ਸ੍ਰੀਨਗਰ ਨੇੜੇ ਮੁਕਾਬਲੇ ’ਚ ਤਿੰਨ ਅਤਿਵਾਦੀ ਹਲਾਕ

ਸ੍ਰੀਨਗਰ ਦੇ ਬਾਹਰਵਾਰ ਸਲਾਮਤੀ ਦਸਤਿਆਂ ਤੇ ਦਹਿਸ਼ਤਗਰਦਾਂ ਵਿਚਾਲੇ 18 ਘੰਟੇ ਤਕ ਚੱਲੇ ਮੁਕਾਬਲੇ ਵਿੱਚ ਤਿੰਨ ਦਹਿਸ਼ਤਗਰਦ ਮਾਰੇ ਗਏ ਜਦੋਂਕਿ ਫ਼ੌਜ ਦਾ ਇਕ ਜਵਾਨ ਤੇ ਤਿੰਨ ਆਮ ਨਾਗਰਿਕ ਜ਼ਖ਼ਮੀ ਹੋ ਗਏ। ਮਾਰੇ ਗਏ ਦਹਿਸ਼ਤਗਰਦਾਂ ਵਿੱਚ ਲਸ਼ਕਰ-ਏ-ਤੋਇਬਾ ਦਾ ਇਕ ਪਾਕਿਸਤਾਨੀ ਕਮਾਂਡਰ ਵੀ ਸ਼ਾਮਲ ਹੈ ਜਿਸ ਦੀ ਪਛਾਣ ਨਹੀਂ ਹੋ ਸਕੀ, ਜਦੋਂ ਕਿ ਦੋ ਮੁਕਾਮੀ ਦਹਿਸ਼ਤਗਰਦਾਂ ਦੀ ਪਛਾਣ ਮੁਦੱਸਰ ਪੈਰੇ ਤੇ ਸਾਕਿਬ ਸ਼ੇਖ ਵਜੋਂ ਹੋਈ ਹੈ। ਮੁਕਾਬਲਾ ਸ਼ਨਿਚਰਵਾਰ ਸ਼ਾਮ ਨੂੰ ਪੰਜ ਵਜੇ ਦੇ ਕਰੀਬ ਸ਼ੁਰੂ ਹੋਇਆ ਸੀ। ਪੁਲੀਸ ਦੇ ਤਰਜਮਾਨ ਨੇ ਦੱਸਿਆ ਕਿ ਪੁਲੀਸ ਤੇ ਸਲਾਮਤੀ ਦਸਤਿਆਂ ਵੱਲੋਂ ਸ਼ਨਿਚਰਵਾਰ ਸ਼ਾਮ ਨੂੰ ਸ੍ਰੀਨਗਰ ਤੋਂ 15 ਕਿਲੋਮੀਟਰ ੂਰ ਬਾਂਦੀਪੋਰਾ ਰੋਡ ’ਤੇ ਮੁਜਗੁੰਡ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਇਕ ਘਰ ਵਿੱਚ ਲੁਕੇ ਦਹਿਸ਼ਤਗਰਦਾਂ ਨੇ ਸਰਚ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਜਵਾਬ ਵਿੱਚ ਸਲਾਮਤੀ ਦਸਤਿਆਂ ਨੇ ਵੀ ਗੋਲੀਆਂ ਚਲਾਈਆਂ। ਤਰਜਮਾਨ ਨੇ ਕਿਹਾ ਕਿ ਦੁਵੱਲੀ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਏ ਫ਼ੌਜੀ ਜਵਾਨ ਨੂੰ ਇਲਾਜ ਲਈ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਤਰਜਮਾਨ ਮੁਤਾਬਕ ਅੱਜ ਸਵੇਰੇ ਮੁਕਾਬਲਾ ਖ਼ਤਮ ਹੋਣ ਮਗਰੋਂ ਮੌਕੇ ਤੋਂ ਤਿੰਨ ਦਹਿਸ਼ਤਗਰਦਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਤਰਜਮਾਨ ਨੇ ਕਿਹਾ ਕਿ ਦਹਿਸ਼ਤਗਰਦਾਂ ਦੀ ਸ਼ਨਾਖ਼ਤ ਤੇ ਉਹ ਕਿਹੜੀ ਜਥੇਬੰਦੀ ਨਾਲ ਸਬੰਧਤ ਹਨ, ਬਾਰੇ ਹਾਲ ਦੀ ਘੜੀ ਕੋਈ ਜਾਣਕਾਰੀ ਨਹੀਂ ਹੈ, ਪਰ ਮੁਕਾਬਲੇ ਵਾਲੀ ਥਾਂ ਤੋਂ ਮਿਲੇ ਹਥਿਆਰਾਂ ਤੇ ਗੋਲੀ-ਸਿੱਕੇ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸ ਦੌਰਾਨ ਦਹਿਸ਼ਤਗਰਦਾਂ ਵੱਲੋਂ ਵਾਰ ਵਾਰ ਆਪਣਾ ਟਿਕਾਣਾ ਬਦਲੇ ਜਾਣ ਕਰਕੇ ਗੋਲੀਬਾਰੀ ਦੌਰਾਨ ਦੋ ਰਿਹਾਇਸ਼ੀ ਘਰਾਂ ਨੂੰ ਵੀ ਨੁਕਸਾਨ ਪੁੱਜਾ। ਉਧਰ ਮੁਕਾਬਲੇ ਦੌਰਾਨ ਖੇਤਰ ਵਿੱਚ ਨੌਜਵਾਨਾਂ ਦੇ ਇਕ ਸਮੂਹ ਤੇ ਸਲਾਮਤੀ ਦਸਤਿਆਂ ਵਿਚਾਲੇ ਝੜੱਪ ਵੀ ਹੋਈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਹਤਿਆਤ ਵਜੋਂ ਸ਼ਹਿਰ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ਠੱਪ ਕਰਨੀਆਂ ਪਈਆਂ।

Previous articleThose in power should take positive steps on Ram temple: RSS
Next articleKannaur airport opens: Political parties rush to claim credit