(ਸਮਾਜ ਵੀਕਲੀ)
ਮਸ਼ੀਨ ਖੇਤ ਹੈ ਵੱਡਿਆ
ਸਿਖਰ ਦੁਪਿਹਰਾ ਲੱਗਿਆ
ਬੱਲੀਆਂ ਚੁਗਦੀ ਬੱਚੀ ਦੇ
ਪੈਰਾਂ ਵਿੱਚ ਕਰਚਾ ਵੱਜਿਆ।
ਚੁਗ-ਚੁਗ ਬੱਲੀਆਂ ਨਿੱਕੇ ਹੱਥੀਂ
ਗੱਟੇ ਦੇ ਵਿੱਚ ਪਾਉਂਦੀ
ਨਿੱਕੀ ਉਮਰੇ ਆਪਣੀ ਮਾਂ ਦਾ
ਪਈ ਏ ਹੱਥ ਵਟਾਉਂਦੀ।
ਅੱਖਾਂ ਵਿੱਚ ਮਾਸੂਮੀਅਤ
ਉਹਦੇ ਚਿਹਰੇ ਚਮਕੇ ਨੂਰ
ਜਿਵੇਂ ਤਿੱਤਰ ਖੰਭੀ ਬੱਦਲੀ
ਪਾਉਂਦੀ ਹੋਵੇ ਭੂਰ।
ਚੁਗਦੇ ਵੇਖ ਕੇ ਬੱਲੀਆਂ
ਆਇਆ ਇੱਕ ਸਰਮਾਏਦਾਰ
ਚੱਲੋ ਬਾਹਰ ਮੇਰੇ ਖੇਤਾਂ ‘ਚ
ਆਖੇ ਉੱਚੀ ਹਾਕਰ ਮਾਰ।
ਗਰੀਬੀ ਤੇ ਮਜ਼ਬੂਰੀ
ਕੀ-ਕੀ ਰੰਗ ਵਿਖਾਵੇ
ਤਕੜਾ ਬਹਿ ਕੇ ਰੋਟੀ ਖਾਂਦਾ
ਮਾੜਾ ਪੈਰ ਸੜਾਵੇ।
ਸਭ ਰੱਬ ਦੇ ਰੰਗ ਨੇ
‘ਸਰਬਜੀਤ’ ਰੱਬ ਹੀ ਜਾਣੇ
ਤੱਕੜੇ ਦਾ ਸਭ ਪਾਣੀ ਭਰਦੇ
ਨੀਵੇਂ ਦੀ ਕੋਈ ਕਦਰ ਨਾ ਜਾਣੇ।
ਮਾਸਟਰ ਸਰਬਜੀਤ
8264384514