ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਨੇ ਲੋਕ ਸਭਾ ਚੋਣਾਂ ਦਾ ਛੇਵਾਂ ਗੇੜ ਮੁਕੰਮਲ ਹੋਣ ਮਗਰੋਂ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਲੋੜੀਂਦਾ ਬਹੁਮਤ ਪਹਿਲਾਂ ਹੀ ਹਾਸਲ ਕਰ ਲਿਆ ਹੈ। ਵਿਰੋਧੀ ਪਾਰਟੀਆਂ ਵੱਲੋਂ ਵਿਉਂਤੀ ਤਜਵੀਜ਼ਤ ਮੀਟਿੰਗ ’ਤੇ ਤਨਜ਼ ਕਸਦਿਆਂ ਸ਼ਾਹ ਨੇ ਕਿਹਾ ਕਿ ਇਹ ਮੀਟਿੰਗ ਵਿਰੋਧੀ ਧਿਰ ਦੇ ਆਗੂ ਦੀ ਚੋਣ ਲਈ ਹੋ ਰਹੀ ਹੈ। ਭਾਜਪਾ ਪ੍ਰਧਾਨ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਸ਼ਾਹ ਨੇ ਕਿਹਾ ਕਿ ਲੰਘੇ ਦਿਨ ਕੋਲਕਾਤਾ ਵਿੱਚ ਉਨ੍ਹਾਂ ਦੇ ਰੋਡ ਸ਼ੋਅ ਦੌਰਾਨ ਹੋਈ ਹਿੰਸਾ ਲਈ ਪੱਛਮੀ ਬੰਗਾਲ ਦੀ ਸੱਤਾਧਾਰੀ ਤ੍ਰਿਣਮੂਲ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਚੋਣ ਕਮਿਸ਼ਨ ’ਤੇ ‘ਦੋਹਰੇ ਮਾਪਦੰਡ’ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਮਿਸ਼ਨ ਸੂਬੇ (ਪੱਛਮੀ ਬੰਗਾਲ) ਵਿੱਚ ਚੋਣ ਜ਼ਾਬਤੇ ਦੀਆਂ ਉੱਡ ਰਹੀਆਂ ਧੱਜੀਆਂ ਨੂੰ ‘ਮੂਕ ਦਰਸ਼ਕ’ ਬਣ ਕੇ ਵੇਖ ਰਿਹਾ ਹੈ। ਭਾਜਪਾ ਪ੍ਰਧਾਨ ਨੇ ਤ੍ਰਿਣਮੂਲ ਕਾਂਗਰਸ ਵੱਲੋਂ ਭਾਜਪਾ ਵਰਕਰਾਂ ’ਤੇ ਸਿੱਖਿਆ ਸ਼ਾਸਤਰੀ ਤੇ ਸਮਾਜ ਸੁਧਾਰਕ ਈਸ਼ਵਰ ਚੰਦਰ ਵਿਦਿਆਸਾਗਰ ਦੇ ਬੁੱਤ ਦੀ ਤੋੜ ਭੰਨ ਕੀਤੇ ਜਾਣ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ।
HOME ਬੰਗਾਲ ’ਚ ਹਿੰਸਾ ਲਈ ਅਮਿਤ ਸ਼ਾਹ ਨੇ ਮਮਤਾ ਨੂੰ ਜ਼ਿੰਮੇਵਾਰ ਦੱਸਿਆ