ਸਰਕਾਰ ਦਾ ਭੌਂਪੂ ਬਣਿਆ ਦੂਰਦਰਸ਼ਨ ਪੰਜਾਬੀ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਦੂਰਦਰਸ਼ਨ ਪੰਜਾਬੀ ਕੇਂਦਰ ਜਲੰਧਰ ਦੂਰਦਰਸ਼ਨ ਦੇ ਨਾਮ ਨਾਲ ਭਾਰਤ ਸਰਕਾਰ ਵੱਲੋਂ ਸ਼ੁਰੂ ਹੋਇਆ ਸੀ।ਲੋਕ ਪ੍ਰਸਾਰਨ ਸੇਵਾ ਇਸ ਦਾ ਮੁੱਖ ਆਧਾਰ ਤੇ ਮਨੋਰਥ ਹੈ, ਮਨੋਰੰਜਨ ਖ਼ਬਰਾਂ ਆਮ ਜਾਣਕਾਰੀ ਦੇ ਪ੍ਰੋਗਰਾਮ ਪੇਸ਼ ਕਰਨਾ ਖੇਤਰੀ ਚੈਨਲ ਹੋਣ ਕਰ ਕੇ ਆਪਣੇ ਇਲਾਕੇ ਦੀਆ ਗਤੀਵਿਧੀਆਂ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ।ਦੂਰਦਰਸ਼ਨ ਜਦੋਂ ਪ੍ਰਸਾਰ ਭਾਰਤੀ ਕਾਰਪੋਰੇਸ਼ਨ ਵਿੱਚ ਤਬਦੀਲ ਹੋ ਗਿਆ ਤਾਂ ਸਾਡੀ ਮਾਂ ਬੋਲੀ ਪੰਜਾਬੀ ਲਈ ਦੂਰਦਰਸ਼ਨ ਜਲੰਧਰ ਤੋਂ ਦੂਰਦਰਸ਼ਨ ਪੰਜਾਬੀ ਬਣ ਗਿਆ ਤੇ ਇਸ ਦਾ ਪ੍ਰਸਾਰਣ ਡਿਜੀਟਲ ਤਕਨੀਕ ਨਾਲ ਚੌਵੀ ਘੰਟੇ ਪੂਰੀ ਦੁਨੀਆਂ ਵਿੱਚ ਪਹੁੰਚਦਾ ਕਰ ਦਿੱਤਾ ਗਿਆ।

ਸੱਤ ਕੁ ਸਾਲ ਪਹਿਲਾਂ ਤਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਇਹ ਕੇਂਦਰ ਪੂਰਨ ਰੂਪ ਵਿੱਚ ਪਹਿਰੇਦਾਰ ਬਣਿਆ ਰਿਹਾ,ਪਰ ਉਸ ਤੋਂ ਬਾਅਦ ਪ੍ਰੋਗਰਾਮ ਮੁੱਖੀ ਅੱਜ ਤਕ ਅਜਿਹੇ ਆ ਰਹੇ ਹਨ ਜੋ ਪੰਜਾਬੀ ਭਾਸ਼ਾ ਪਹਿਰਾਵਾ ਤੇ ਵਿਰਸੇ ਤੋਂ ਕੋਰੇ ਹਨ।ਸੱਤ ਕੁ ਸਾਲ ਤੋਂ ਕੇਂਦਰ ਨਿਰਦੇਸ਼ਕ ਕੋਈ ਭਰਤੀ ਹੀ ਨਹੀਂ ਕੀਤਾ ਗਿਆ,ਇਸ ਕੇਂਦਰ ਦਾ ਭਾਰ ਮੁੱਖ ਇੰਜੀਨੀਅਰ ਦੇ ਮੋਢਿਆਂ ਉੱਤੇ ਪਾਇਆ ਹੋਇਆ ਹੈ ਜੋ ਕਿ ਪੰਜਾਬੀ ਭਾਸ਼ਾ ਬੋਲਣੀ ਜਾਂ ਸਮਝਣੇ ਹੀ ਨਹੀਂ,ਸਾਲ ਕੁ ਪਹਿਲਾਂ ਪ੍ਰੋਗਰਾਮ ਮੁਖੀ ਪੁਨੀਤ ਸਹਿਗਲ ਜੀ ਨੂੰ ਬਣਾਇਆ ਗਿਆ ਜੋ ਕਿ ਨਾਟਕਕਾਰੀ ਵਿੱਚ ਉੱਚ ਸਿੱਖਿਆ ਪ੍ਰਾਪਤ ਹਨ।ਜਿਨ੍ਹਾਂ ਦੇ ਨਿਰਦੇਸ਼ਨ ਥੱਲੇ ਅਨੇਕਾਂ ਨਾਟਕ ਆਕਾਸ਼ਵਾਣੀ ਜਲੰਧਰ ਤੇ ਦੂਰਦਰਸ਼ਨ ਜਲੰਧਰ ਵਿੱਚ ਕੁਝ ਸਾਲ ਪਹਿਲਾਂ ਤਿਆਰ ਹੋਏ,ਜੋ ਕੌਮਾਂਤਰੀ ਪੁਰਸਕਾਰ ਵੀ ਜਿੱਤ ਚੁੱਕੇ ਹਨ।

ਹੁਣ ਨਾਟਕ ਨਵੇਂ ਬਣਾਉਣ ਤਾਂ ਦੂਰ ਦੀ ਗੱਲ ਹੈ ਦੂਰਦਰਸ਼ਨ ਪੰਜਾਬੀ ਦੇ ਪ੍ਰੋਗਰਾਮਾਂ ਨੂੰ ਹੀ ਨਾਟਕ ਰੂਪੀ ਬਣਾ ਦਿੱਤਾ ਗਿਆ ਹੈ,ਇਹ ਕੇਂਦਰ ਸਰਕਾਰ ਦੀ ਕੱਠਪੁਤਲੀ ਬਣ ਕੇ ਸਾਡੀ ਮਾਂ ਬੋਲੀ ਪੰਜਾਬੀ ਤਾਂ ਦੂਰ ਦੀ ਗੱਲ ਸਰਕਾਰ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਿਹਾ ਹੈ। ਖੇਤਰੀ ਚੈਨਲ ਦਾ ਕੰਮ ਹੁੰਦਾ ਹੈ ਆਪਣੀ ਬੋਲੀ ਸੱਭਿਆਚਾਰ ਤੇ ਵਿਰਸੇ ਨੂੰ ਪ੍ਰਫੁੱਲਤ ਕਰਨਾ,ਅਤੇ ਹਰ ਪ੍ਰੋਗਰਾਮ ਵੇਖ ਕੇ ਪਤਾ ਲੱਗਦਾ ਹੋਵੇ ਕਿ ਇਹ ਕਿਹੜੀ ਭਾਸ਼ਾ ਦਾ ਚੈਨਲ ਹੈ।ਹਰ ਰੋਜ਼ ਸਵੇਰੇ ਹੀ ਸੰਸਕ੍ਰਿਤ ਭਾਸ਼ਾ ਵਿੱਚ ਸਮਾਚਾਰ ਪ੍ਰਸਾਰਤ ਕੀਤੇ ਜਾਂਦੇ ਹਨ,ਇਹ ਪੰਜਾਬੀਆਂ ਲਈ ਮੱਝ ਅੱਗੇ ਬੀਨ ਵਜਾਉਣ ਦੇ ਬਰਾਬਰ ਹੈ।ਸ਼ਾਮ ਨੂੰ ਇਸ ਕੇਂਦਰ ਤੋਂ ਚਾਰ ਵਜੇ ਚੰਡੀਗੜ੍ਹ ਦੂਰਦਰਸ਼ਨ ਕੇਂਦਰ ਦੇ ਇਕ ਘੰਟੇ ਲਈ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ,ਜਿਸ ਵਿਚ ਹਿੰਦੀ ਸਮਾਚਾਰ ਤੇ ਹਿੰਦੀ ਦੇ ਅਨੇਕਾਂ ਪ੍ਰੋਗਰਾਮ ਵਿਖਾਏ ਜਾਂਦੇ ਹਨ।

ਪੰਜਾਬ ਵਿੱਚ ਹਰ ਕੋਈ ਪੰਜਾਬੀ ਸਮਝਦਾ ਹੈ ਚਲੋ ਜੇ ਪੂਰੀ ਦੁਨੀਆਂ ਵਿੱਚ ਇਹ ਕੇਂਦਰ ਵੇਖਿਆ ਜਾਂਦਾ ਹੈ ਜਿਸ ਨੂੰ ਜ਼ਰੂਰਤ ਹੋਵੇਗੀ ਸੰਸਕ੍ਰਿਤ ਜਾਂ ਹਿੰਦੀ ਸਮਾਚਾਰ ਸੁਣਨ ਜਾਂ ਦੇਖਣ ਦੀ ਉਸ ਲਈ ਅਲੱਗ 2 ਚੈਨਲ ਹਨ ਦੂਰਦਰਸ਼ਨ ਪੰਜਾਬੀ ਨੂੰ ਕਿਹੜੀ ਬਿਪਤਾ ਪੈ ਗਈ ਜੋ ਆਪਣੀ ਭਾਸ਼ਾ ਨੂੰ ਛੱਡ ਕੇ ਦੂਸਰੀਆਂ ਭਾਸ਼ਾਵਾਂ ਨੂੰ ਪਹਿਲ ਦੇ ਰਿਹਾ ਹੈ।ਭਾਰਤ ਵਿੱਚ ਹੋਰ ਕਿਹੜਾ ਅਜਿਹਾ ਚੈਨਲ ਹੈ ਜੋ ਪੰਜਾਬੀ ਵਿਚ ਖਬਰਾਂ ਸੁਣਾਉਂਦਾ ਹੈ?ਉਰਦੂ ਦਾ ਇੱਕ “ਅਦਬ” ਪ੍ਰੋਗਰਾਮ ਹੈ,ਜਿਸ ਵਿੱਚ ਉਰਦੂ ਭਾਸ਼ਾ ਵਿਚ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ ਜਦਕਿ ਉਰਦੂ ਭਾਸ਼ਾ ਦਾ ਚੌਵੀ ਘੰਟੇ ਪ੍ਰਸਾਰਣ ਪੇਸ਼ ਕਰਨ ਵਾਲਾ ਅਲੱਗ ਕੇਂਦਰ ਮੌਜੂਦ ਹੈ।ਦੂਰਦਰਸ਼ਨ ਪੰਜਾਬੀ ਤੇ ਪ੍ਰੋਗਰਾਮ ਕਿਹੜੇ ਪੇਸ਼ ਕੀਤੇ ਜਾਣੇ ਹਨ ਉਨ੍ਹਾਂ ਦੀ ਜਾਣਕਾਰੀ ਦੇਣ ਲਈ ਕੋਈ ਖਾਸ ਪ੍ਰੋਗਰਾਮ ਨਹੀਂ ਪਰ “ਅਦਬ” ਪ੍ਰੋਗਰਾਮ ਲਈ ਵਾਰ ਵਾਰ ਪ੍ਰੋਮੋ ਵਿਖਾਏ ਜਾ ਰਹੇ ਹਨ।

ਪਿਛਲੇ ਸਾਲ ਮਾਰਚ ਵਿੱਚ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਹੋਈ ਸੀ ਜਿਸ ਲਈ ਭਾਰਤ ਸਰਕਾਰ ਵੱਲੋਂ ਰੋਗ ਤੋਂ ਬਚਣ ਲਈ ਕੁਝ ਯੋਗ ਸੁਝਾਅ ਦਿੱਤੇ ਸਨ ਜਿਸ ਕਾਰਨ ਜਨਤਾ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਸੀ।ਉਸ ਨਾਲ ਸਾਡੀ ਆਮ ਜ਼ਿੰਦਗੀ ਦੇ ਉੱਤੇ ਖ਼ਾਸ ਰੋਕਾਂ ਲੱਗ ਗਈਆਂ ਸਨ।ਪਰ ਦੂਰਦਰਸ਼ਨ ਪੰਜਾਬੀ ਤੇ ਕੋਰੋਨਾ ਨੇ ਪਤਾ ਨਹੀਂ ਕਿਹੜਾ ਸਿੱਧਾ ਹਮਲਾ ਕੀਤਾ ਸੀ ਸਾਰੇ ਪ੍ਰੋਗਰਾਮ ਬੰਦ ਕਰ ਦਿੱਤੇ ਗਏ ਸਨ।ਪਰ”ਖ਼ਾਸ ਖ਼ਬਰ ਇੱਕ ਨਜ਼ਰ” ਪ੍ਰੋਗਰਾਮ ਜਿਸ ਵਿੱਚ ਅਖ਼ਬਾਰਾਂ ਦੀਆਂ ਖ਼ਬਰਾਂ ਬਾਰੇ ਵਿਚਾਰ ਚਰਚਾ ਹੁੰਦੀ ਹੈ ਉਹ ਪ੍ਰੋਗਰਾਮ ਕੋਰੋਨਾ ਦੇ ਹਮਲੇ ਤੋਂ ਬਚਦਾ ਹੋਇਆ ਚਾਲੂ ਰਿਹਾ।

ਸਰਕਾਰ ਵੱਲੋਂ ਕੋਰੋਨਾ ਖ਼ਤਰਾ ਘਟਣ ਤੇ ਸਾਰੀਆਂ ਰੋਕਾਂ ਹਟਾ ਦਿੱਤੀਆਂ ਗਈਆਂ ਸਨ।ਪਰ “ਖ਼ਾਸ ਖ਼ਬਰ ਇੱਕ ਨਜ਼ਰ” ਜਿਸ ਵਿੱਚ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਤੇ ਸਥਾਪਤ ਪੱਤਰਕਾਰਾਂ ਨੇ ਠੋਸ ਵਿਚਾਰ ਚਰਚਾ ਕਰਨੀ ਹੁੰਦੀ ਹੈ।ਸਾਰੇ ਅਖ਼ਬਾਰਾਂ ਵਿੱਚ ਪਹਿਲੇ ਸਫ਼ੇ ਤੇ ਮੁੱਖ ਖ਼ਬਰ ਕਿਸਾਨ ਮੋਰਚੇ ਸਬੰਧੀ ਹੁੰਦੀ ਹੈ,ਉਹ ਕਦੇ ਵੀ ਸਾਡੇ ਪ੍ਰੋਗਰਾਮ ਮੁਖੀ ਨੂੰ ਵਿਖਾਈ ਨਹੀਂ ਦਿੱਤੀ।ਕੋਰੋਨਾ ਮਾਹਾਮਾਰੀ ਦੇ ਨਾਲ ਕਿਹੜਾ ਅਜਿਹਾ ਅਖ਼ਬਾਰ ਚਾਲੂ ਹੋਇਆ ਹੈ ਜੋ ਦੂਰਦਰਸ਼ਨ ਪੰਜਾਬੀ ਨੂੰ ਖਾਸ ਜਾਣਕਾਰੀ ਦਿੰਦਾ ਹੈ।ਕਿਸਾਨ ਮੋਰਚਾ ਜੋ ਜਨਤਾ ਦੇ ਸਮਝਣ ਨਾਲ ਜਨ ਮੋਰਚਾ ਬਣ ਕੇ ਸਾਰੇ ਭਾਰਤ ਦੇ ਕਿਸਾਨ ਮਜ਼ਦੂਰ ਕਲਾਕਾਰ ਇਸ ਮੋਰਚੇ ਦਾ ਥੰਮ੍ਹ ਹਨ,ਹਰ ਅਖ਼ਬਾਰ ਦੇ ਮੁੱਖ ਪੰਨੇ ਤੇ ਪਹਿਲੀ ਖ਼ਬਰ ਜਨ ਮੋਰਚੇ ਸਬੰਧੀ ਹੁੰਦੀ ਹੈ।

ਪਰ ਕੇਂਦਰ ਦੇ ਪ੍ਰੋਗਰਾਮ ਮੁਖੀ ਸ਼੍ਰੀਮਾਨ ਪੁਨੀਤ ਸਹਿਗਲ ਜੀ ਨੂੰ ਜਨਤਾ ਦੇ ਮੋਰਚੇ ਬਾਰੇ ਕੁਝ ਜਾਣਕਾਰੀ ਨਹੀਂ ਜਿਸ ਕਾਰਨ ਇਹ ਖ਼ਬਰਾਂ ਅਣਡਿੱਠ ਕਰ ਦਿੱਤੀਆਂ ਜਾਂਦੀਆਂ ਹਨ।ਖ਼ਾਸ ਖ਼ਬਰ ਇੱਕ ਨਜ਼ਰ ਪ੍ਰੋਗਰਾਮ ਵਿਚ ਸਥਾਪਤ ਪੱਤਰਕਾਰ ਸਾਲਾਂ ਤੋਂ ਆਉਂਦੇ ਸਨ ਜੋ ਹੁਣ ਹਟਾ ਦਿੱਤੇ ਗਏ ਹਨ,ਹੁਣ ਸਰਦਾਰ ਲਖਵਿੰਦਰ ਸਿੰਘ ਜੌਹਲ,ਬਲਜੀਤ ਬਰਾੜ, ਮਦਨ ਦੀਪ ਸਿੰਘ,ਰਕੇਸ਼ ਸ਼ਾਂਤੀਦੂਤ, ਜਤਿੰਦਰ ਪੰਨੂ,ਕਮਲੇਸ਼ ਦੁੱਗਲ,ਦੇਸ ਰਾਜ ਕਾਲੀ ਇਨ੍ਹਾਂ ਦਾ ਪੱਤਰਕਾਰੀ ਨਾਲ ਕੋਈ ਸਬੰਧ ਨਹੀਂ ਪਰ ਖ਼ਬਰਾਂ ਦਾ ਪੋਸਟਮਾਰਟਮ ਕਰਨ ਲਈ ਆਉਂਦੇ ਹਨ।ਕਿਉਂਕਿ ਇਹ ਪ੍ਰੋਗਰਾਮ ਮੁਖੀ ਪੁਨੀਤ ਸਹਿਗਲ ਜੀ ਦੇ ਖ਼ਾਸ ਦੋਸਤ ਹਨ ਹਫ਼ਤਾਵਾਰੀ ਪਾਰਟੀਆਂ ਦੌਰਾਨ ਬੈਠ ਕੇ ਵਿਚਾਰ ਚਰਚਾ ਕਰ ਲੈਂਦੇ ਹਨ ਕਿ ਇਸ ਹਫ਼ਤੇ ਆਪਾਂ ਨੇ ਕੇਂਦਰ ਸਰਕਾਰ ਦੇ ਝੰਡੇ ਹੋਰ ਬੁਲੰਦ ਕਰਨੇ ਹਨ।

ਕੋਰੋਨਾ ਸਬੰਧੀ ਡਾਕਟਰਾਂ ਦੀ ਤਰ੍ਹਾਂ ਠੋਸ ਦਲੀਲਾਂ ਵੀ ਦਿੰਦੇ ਹਨ ਲੱਗਦਾ ਹੈ ਕੇ ਮਿੱਤਰਚਾਰੀ ਮੀਟਿੰਗ ਵਿਚ ਕਿਸੇ ਡਾਕਟਰ ਨੂੰ ਬੁਲਾ ਕੇ ਸਲਾਹਾਂ ਲਿਖ ਲੈਂਦੇ ਹੋਣਗੇ।ਇੱਕ ਪੰਦਰਾਂ ਮਿੰਟ ਦੇ ਪ੍ਰੋਗਰਾਮ ਤੇ ਪ੍ਰਸਾਰ ਭਾਰਤੀ ਦਾ ਦਸ ਪੰਦਰਾਂ ਹਜ਼ਾਰ ਰੁਪਇਆ ਖ਼ਰਚ ਹੋ ਜਾਂਦਾ ਹੋਵੇਗਾ ਸਰੋਤਿਆਂ ਨੂੰ ਕੋਈ ਫ਼ਾਇਦਾ ਨਹੀਂ,ਸਰਕਾਰੀ ਖ਼ਜ਼ਾਨੇ ਨੂੰ ਭਾਰੀ ਚੋਟ ਸਰੋਤਿਆਂ ਦੇ ਸਮੇਂ ਦੀ ਬਰਬਾਦੀ ਕੱਢਣ ਪਾਉਣ ਨੂੰ ਕੁਝ ਵੀ ਨਹੀਂ। “ਗੱਲਾਂ ਤੇ ਗੀਤ” ਪ੍ਰੋਗਰਾਮ ਸਾਲ ਕੁ ਪਹਿਲਾਂ ਤੱਕ ਸੇਧ ਦੇਣ ਵਾਲਾ ਤੇ ਸਾਰਥਕ ਸੀ ਪਰ ਹੁਣ ਸਮਾਂ ਗੱਲਾਂ ਤੇ ਗੀਤਾਂ ਦੀ ਬਰਬਾਦੀ ਹੀ ਨਜ਼ਰ ਆਉਂਦਾ ਹੈ।ਕੇਂਦਰ ਸਰਕਾਰ ਦਾ ਕੋਈ ਖ਼ਾਸ ਵਿਸ਼ਾ ਲੈ ਕੇ ਕਿਸੇ ਸਰਕਾਰੀ ਅਧਿਕਾਰੀ ਨੂੰ ਬੁਲਾ ਕੇ ਸਰਕਾਰ ਦੀਆਂ ਨੀਤੀਆਂ ਦੀ ਖੁੱਲ੍ਹੀ ਬੀਨ ਵਜਾਈ ਜਾਂਦੀ ਹੈ ਪਰ ਸਰੋਤਿਆਂ ਦੇ ਸਮਝ ਕੁਝ ਨਹੀਂ ਆਉਂਦਾ।

ਇੱਕ ਮੁੱਖ ਮਹਿਮਾਨ ਤੇ ਦੋ ਐਂਕਰ ਵਿਸ਼ੇ ਨਾਲ ਸਬੰਧਤ ਗੱਲਬਾਤ ਕਰਦੇ ਸਨ,ਹੁਣ ਐਂਕਰ ਇੱਕ ਹੀ ਕਰ ਦਿੱਤਾ ਗਿਆ ਹੈ,ਬਿਨਾਂ ਹੁੰਗਾਰੇ ਤੋਂ ਬਾਤ ਪਾਈ ਜਾਂਦੀ ਹੈ ਜੋ ਮੁੱਖ ਮਹਿਮਾਨ ਤੇ ਸਰੋਤਿਆਂ ਨੂੰ ਕੁਝ ਸਮਝ ਨਹੀਂ ਆਉਂਦੀ।ਗੱਲਾਂ ਤੇ ਗੀਤ ਦੀ ਥਾਂ ਤੇ ਹਰ ਐਤਵਾਰ “ਸੁਨੇਹੇ” ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ।ਇਹ ਪ੍ਰੋਗਰਾਮ ਖਾਸ ਤੌਰ ਤੇ ਅਰਬ ਦੇਸ਼ਾਂ ਵਿੱਚ ਰਹਿੰਦੇ ਸਾਡੇ ਭੈਣ ਭਰਾਵਾਂ ਲਈ ਹੈ,ਚਾਰ ਕੁ ਸਾਲ ਪਹਿਲਾਂ ਤਕ ਪ੍ਰਸਾਰ ਭਾਰਤੀ ਦੀਆਂ ਹਦਾਇਤਾਂ ਅਨੁਸਾਰ ਹਰ ਸ਼ੁੱਕਰਵਾਰ ਨੂੰ ਦੁਪਹਿਰ ਵੇਲੇ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਸੀ ਕਿਉਂਕਿ ਉਸ ਦਿਨ ਅਰਬ ਦੇਸ਼ਾਂ ਵਿੱਚ ਛੁੱਟੀ ਹੁੰਦੀ ਹੈ,ਆਪਣੇ ਭੈਣ ਭਰਾ ਆਪਣੇ ਘਰ ਤੇ ਦੋਸਤਾਂ ਮਿੱਤਰਾਂ ਨੂੰ ਖ਼ਾਸ ਸੁਨੇਹੇ ਦਿੰਦੇ ਸਨ।

ਪਰ ਇਸ ਪ੍ਰੋਗਰਾਮ ਤੇ ਦੋ ਐਂਕਰਜ਼ ਗਗਨਦੀਪ ਸੌਧੀ ਤੇ ਕਮਲਪ੍ਰੀਤ ਕੌਰ ਦਾ ਪੱਕਾ ਕਬਜ਼ਾ ਹੈ,ਜਿਸ ਕਾਰਨ ਦੂਸਰੇ ਪ੍ਰੋਗਰਾਮਾਂ ਵਾਂਗ ਇਸ ਦੇ ਐਂਕਰ ਦੋ ਹੀ ਰਹਿਣਗੇ ਕਿਉਂ “ਇਸ ਸੁਨੇਹੇ ਪ੍ਰੋਗ੍ਰਾਮ ਨੂੰ ਜਨਮ ਦਿਨ ਤੇ ਵਿਆਹਾਂ ਦੀਆਂ ਸਾਲ-ਗਿਰਾਂ ਦੇ ਆਧਾਰਤ ਕਰ ਦਿੱਤਾ ਗਿਆ ਹੈ,ਐਂਕਰ ਗਗਨਦੀਪ ਜੀ ਦੀ ਆਮ ਖ਼ਾਸ ਸਰੋਤਿਆਂ ਤੱਕ ਪਹੁੰਚ ਹੈ ਤੇ ਬੀਬਾ ਕਮਲਪ੍ਰੀਤ ਕੌਰ ਇਕ ਕਾਲਜ ਵਿਚ ਸ਼ਾਇਦ ਛੋਟੀ ਮੋਟੀ ਨੌਕਰੀ ਕਰਦੇ ਹਨ,ਇਹ ਆਮ ਜਨਤਾ ਨੂੰ ਪੁੱਛ ਲੈਂਦੇ ਹਨ ਕਿ ਕਿਸ ਨੇ ਆਪਣਾ ਜਨਮ ਦਿਨ ਜਾਂ ਸਾਲਗਿਰ੍ਹਾ ਮਨਾਉਣੀ ਹੈ ਤਾਂ ਸਾਡੀ ਬਣਦੀ ਫੀਸ ਤੇ ਮਠਿਆਈ ਤੇ ਲੱਡੂਆਂ ਦਾ ਇੰਤਜਾਮ ਕਰੋ।

ਇਨ੍ਹਾਂ ਦੇ ਆਪਣੇ ਖ਼ਾਸ ਦੋਸਤਾਂ ਦੇ ਸਾਲ ਵਿੱਚ ਦੋ ਤੋਂ ਵੱਧ ਜਨਮਦਿਨ ਤੇ ਜਦੋਂ ਜੀਅ ਕਰੇ ਤਾਂ ਸਾਲਗਿਰਾ ਵੀ ਮਨਾਉਣ ਦੀਆਂ ਵਧਾਈਆਂ ਦਿੱਤੀਆਂ ਜਾਂਦੀਆਂ ਹਨ।ਇਸ ਸੰਬੰਧੀ ਪ੍ਰੋਗਰਾਮ ਮੁਖੀ ਪੁਨੀਤ ਸਹਿਗਲ ਜੀ ਨੂੰ ਜਾਣਕਾਰੀ ਹੈ ਪਰ ਲੱਡੂਆਂ ਨੂੰ ਮੂੰਹ ਮਾਰਨ ਦਾ ਕਿਸ ਦਾ ਦਿਲ ਨਹੀਂ ਕਰਦਾ ਸਾਡੇ ਵਿਦੇਸ਼ੀ ਭਰਾਵਾਂ ਤੋਂ ਉਨ੍ਹਾਂ ਦਾ ਪ੍ਰੋਗਰਾਮ ਖੋਹ ਲਿਆ ਗਿਆ ਹੈ ਆਪਣਾ ਪੇਟ ਪਾਲਣ ਲਈ ਪ੍ਰੋਗਰਾਮ ਚਾਲੂ ਹੈ। “ਆਪੋ ਆਪਣੀ ਗੱਲ”ਪ੍ਰੋਗਰਾਮ ਜਿਸ ਦੇ ਨਾਮ ਨਾਲ ਵੀ ਇਨਸਾਫ਼ ਨਹੀਂ ਕੀਤਾ ਜਾਂਦਾ ਸਰੋਤਿਆਂ ਨੂੰ ਆਪੋ ਆਪਣੀ ਗੱਲ ਨਹੀਂ ਕਰਨ ਦਿੱਤੀ ਜਾਂਦੀ ਆਪਣੇ ਵੱਲੋਂ ਵਿਸਾ ਦਿੱਤਾ ਜਾਂਦਾ ਹੈ।ਵਿਸ਼ਾ ਤੇ ਗੱਲਾਂ ਵੀ ਕੁਝ ਖ਼ਾਸ ਸਥਾਪਤ ਇਨ੍ਹਾਂ ਦੇ ਆਪਣੇ ਸਰੋਤਿਆਂ ਦੀਆਂ ਫੋਨ ਕਾਲ ਰਾਹੀਂ ਹੁੰਦੀਆਂ ਹਨ।

ਲੰਮੇ ਸਮੇਂ ਤੋਂ ਇਸ ਪ੍ਰੋਗਰਾਮ ਦੀ ਐਂਕਰ ਟੀਨੂੰ ਸ਼ਰਮਾ ਸੀ ਜਿਸ ਨੇ ਪੰਜਾਬੀ ਭਾਸ਼ਾ ਵਿਰਸਾ ਤੇ ਪਹਿਰਾਵੇ ਦਾ ਘਾਣ ਕਰ ਰੱਖਿਆ ਸੀ,ਪਰ ਹੁਣ ਦਲਜਿੰਦਰ ਬਸਰਾ ਜੀ ਇਸ ਪ੍ਰੋਗਰਾਮ ਨੂੰ ਪੇਸ਼ ਕਰਦੇ ਹਨ ਜਿਨ੍ਹਾਂ ਦੀਆਂ ਗੱਲਾਂ ਬੇਹੱਦ ਸਲਾਹੁਣਯੋਗ ਹੁੰਦੀਆਂ ਹਨ ਪ੍ਰੋਗਰਾਮ ਵਿਚ ਥੋੜ੍ਹੀ ਰੌਣਕ ਵਾਪਸ ਆਈ ਹੈ।ਚਿੱਤਰਹਾਰ ਇੱਕ ਪ੍ਰੋਗਰਾਮ ਚਾਲੂ ਕੀਤਾ ਗਿਆ ਹੈ ਜਿਸ ਵਿਚ ਹਿੰਦੀ ਫ਼ਿਲਮਾਂ ਦੇ ਗੀਤ ਸੁਣਾਏ ਜਾਂਦੇ ਹਨ ਜੋ ਪੰਜਾਬੀ ਸਰੋਤਿਆਂ ਨਾਲ ਧੋਖਾ ਹੈ,ਪੰਜਾਬੀ ਕੇਂਦਰ ਤੋਂ ਪੰਜਾਬੀ ਫ਼ਿਲਮਾਂ ਦੇ ਗੀਤ ਹੋਣੇ ਚਾਹੀਦੇ ਹਨ,ਇਸ ਪ੍ਰੋਗਰਾਮ ਦੀ ਐਂਕਰ ਨੇਹਾ ਜੋਸ਼ੀ ਜੋ ਪੰਜਾਬੀ ਭਾਸ਼ਾ ਤੇ ਪਹਿਰਾਵੇ ਬਾਰੇ ਕੁਝ ਨਹੀਂ ਜਾਣਦੀ ਕੰਮ ਚਲਾਊ ਪ੍ਰੋਗਰਾਮ ਹੋ ਨਿੱਬੜਦਾ ਹੈ।

ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਅੱਧੇ ਕੁ ਘੰਟੇ ਦਾ ਹੈ ਜੋ ਹਫ਼ਤੇ ਵਿੱਚ ਪੰਜ ਦਿਨ ਪੇਸ਼ ਕੀਤਾ ਜਾਂਦਾ ਹੈ,ਪੰਜਾਬ ਦਾ ਮੁੱਖ ਕੰਮਕਾਰ ਖੇਤੀਬਾਡ਼ੀ ਹੈ ਕੀ ਇਸ ਬਾਰੇ ਪੂਰਨ ਰੂਪ ਵਿੱਚ ਜਾਣਕਾਰੀ ਨਹੀਂ ਹੋਣੀ ਚਾਹੀਦੀ? ਪ੍ਰਸਾਰ ਭਾਰਤੀ ਨੂੰ ਸਰੋਤਿਆਂ ਵੱਲੋਂ ਕੁਝ ਖਾਸ ਸੁਝਾਅ- ਦੂਰਦਰਸ਼ਨ ਪੰਜਾਬੀ ਵਿੱਚ ਪੰਜਾਬੀ ਫ਼ਿਲਮਾਂ ਗੀਤ,ਤੇ ਸਰੋਤਿਆਂ ਦੇ ਸੁਝਾਵਾਂ ਲਈ ਚਿੱਠੀਆਂ ਅਤੇ ਫੋਨ ਕਾਲ ਦਾ ਪ੍ਰੋਗਰਾਮ ਚਾਲੂ ਕਰਨਾ ਚਾਹੀਦਾ ਹੈ ਤਾਂ ਜੋ ਸਰੋਤਿਆਂ ਦੀ ਪਸੰਦ ਨੂੰ ਮੁੱਖ ਰੱਖਿਆ ਜਾ ਸਕੇ।ਪ੍ਰਸਾਰ ਭਾਰਤੀ ਦਾ ਇਕ ਖਾਸ ਕਾਨੂੰਨ ਹੈ ਜੋ ਅਧਿਕਾਰੀ ਜਾਂ ਕਰਮਚਾਰੀ ਦੂਰਦਰਸ਼ਨ ਕੇਂਦਰਾਂ ਵਿਚ ਆਪਣਾ ਸੇਵਾਕਾਲ ਨਿੱੱਭਾ ਚੁੱਕੇ ਹਨ ਉਹ ਵਾਪਿਸ ਸਕਰੀਨ ਦੇ ਉੱਤੇ ਆ ਕੇ ਕੋਈ ਪ੍ਰੋਗਰਾਮ ਪੇਸ਼ ਨਹੀਂ ਕਰ ਸਕਦੇ,ਪਰ ਲਖਵਿੰਦਰ ਜੌਹਲ ਜੀ ਜੋ ਲੰਮੇ ਸਮੇਂ ਤਕ ਦੂਰਦਰਸ਼ਨ ਕੇਂਦਰਾਂ ਵਿਚ ਨਿਰਮਾਤਾ ਦੀ ਸੇਵਾ ਨਿਭਾਅ ਚੁੱਕੇ ਹਨ ਵਾਪਿਸ ਉਨ੍ਹਾਂ ਨੂੰ ਫੇਰ ਖ਼ਾਸ ਖ਼ਬਰ ਇੱਕ ਨਜ਼ਰ ਵਿੱਚ ਬੁਲਾਇਆ ਜਾ ਰਿਹਾ ਹੈ।

ਪ੍ਰੋਫ਼ੈਸਰ ਕੁਲਵੀਰ ਸਿੰਘ ਜੋ ਪ੍ਰੋਫ਼ੈਸਰ ਤਾਂ ਨਹੀਂ ਪਰ ਸਕਰੀਨ ਉੱਤੇ ਦੂਰਦਰਸ਼ਨ ਪੰਜਾਬੀ ਵਾਲੇ ਲਿਖਦੇ ਹਨ,ਇਕ ਪ੍ਰੋਗਰਾਮ ਵਿਚ ਇਨ੍ਹਾਂ ਨੇ ਪੰਜਾਬ ਦੇ ਇਕ ਸੰਸਦੀ ਮੈਂਬਰ ਬਾਰੇ ਘਟੀਆ ਸ਼ਬਦ ਬੋਲੇ ਸਨ ਜਿਸ ਕਾਰਨ ਪ੍ਰਸਾਰ ਭਾਰਤੀ ਨੇ ਇਨ੍ਹਾਂ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਲਖਵਿੰਦਰ ਜੌਹਲ ਤੇ ਕੁਲਵੀਰ ਸਿੰਘ ਜੀ ਪ੍ਰੋਗਰਾਮ ਮੁਖੀ ਪੁਨੀਤ ਸਹਿਗਲ ਜੀ ਦੇ ਖ਼ਾਸ ਦੋਸਤ ਹਨ ਜਿਸ ਕਾਰਨ ਪ੍ਰਸਾਰ ਭਾਰਤੀ ਦੇ ਕਾਨੂੰਨਾਂ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ।ਮੁੱਕਦੀ ਗੱਲ ਦੂਰਦਰਸ਼ਨ ਪੰਜਾਬੀ ਲੋਕ ਪ੍ਰਸਾਰਨ ਸੇਵਾ ਹੈ ਇਸ ਵਿਚ ਸਰਕਾਰ ਦੀਆਂ ਮਸ਼ਹੂਰੀਆਂ ਨਹੀਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਹਿੱਤ ਪ੍ਰੋਗਰਾਮ ਪੇਸ਼ ਕਰਨੇ ਚਾਹੀਦੇ ਹਨ।

ਰਮੇਸ਼ਵਰ ਸਿੰਘ

ਸੰਪਰਕ ਨੰਬਰ -9914880392

Previous articleਕੋਵਿਡ 19 ਨੂੰ ਮੁੱਖ ਰੱਖਦਿਆਂ ਹੋਇਆਂ ਫੋਨ ਤੇ ਕਿਸਾਨ ਮੇਲੇ ਦਾ ਲਾਭ ਲੈਣ
Next articleਝੋਨੇ ਦੀ ਸਿੱਧੀ ਬਿਜਾਈ ਕੁਦਰਤੀ ਸ੍ਰੋਤ ਪਾਣੀ ਨੂੰ ਬਚਾਉਣ ਲਈ ਲਾਹੇਵੰਦ ਸਾਬਿਤ ਹੋਵੇਗੀ: ਸਨਦੀਪ ਸਿੰਘ ਏ ਡੀ ਓ