਕਸ਼ਮੀਰ ਇਕ ਮੁੱਖ ਮੁੱਦਾ ਹੈ। ਇਮਰਾਨ ਨੇ ਕਿਹਾ ਕਿ ਪਾਕਿਸਤਾਨ ਜੈਸ਼ ਸਮੇਤ ਸਾਰੀਆਂ ਅਤਿਵਾਦੀ ਜਥੇਬੰਦੀਆਂ ਖ਼ਿਲਾਫ਼ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ,‘‘ਅਸੀਂ ਅਜਿਹੀਆਂ ਜਥੇਬੰਦੀਆਂ ਦੇ ਮਦਰਸਿਆਂ ਨੂੰ ਆਪਣੇ ਕੰਟਰੋਲ ’ਚ ਲੈ ਲਿਆ ਹੈ। ਦਹਿਸ਼ਤੀ ਜਥੇਬੰਦੀਆਂ ਨੂੰ ਨਿਹੱਥਾ ਕਰਨ ਲਈ ਸੰਜੀਦਾ ਕਦਮ ਉਠਾਏ ਜਾ ਰਹੇ ਹਨ।’’ ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਆਲਮੀ ਭਾਈਚਾਰੇ ਨੇ ਕਾਰਵਾਈ ਕਰਨ ਲਈ ਪਾਕਿਸਤਾਨ ਨੂੰ ਮਜਬੂਰ ਕੀਤਾ ਹੈ।

Previous articleਸੇਮ ਨਾਲੇ ’ਚ ਅਣਸੋਧਿਆ ਪਾਣੀ ਪਾਉਣ ਵਾਲੀਆਂ 40 ਪੰਚਾਇਤਾਂ ਨੂੰ ਨੋਟਿਸ
Next articleਕੌਮੀ ਸਕੂਲ ਚੈਂਪੀਅਨਸ਼ਿਪ: ਪੰਜਾਬ ਦੀਆਂ ਟੀਮਾਂ ਹਾਕੀ ਦੇ ਕੁਆਰਟਰ ਫਾਈਨਲ ’ਚ