ਆਮ ਆਦਮੀ ਪਾਰਟੀ (ਆਪ) ਪੰਜਾਬ ਵਿਚ ਇਕ ਸੀਟ ਤੋਂ ਚੋਣ ਜਿੱਤ ਸਕੀ ਹੈ ਅਤੇ 12 ਸੀਟਾਂ ਹਾਰਨ ਦੇ ਬਾਵਜੂਦ ਉਹ ਬੁਲੰਦੀਆਂ ’ਤੇ ਹੈ। ਪਾਰਟੀ ਦੇ ਕੁੱਲ੍ਹ 13 ਉਮੀਦਵਾਰਾਂ ਨੂੰ 10,15,332 ਵੋਟਾਂ ਹੀ ਮਿਲੀਆਂ ਹਨ ਅਤੇ ਇਨ੍ਹਾਂ ਵਿਚੋਂ ਵੀ 4,14,464 ਵੋਟਾਂ ਇਕੱਲੇ ਭਗਵੰਤ ਮਾਨ ਦੀਆਂ ਹਨ ਜਦਕਿ ਬਾਕੀ 12 ਉਮੀਦਵਾਰਾਂ ਨੂੰ ਕੇਵਲ 6,00,868 ਵੋਟਾਂ ਹੀ ਮਿਲੀਆਂ। ਸ੍ਰੀ ਮਾਨ ਦੀ ਅਗਵਾਈ ਹੇਠ ਪਾਰਟੀ ਲੀਡਰਸ਼ਿਪ 25 ਮਈ ਨੂੰ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਅਸਥਾਨ ’ਤੇ ਇਕੱਠਾ ਹੋਵੇਗੀ ਅਤੇ ਪੰਜਾਬੀਆਂ ਨੂੰ ਤੀਸਰਾ ਸਿਆਸੀ ਫਰੰਟ ਦੇਣ ਦਾ ਅਹਿਦ ਲਿਆ ਜਾਵੇਗਾ। ਸ੍ਰੀ ਮਾਨ ਤੋਂ ਇਲਾਵਾ ਬਠਿੰਡਾ ਤੋਂ ਚੋਣ ਲੜੀ ਤਲਵੰਡੀ ਸਾਬੋ ਦੀ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ 1,34,398 ਵੋਟਾਂ ਹਾਸਲ ਕਰਕੇ ਹੋਰ ਸਾਰੇ ਉਮੀਦਵਾਰਾਂ ਤੋਂ ਬਿਹਤਰ ਕਾਰਗੁਜ਼ਾਰੀ ਦਿਖਾਈ ਹੈ। ਉਨ੍ਹਾਂ ਇਸੇ ਹਲਕੇ ਤੋਂ ਖੜ੍ਹੇ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੋਂ 96,199 ਵੱਧ ਵੋਟਾਂ ਲੈ ਕੇ ਸਾਫ ਕਰ ਦਿੱਤਾ ਹੈ ਕਿ ਸ੍ਰੀ ਖਹਿਰਾ ਨੂੰ ਝਾੜੂ ਦੀ ਓਟ ਛੱਡਣੀ ਮਹਿੰਗੀ ਪਈ ਹੈ। ਸ੍ਰੀ ਖਹਿਰਾ ਨੇ ਲੰਮੇ ਸਮੇਂ ਤੋਂ ਬਠਿੰਡਾ ਡੇਰਾ ਲਾਉਣ ਅਤੇ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਦਾ ਸਮਰਥਨ ਹਾਸਲ ਹੋਣ ਦੇ ਬਾਵਜੂਦ ਮਹਿਜ਼ 38,199 ਵੋਟਾਂ ਹੀ ਹਾਸਲ ਕੀਤੀਆਂ। ਉਹ ਆਪਣੀ ਪੰਜਾਬ ਏਕਤਾ ਪਾਰਟੀ ਵੱਲੋਂ ਸ੍ਰੀ ਬਠਿੰਡਾ ਤੋਂ ਚੋਣ ਲੜੇ ਸਨ ਅਤੇ ਉਨ੍ਹਾਂ ਨੂੰ ਇਸ ਗੱਠਜੋੜ ਵਿਚ ਸ਼ਾਮਲ ਬਹੁਜਨ ਸਮਾਜ ਪਾਰਟੀ (ਬਸਪਾ), ਸੀਪੀਆਈ, ਲੋਕ ਇਨਸਾਫ ਪਾਰਟੀ, ਨਵਾਂ ਪੰਜਾਬ ਪਾਰਟੀ ਅਤੇ ਪਾਸਲਾ ਧੜੇ ਦੀ ਹਮਾਇਤ ਹਾਸਲ ਸੀ। ਇਸੇ ਤਰ੍ਹਾਂ ਹਲਕਾ ਸੰਗਰੂਰ ਤੋਂ ਭਗਵੰਤ ਮਾਨ ਨੇ 4,14,461 ਵੋਟਾਂ ਹਾਸਲ ਕੀਤੀਆਂ ਅਤੇ ਉਹ ਕਾਂਗਰਸ ਉਮੀਦਵਾਰ ਕੇਵਲ ਢਿੱਲੋਂ ਤੋਂ 1,11,111 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਪਾਰਟੀ ਤੋਂ ਬਾਗੀ ਹੋ ਕੇ ਚੋਣ ਲੜੇ ਗਾਇਕ ਜੱਸੀ ਜਸਰਾਜ ਨੂੰ ਮਹਿਜ਼ 20,087 ਵੋਟਾਂ ਹੀ ਮਿਲੀਆਂ। ਜ਼ਿਕਰਯੋਗ ਹੈ ਕਿ ਜਸਰਾਜ ਲੋਕ ਇਨਸਾਫ ਪਾਰਟੀ ਦੀ ਟਿਕਟ ਤੋਂ ਸੰਗਰੂਰ ਤੋਂ ਚੋਣ ਲੜੇ ਸਨ ਅਤੇ ਉਨ੍ਹਾਂ ਨੂੰ ਪੀਡੀਏ ਦੀ ਹਮਾਇਤ ਪ੍ਰਾਪਤ ਸੀ। ‘ਆਪ’ ਦੇ ਪ੍ਰੋਫੈਸਰ ਸਾਧੂ ਸਿੰਘ ਮੁੜ ਫਰੀਦਕੋਟ ਹਲਕੇ ਤੋਂ ਚੋਣ ਲੜੇ ਸਨ ਅਤੇ ਉਨ੍ਹਾਂ ਨੂੰ 1,14,610 ਵੋਟਾਂ ਮਿਲੀਆਂ। ਦੂਸਰੇ ਪਾਸੇ ਪਾਰਟੀ ਤੋਂ ਬਾਗੀ ਹੋ ਕੇ ਇਥੋਂ ਚੋਣ ਲੜਨ ਵਾਲੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਕੇਵਲ 43,794 ਵੋਟਾਂ ਮਿਲੀਆਂ ਜੋ ਸਾਧੂ ਸਿੰਘ ਨੂੰ ਮਿਲੀਆਂ ਵੋਟਾਂ ਤੋਂ 70,816 ਘੱਟ ਹਨ। ਮਾਸਟਰ ਬਲਦੇਵ ਸਿੰਘ ਸ੍ਰੀ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਦੀ ਟਿਕਟ ’ਤੇ ਚੋਣ ਲੜੇ ਸਨ ਅਤੇ ਉਨ੍ਹਾਂ ਨੂੰ ਪੀਡੀਏ ਦੀ ਹਮਾਇਤ ਪ੍ਰਾਪਤ ਸੀ ਪਰ ਉਹ ਵੀ ਪਾਰਟੀ ਦੇ ਅਧਿਕਾਰਤ ਉਮੀਦਵਾਰ ਦੇ ਨੇੜੇ-ਤੇੜੇ ਨਹੀਂ ਰਹੇ। ਇਸ ਤੋਂ ਸੰਕੇਤ ਮਿਲੇ ਹਨ ਕਿ ‘ਆਪ’ ਨੂੰ ਛੱਡ ਕੇ ਹੋਰ ਸਿਆਸੀ ਟਹਿਣਿਆਂ ’ਤੇ ਬੈਠੇ ਆਗੂਆਂ ਨੂੰ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ ਅਤੇ ਪਾਰਟੀ ਦੇ ਵਾਲੰਟੀਅਰ ਅੱਜ ਵੀ ‘ਆਪ’ ਨਾਲ ਜੁੜੇ ਹਨ। ਪਟਿਆਲਾ ਤੋਂ ‘ਆਪ’ ਦੀ ਉਮੀਦਵਾਰ ਨੀਨਾ ਮਿੱਤਲ ਨੂੰ 56,877 ਵੋਟਾਂ ਮਿਲੀਆਂ ਜਦਕਿ ‘ਆਪ’ ਨੂੰ ਛੱਡ ਕੇ ਇਥੋਂ ਮੁੜ ਚੋਣ ਲੜਨ ਵਾਲੇ ਡਾਕਟਰ ਧਰਮਵੀਰ ਗਾਂਧੀ ਨੂੰ 1,61,645 ਵੋਟਾਂ ਮਿਲੀਆਂ ਹਨ। ਪਟਿਆਲਾ ਵਿਚ ਹਲਕਾ ਬਠਿੰਡਾ ਤੋਂ ਉਲਟ ਪਾਰਟੀ ਦੇ ਬਾਗੀ ਉਮੀਦਵਾਰ ਨੂੰ ਅਧਿਕਾਰਤ ਉਮੀਦਵਾਰ ਤੋਂ ਵੀ 1,04,768 ਵੱਧ ਵੋਟਾਂ ਮਿਲੀਆਂ ਹਨ। ‘ਆਪ’ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਧਾਲੀਵਾਲ ਨੂੰ 20,087 ਵੋਟਾਂ, ਜਲੰਧਰ ਦੇ ਉਮੀਦਵਾਰ ਜਸਟਿਸ ਜ਼ੋਰਾ ਸਿੰਘ ਨੂੰ 25,467, ਆਨੰਦਪੁਰ ਸਾਹਿਬ ਦੇ ਨਰਿੰਦਰ ਕੰਗ ਨੂੰ 53,052, ਖਡੂਰ ਸਾਹਿਬ ਦੇ ਉਮੀਦਵਾਰ ਮਨਜਿੰਦਰ ਸੰਧੂ ਨੂੰ 13,656, ਫਤਿਹਗੜ੍ਹ ਸਾਹਿਬ ਦੇ ਉਮੀਦਵਾਰ ਬਨਦੀਪ ਸਿੰਘ ਦੂਲੋ ਨੂੰ 62,881, ਫਿਰੋਜ਼ਪੁਰ ਦੇ ਹਰਜਿੰਦਰ ਸਿੰਘ ਕਾਕਾ ਨੂੰ 31,240, ਹੁਸ਼ਿਆਰਪੁਰ ਦੇ ਡਾ. ਰਵਜੋਤ ਨੂੰ 44,914 ਅਤੇ ਲੁਧਿਆਣਾ ਦੇ ਉਮੀਦਵਾਰ ਤੇਜਪਾਲ ਸਿੰਘ ਗਿੱਲ ਨੂੰ 15,945 ਵੋਟਾਂ ਮਿਲੀਆਂ ਹਨ।
INDIA ਭਗਵੰਤ ਮਾਨ ਨੇ ਰੱਖਿਆ ‘ਆਪ’ ਦਾ ਮਾਣ