*ਜਦੋਂ ਮੇਰੀ ਬਦਲੀ ਸਰਕਾਰੀ ਹਾਈ ਸਕੂਲ ਸਮਾਉਂ ਤੋਂ ਸਰਕਾਰੀ ਹਾਈ ਸਕੂਲ ਚਕੇਰੀਆਂ ਹੋਈ।*

ਮਨਪ੍ਰੀਤ ਕੌਰ

(ਸਮਾਜ ਵੀਕਲੀ)

ਅੱਜ ਦੇ ਸਮੇਂ ਵਿੱਚ ਅਸੀਂ ਸਾਰੇ ਸਰਕਾਰੀ ਨੌਕਰੀ ਚਾਹੁੰਦੇ ਹਾਂ। ਮੈਂ ਵੀ ਉਹਨਾਂ ਵਿੱਚੋਂ ਇੱਕ ਸੀ , ਮੇਰੇ ਮਨ ਵਿੱਚ ਵੀ ਇਹ ਹੀ ਵਿਚਾਰ ਸੀ ਕਿ ਇੱਕ ਵਾਰ ਨੌਕਰੀ ਮਿਲ ਜੇ, ਚਾਹੇ ਕਿਤੇ ਮਰਜ਼ੀ ਮਿਲ ਜੇ ।

ਪਰਮਾਤਮਾ ਨੇ ਮੇਰੀ ਸੁਣ ਲਈ , ਮੈਨੂੰ ਸਰਕਾਰੀ ਹਾਈ ਸਕੂਲ ,ਸਮਾਉਂ ਵਿਖੇ ਨੌਕਰੀ ਕਰਨ ਦਾ ਮੌਕਾ ਪ੍ਰਾਪਤ ਹੋਇਆ ।ਸਕੂਲ, ਘਰ ਤੋਂ ਦੂਰ ਹੋਣ ਕਰਕੇ ਮੈਨੂੰ ਆਪਣੇ ਘਰ ਤੋਂ ਸਕੂਲ ਪਹੁੰਚਣ ਲਈ ਕਾਫੀ ਸਮਾਂ ਪਹਿਲਾਂ ਚੱਲਣਾ ਪੈਂਦਾ ਸੀ। ਲਗਭਗ ਰੋਜ਼ਾਨਾ ਦੋ ਤੋਂ ਢਾਈ ਘੰਟੇ ਮੇਰੇ ਰਸਤੇ ਵਿੱਚ ਹੀ ਬਤੀਤ ਹੋ ਜਾਂਦੇ , ਜਿਸ ਕਰਕੇ ਮੇਰੇ ਕਾਫੀ ਸਾਰੇ ਘਰ ਦੇ ਕੰਮ ਹੋਣ ਤੋਂ ਰਹਿ ਜਾਂਦੇ । ਮੇਰੇ ਬੱਚੇ ਛੋਟੇ ਹੋਣ ਕਰਕੇ ਮੇਰੇ ਲਈ ਰੋਜ਼ਾਨਾ ਇਨ੍ਹਾਂ ਵਕਤ ਕੱਢਣਾ ਮੁਸ਼ਕਿਲ ਹੋ ਗਿਆ ਸੀ । ਇਸੇ ਲਈ ਮੈਂ ਸਮਾਉਂ ਤੋਂ ਆਪਣੇ ਨੇੜੇ ਸਕੂਲ ਵਿੱਚ ਬਦਲੀ ਕਰਵਾਉਣ ਬਾਰੇ ਸੋਚਿਆ।

ਜਦੋਂ ਵਿਭਾਗ ਵੱਲੋਂ ਬਦਲੀਆਂ ਹੋਈਆ ਤਾਂ ਮੇਰੀ ਬਦਲੀ ਵੀ ਸਰਕਾਰੀ ਹਾਈ ਸਕੂਲ, ਚਕੇਰੀਆਂ ਵਿਖੇ ਹੋ ਗਈ । ਮੈਂ ਬਹੁਤ ਖੁਸ਼ ਸੀ ਕਿ ਹੁਣ ਮੈਨੂੰ ਆਪਣੇ ਘਰ ਦੇ ਨੇੜੇ ਸਕੂਲ ਮਿਲ ਗਿਆ ਹੈ , ਇੰਨਾ ਸਮਾਂ ਮੈਨੂੰ ਹੁਣ ਰਸਤੇ ਵਿੱਚ ਨਹੀਂ ਬਿਤਾਉਣ ਦੀ ਲੋੜ ਨਹੀਂ ਪਵੇਗੀ। ਹੁਣ ਮੇਰੇ ਕੋਲ ਆਪਣੇ ਬੱਚਿਆਂ ਨਾਲ ਬਿਤਾਉਣ ਲਈ ਵੀ ਸਮਾਂ ਹੋਵੇਗਾ ।

ਮੈਂ ਚਕੇਰੀਆਂ ਸਕੂਲ ਜੁਆਇਨ ਕਰ ਲਿਆ। ਪਰ ਅਜੇ ਪਿਛਲੇ ਸਕੂਲ ਵਿੱਚ ਇੱਕ ਦਿਨ ਆਪਣਾ ਚਾਰਜ ਦੇਣ ਲਈ ਸਮਾਉਂ ਜਾਣਾ ਸੀ । ਕਰੀਬ 15 ਦਿਨਾਂ ਬਾਅਦ ਮੈਂ ਆਪਣੇ ਪਿਛਲੇ ਸਕੂਲ ਵਿੱਚ ਚਾਰਜ ਦੇਣ ਲਈ ਗਈ, ਤਾਂ ਇੱਕ ਵਿਦਿਆਰਥੀ ਜਸ਼ਨਦੀਪ ਜੋ ਕਿ ਦਸਵੀ ਕਲਾਸ ਦਾ ਸੀ, ਮੇਰੇ ਕੋਲ ਭੱਜਿਆ-ਭੱਜਿਆ ਆਇਆ , ਕਹਿੰਦਾ ਸ਼ੁਕਰ ਹੈ ਮੈਡਮ ਜੀ ਤੁਸੀਂ ਆ ਗਏ, ਨਹੀਂ ਤਾਂ ਪੰਦਰਾਂ ਦਿਨਾਂ ਤੋਂ ਸਾਡੀ ਸਾਇੰਸ ਦੀ ਕਲਾਸ ਹੀ ਨਹੀਂ ਲੱਗੀ ‌। ਅੱਜ ਤੁਸੀਂ ਕਲਾਸ ਵਿੱਚ ਆ ਕੇ ਸਾਨੂੰ ਸਾਇੰਸ ਪੜਾ ਦਿਉ ।

ਵਿਦਿਆਰਥੀ ਦੀ ਇਹ ਗੱਲ ਸੁਣ ਕੇ ਮੈਨੂੰ ਆਪਣੇ ਆਪ ਤੇ ਸ਼ਰਮਿੰਦਗੀ ਮਹਿਸੂਸ ਹੋਈ ਕਿ ਅਸੀਂ ਕਿੰਨੇ ਮਤਲਬੀ ਹਾਂ, ਸਿਰਫ ਆਪਣੇ ਬੱਚਿਆਂ ਲਈ ਹੀ ਸੋਚਿਆ । ਇਹ ਬੱਚਿਆਂ ਨੂੰ ਹੁਣ ਕੌਣ ਪੜਾਏਗਾ, ਜੋ ਮੇਰੇ ਤੇ ਆਸ ਰੱਖੀ ਬੈਠੇ ਹਨ। ਮੈਂ ਉਸ ਦਿਨ ਕਲਾਸ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਪੜ੍ਹਾਇਆ, ਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਉਹਨਾਂ ਨੂੰ ਪੜ੍ਹਾਉਣ ਲਈ ਕੋਈ ਨਵਾਂ ਸਾਇੰਸ ਅਧਿਆਪਕ ਜ਼ਰੂਰ ਆਵੇਗਾ। ਮੇਰੀ ਸਰਕਾਰ ਨੂੰ ਵੀ ਬੇਨਤੀ ਹੈ ਕਿ ਅਧਿਆਪਕਾਂ ਦੀਆਂ ਬਦਲੀਆਂ ਵਿੱਦਿਅਕ ਸੈਸ਼ਨ ਦੇ ਸ਼ੁਰੂ ਵਿਚ ਕੀਤੀਆਂ ਜਾਣ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ ।

ਮਨਪ੍ਰੀਤ ਕੌਰ
ਸਾਇੰਸ ਮਿਸਟ੍ਰੈੱਸ
ਸਰਕਾਰੀ ਹਾਈ ਸਕੂਲ,ਚਕੇਰੀਆਂ (ਮਾਨਸਾ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਦੋਂ ਇਰਾਦਾ ਹੋਵੇ…
Next articleਸਿਰਜਣਹਾਰੇ