ਭਗਵੰਤ ਮਾਨ ਮੇਰੇ ਅਸਤੀਫ਼ੇ ਬਾਰੇ ਸਪੀਕਰ ਤੋਂ ਪੁੱਛਣ : ਖਹਿਰਾ

ਸੰਗਰੂਰ : ਭਗਵੰਤ ਮਾਨ ਮੇਰੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ ਪਰ ਮੈਂ ਉਨ੍ਹਾਂ ਨੂੰ ਸਲਾਹ ਦਿੰਦਾ ਹਾਂ ਕਿ ਉਨ੍ਹਾਂ ਨੂੰ ਇਸ ਬਾਰੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਗੱਲ ਕਰਨੀ ਚਾਹੀਦੀ ਹੈ। ਮੈਂ ਅਸਤੀਫ਼ਾ ਦੇ ਦਿੱਤਾ ਹੈ। ਉਹ ਮਨਜ਼ੂਰ ਕਰਨਾ ਜਾਂ ਨਾ ਕਰਨਾ ਸਪੀਕਰ ਦਾ ਕੰਮ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੀਡੀਏ ਦੇ ਮੁਖੀ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ 6 ਪਾਰਟੀਆਂ ਦਾ ਗੱਠਜੋੜ ਪੰਜਾਬ ‘ਚ ਹੋ ਰਹੀਆਂ ਜ਼ਿਮਨੀ ਚੋਣਾਂ ‘ਚ ਭਾਗ ਲਵੇਗਾ। ਇਸ ਸਬੰਧੀ ਇਕ ਮੀਟਿੰਗ ਹੋ ਚੁੱਕੀ ਹੈ ਤੇ ਅਗਲੀ ਮੀਟਿੰਗ ਆਉਣ ਵਾਲੇ ਦਿਨਾਂ ‘ਚ ਕੀਤੀ ਜਾਵੇਗੀ। ਜਦ ਉਨ੍ਹਾਂ ਤੋਂ ਜ਼ਿਮਨੀ ਚੋਣਾਂ ‘ਚ ‘ਆਪ’ ਨਾਲ ਸਮਝੌਤੇ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ,”ਕੇਜਰੀਵਾਲ ਦੀ ਪਾਰਟੀ ਹੁਣ ਰਹਿ ਹੀ ਕਿੱਥੇ ਗਈ ਹੈ?
ਉਨ੍ਹਾਂ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਸਬੰਧੀ ਪੁੱਛੇ ਸਵਾਲ ਦੇ ਜਵਾਬ ‘ਚ ਕਿਹਾ,”ਹੋ ਸਕਦੈ ਉਨ੍ਹਾਂ ਗੁਰਦਾਸਪੁਰ ਦੇ ਡੀਸੀ ਨੂੰ ਗਰਮਜੋਸ਼ੀ ‘ਚ ਕੁਝ ਕਹਿ ਦਿੱਤਾ ਹੋਵੇ ਪਰ ਉਨ੍ਹਾਂ ‘ਤੇ ਪਰਚਾ ਦਰਜ ਕਰਨ ‘ਚ ਕਾਹਲ ਕੀਤੀ ਗਈ ਹੈ। ਜਦੋਂ ਕਿ ਭਾਰਤ ਭੂਸ਼ਣ ਆਸ਼ੂ ਤੋਂ ਇਲਾਵਾ ਹੋਰਾਂ ਵਿਧਾਇਕਾਂ ਵੱਲੋਂ ਪੁਲਿਸ ਤੇ ਸੀਨੀਅਰ ਅਫ਼ਸਰਾਂ ਨੂੰ ਡਰਾਉਣ ਧਮਕਾਉਣ ਦੀਆਂ ਵੀਡੀਓਜ਼ ਵਾਇਰਲ ਹੋ ਚੁੱਕੀਆਂ ਨੇ। ਉਨ੍ਹਾਂ ਦੇ ਖ਼ਿਲਾਫ਼ ਵੀ ਪਰਚੇ ਦਰਜ ਹੋਣੇ ਚਾਹੀਦੇ ਸਨ।”
ਉਨ੍ਹਾਂ ਕਿਹਾ ਕਿ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ 1250 ਮਜਦੂਰਾਂ ਤੇ ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ। ਜਿਹੜੀਆਂ ‘ਕਰਜ਼ਾ ਕੁਰਕੀ ਖ਼ਾਤਮਾ’ ਸਕੀਮ ਦਾ ਮੂੰਹ ਚਿੜਾ ਰਹੀਆਂ ਨੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ‘ਚ ਪਹਿਲਾਂ ਨਾਲੋਂ ਵੱਧ ਨਸ਼ਾ ਵਿਕ ਰਿਹਾ ਹੈ। ਇਸ ਮੌਕੇ ਗੱਲਬਾਤ ਦੌਰਾਨ ਵਿਧਾਇਕ ਪਿਰਮਲ ਸਿੰਘ ਧੌਲਾ ਵੀ ਹਾਜ਼ਰ ਸਨ।

Previous articleਕੈਬਨਿਟ ਮੀਟਿੰਗ ਦਾ ਫ਼ੈਸਲਾ : 11ਵੀਂ ਤੇ 12ਵੀਂ ਦੀਆਂ ਵਿਦਿਆਰਥਣਾਂ ਨੂੰ ਮਿਲਣਗੇ ਸਮਾਰਟ ਫੋਨ, ਜਾਣੋ ਕਿਸ ਮਹੀਨੇ ਤੋਂ ਹੋਵੇਗੀ ਸ਼ੁਰੂਆਤ
Next articleUNHRC ‘ਚ ਭਾਰਤ ਨੂੰ ਵੱਡੀ ਸਫਲਤਾ, ਕਸ਼ਮੀਰ ਮਾਮਲੇ ‘ਤੇ ਪਾਕਿ ਨੂੰ ਨਹੀਂ ਮਿਲੀ ਜ਼ਰੂਰੀ ਹਮਾਇਤ