ਭਾਈ ਨਿਰਮਲ ਸਿੰਘ ਦਾ ਸਸਕਾਰ ਰੋਕਣ ਦਾ ਮਾਮਲਾ ਭਖਿਆ

ਅੰਮ੍ਰਿਤਸਰ (ਸਮਾਜਵੀਕਲੀ) -ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਦਾ ਵੇਰਕਾ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਕਰਨ ਤੋਂ ਰੋਕਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਸਬੰਧ ਵਿਚ ਅੰਮ੍ਰਿਤਸਰ ਪੁਲੀਸ ਨੂੰ ਸ਼ਿਕਾਇਤ ਭੇਜ ਕੇ ਸਸਕਾਰ ਕਰਨ ਤੋਂ ਰੋਕਣ ਵਾਲਿਆਂ ਖਿਲਾਫ ਕੇਸ ਦਰਜ ਕਰਨ ਅਤੇ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਇਹ ਸ਼ਿਕਾਇਤ ਨਵਾਂਸ਼ਹਿਰ ਵਾਸੀ ਪਰਵਿੰਦਰ ਸਿੰਘ ਕਿੱਤਣਾ, ਡਾ. ਅਮਰਜੀਤ ਸਿੰਘ ਮਾਨ ਸੰਗਰੂਰ, ਕੁਲਦੀਪ ਸਿੰਘ ਖਹਿਰਾ ਲੁਧਿਆਣਾ ਵੱਲੋਂ ਕੀਤੀ ਗਈ ਹੈ। ਸ਼ਿਕਾਇਤ ਦੀ ਕਾਪੀ ਪੁਲੀਸ ਕਮਿਸ਼ਨਰ ਨੂੰ ਈ-ਮੇਲ ਰਾਹੀਂ ਅਤੇ ਥਾਣਾ ਵੇਰਕਾ ਦੇ ਐਸਐਚਓ ਨੂੰ ਵਟਸਐਪ ਰਾਹੀਂ ਭੇਜੀ ਗਈ ਹੈ। ਸ਼ਿਕਾਇਤਕਰਤਾ ਨੇ ਲਿਖਿਆ ਹੈ ਕਿ ਸਸਕਾਰ ਕਰਨ ਤੋਂ ਰੋਕਣ ਵਾਲਿਆਂ ਨੇ ਨਾ ਸਿਰਫ ਕਰਫਿਊ ਨਿਯਮਾਂ ਦੀ ਉਲੰਘਣਾ ਕੀਤੀ ਹੈ ਸਗੋਂ ਡਿਊਟੀ ਕਰ ਰਹੇ ਪ੍ਰਸ਼ਾਸਨਿਕ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਕੰਮ ਵਿਚ ਵਿਘਨ ਵੀ ਪਾਇਆ ਹੈ।

ਉਨ੍ਹਾਂ ਦੋਸ਼ ਲਾਇਆ ਕਿ ਸਸਕਾਰ ਉਪਰੰਤ ਬਿਮਾਰੀ ਫੈਲਣ ਦੀ ਅਫਵਾਹ ਵੀ ਫੈਲਾਈ ਗਈ। ਸ੍ਰੀ ਕਿੱਤਣਾ ਨੇ ਮੰਗ ਕੀਤੀ ਕਿ ਇਸ ਸਬੰਧੀ ਇਲਾਕੇ ਦੇ ਕੌਂਸਲਰ, ਸ਼ਮਸ਼ਾਨਘਾਟ ਕਮੇਟੀ ਦੇ ਮੈਂਬਰ ਤੇ ਹੋਰ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਰੋਲ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਉਹ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਲੈ ਕੇ ਜਾਣਗੇ।

 

ਪ੍ਰਸ਼ਾਸਨ ਨੇ ਅਗਾਊਂ ਜਾਣਕਾਰੀ ਨਹੀਂ ਦਿੱਤੀ: ਵੇਰਕਾ

ਕਾਂਗਰਸੀ ਆਗੂ ਹਰਪਾਲ ਸਿੰਘ ਵੇਰਕਾ ਨੇ ਅੱਜ ਮੀਡੀਆ ਨੂੰ ਸਪੱਸ਼ਟ ਕਰਦਿਆਂ ਆਖਿਆ ਕਿ ਲੋਕ ਕਰੋਨਾ ਤੋਂ ਡਰੇ ਹੋਏ ਹਨ। ਜਦੋਂ ਲੋਕਾਂ ਨੂੰ ਇਥੇ ਸਸਕਾਰ ਕੀਤੇ ਜਾਣ ਦੀ ਭਿਣਕ ਲੱਗੀ ਤਾਂ ਉਹ ਵਿਰੋਧ ਵਿਚ ਇਕੱਠੇ ਹੋ ਗਏ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਇਸ ਸਬੰਧੀ ਕੋਈ ਅਗਾਊਂ ਜਾਣਕਾਰੀ ਨਹੀਂ ਦਿੱਤੀ। ਪੁਲੀਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਆਖਿਆ ਕਿ ਉਨ੍ਹਾਂ ਨੂੰ ਅਜਿਹੀ ਸ਼ਿਕਾਇਤ ਸਬੰਧੀ ਕੋਈ ਜਾਣਕਾਰੀ ਨਹੀਂ ਹੈ।

 

ਭਾਈ ਨਿਰਮਲ ਸਿੰਘ ਦੇ ਸਸਕਾਰ ਲਈ ਵਰਤੀ ਥਾਂ ਯਾਦਗਾਰ ਉਸਾਰਨ ਲਈ ਦੇਣ ਦਾ ਫੈਸਲਾ

ਵੇਰਕਾ ਦੀ ਪੰਚਾਇਤ ਨੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਦੇ ਸਸਕਾਰ ਲਈ ਵਰਤੀ ਲਗਪਗ 10 ਕਨਾਲ ਜ਼ਮੀਨ ਉਨ੍ਹਾਂ ਦੀ ਯਾਦ ਵਿਚ ਸੰਗੀਤ ਅਕਾਦਮੀ ਜਾਂ ਕੋਈ ਹੋਰ ਯਾਦਗਾਰ ਬਣਾਉਣ ਲਈ ਦੇਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਪੰਚਾਇਤ ਵਲੋਂ ਇਕ ਮਤਾ ਵੀ ਪਾਸ ਕੀਤਾ ਗਿਆ ਹੈ ਜਿਸ ਉਪਰ ਪੰਚਾਇਤ ਮੁਖੀ ਬਲਦੇਵ ਸਿੰਘ, ਖਜ਼ਾਨਚੀ ਬਲਕਾਰ ਸਿੰਘ, ਸਕੱਤਰ ਤੇ ਮੈਂਬਰਾਂ ਦੇ ਦਸਤਖਤ ਵੀ ਹਨ। ਬੀਤੀ ਰਾਤ ਪਾਸ ਕੀਤੇ ਗਏ ਮਤੇ ਵਿਚ ਆਖਿਆ ਗਿਆ ਹੈ ਕਿ ਸਸਕਾਰ ਵਾਲੀ ਸਾਂਝੀ ਜਗਾ ਦਾ ਰਕਬਾ ਲਗਪਗ 9 ਕਨਾਲ ਦੋ ਮਰਲੇ ਹੈ। ਮੁਸ਼ਤਰਕਾ ਮਾਲਕਾਂ ਨੇ ਸਰਬਸੰਮਤੀ ਨਾਲ ਇਹ ਸਾਂਝੀ ਥਾਂ ਉਨ੍ਹਾਂ ਦੀ ਯਾਦਗਾਰ ਬਣਾਉਣ ਜਾਂ ਸੰਗੀਤ ਅਕਾਦਮੀ ਬਣਾਉਣ ਲਈ ਦੇਣ ਦਾ ਫੈਸਲਾ ਕੀਤਾ ਹੈ।

Previous articleਸੰਗਰਾਹੂਰ, ਮੁਮਾਰਾ, ਹੁਸੈਨਸ਼ਾਹ ਵਾਲਾ ਤੇ ਭੁੱਚੋ ਮੰਡੀ ਸੀਲ
Next articleਭਾਰਤ ਸਣੇ ਸਾਰੀ ਦੁਨੀਆ ਦੇ ਦੇਸ਼ ਜਾਪਾਨ ਤੋਂ ਸਬਕ ਸਿਖਣ