‘ਭਾਜਪਾ ਦੇ ਗੁੰਡਿਆਂ’ ਨੇ ਵਿਦਿਆਸਾਗਰ ਦਾ ਬੁੱਤ ਤੋੜਿਆ: ਤ੍ਰਿਣਮੂਲ ਕਾਂਗਰਸ

ਭਗਵਾਂ ਪਾਰਟੀ ’ਤੇ ਹਮਲੇ ਤੇਜ਼ ਕਰਦਿਆਂ ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਬੁੱਧਵਾਰ ਨੂੰ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ‘ਭਾਜਪਾ ਦੇ ਗੁੰਡਿਆਂ’ ਨੇ ਸਮਾਜ ਸੁਧਾਰਕ ਈਸ਼ਵਰ ਚੰਦਰ ਵਿਦਿਆਸਾਗਰ ਦੇ ਬੁੱਤ ਨੂੰ ਤੋੜਿਆ। ਤ੍ਰਿਣਮੂਲ ਦੇ ਸੰਸਦ ਮੈਂਬਰਾਂ ਡੈਰੇਕ ਓ’ਬ੍ਰਾਇਨ, ਸੁਕੇਂਦੂ ਸ਼ੇਖਰ ਰੇਅ, ਮਨੀਸ਼ ਗੁਪਤਾ ਅਤੇ ਨਦੀਮਉੱਲ ਹੱਕ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਮੰਗਲਵਾਰ ਨੂੰ ਭਾਜਪਾ ਵੱਲੋਂ ਕੋਲਕਾਤਾ ’ਚ ਕੀਤੀ ਗਈ ਕਥਿਤ ਹਿੰਸਾ ਦੇ ਸਬੂਤ ਵੀ ਸੌਂਪੇ। ਇਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟੀਐਮਸੀ ਆਗੂ ਓ’ਬ੍ਰਾਇਨ ਨੇ ਕਿਹਾ,‘‘ਵੀਡੀਓ ਨਾਲ ਨਾ ਸਿਰਫ਼ ਭਾਜਪਾ ਵੱਲੋਂ ਕੀਤਾ ਗਿਆ ਕਾਰਾ ਸਪੱਸ਼ਟ ਹੋ ਗਿਆ ਹੈ ਸਗੋਂ ਇਹ ਵੀ ਸਾਬਿਤ ਹੋ ਗਿਆ ਹੈ ਕਿ ਭਾਜਪਾ ਮੁਖੀ ਅਮਿਤ ਸ਼ਾਹ ਝੂਠਾ ਅਤੇ ‘ਧੋਖੇਬਾਜ਼’ ਵੀ ਹੈ।’’ ਉਨ੍ਹਾਂ ਕਿਹਾ ਕਿ ਕੋਲਕਾਤਾ ਦੀਆਂ ਗਲੀਆਂ ’ਚ ਲੋਕ ਸਦਮੇ ਅਤੇ ਗੁੱਸੇ ’ਚ ਹਨ ਅਤੇ ਕੱਲ ਜੋ ਕੁਝ ਵਾਪਰਿਆ, ਉਹ ਬੰਗਾਲੀ ਮਾਣ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਸੀ। ਇਕ ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ ਕੁਝ ਵਿਅਕਤੀ ਜ਼ਬਰਦਸਤੀ ਵਿਦਿਆਸਾਗਰ ਕਾਲਜ ਦਾ ਗੇਟ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਹ ਦੀਵਾਰ ਟੱਪ ਕੇ ਕੈਂਪਸ ਅੰਦਰ ਦਾਖ਼ਲ ਹੋ ਗਏ। ਓ’ਬ੍ਰਾਇਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਕੋਲ 44 ਵੀਡੀਓ ਹਨ ਜੋ ਸਾਬਿਤ ਕਰਦੇ ਹਨ ਕਿ ਭਾਜਪਾ ਵਰਕਰਾਂ ਨੇ ਹਿੰਸਾ ਕੀਤੀ। ਪਾਰਟੀ ਨੇ ਵੀਡੀਓ ਅਤੇ ਵੱਟਸਐਪ ਮੈਸੇਜ ਵੀ ਦਿਖਾਇਆ ਜਿਸ ’ਚ ਭਾਜਪਾ ਹਮਾਇਤੀ ਲੋਕਾਂ ਨੂੰ ਆਖ ਰਿਹਾ ਹੈ ਕਿ ਸ਼ਾਹ ਦੇ ਰੋਡ ਸ਼ੋਅ ’ਚ ਉਹ ਰਾਡਾਂ ਅਤੇ ਹਥਿਆਰਾਂ ਨਾਲ ਲੈਸ ਹੋ ਕੇ ਆਉਣ ਤਾਂ ਜੋ ਟੀਐਮਸੀ ਅਤੇ ਪੁਲੀਸ ਨਾਲ ਲੜਿਆ ਜਾ ਸਕੇ। ਟੀਐਮਸੀ ਆਗੂ ਨੇ ਕਿਹਾ ਕਿ ਹਿੰਸਾ ਦੌਰਾਨ ‘ਵਿਦਿਆਸਾਗਰ ਖ਼ਤਮ, ਜੋਸ਼ ਕਿੱਥੇ ਹੈ’ ਜਿਹੇ ਨਾਅਰਿਆਂ ਦੀ ਤਹਿਤੀਕਾਤ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੱਛਮੀ ਬੰਗਾਲ ’ਚ ਤਾਇਨਾਤ ਕੀਤੇ ਗਏ ਕੇਂਦਰੀ ਬਲਾਂ ਨੇ ਵੀ ਭਾਜਪਾ ਨੂੰ ਵੋਟ ਪੁਆਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਬਲਾਂ ਦੀ ਭਾਜਪਾ ਨਾਲ ਮਿਲੀਭੁਗਤ ਹੈ ਅਤੇ ਇਸ ਖ਼ਿਲਾਫ਼ ਪਾਰਟੀ ਨੇ ਚੋਣ ਕਮਿਸ਼ਨ ਨੂੰ ਚੌਥੀ ਚਿੱਠੀ ਲਿਖੀ ਹੈ। ਤ੍ਰਿਣਮੂਲ ਕਾਂਗਰਸ ਨੇ ਉਪ ਚੋਣ ਕਮਿਸ਼ਨਰ ਸੁਦੀਪ ਜੈਨ ’ਤੇ ਵੀ ਦੋਸ਼ ਲਾਇਆ ਕਿ ਉਸ ਨੇ ਪੁਲੀਸ ਨੂੰ ਹੁਕਮ ਦਿੱਤੇ ਕਿ ਉਹ ਸੂਬੇ ’ਚ ਭਾਜਪਾ ਦੇ ਪ੍ਰਚਾਰ ਅਤੇ ਅਮਿਤ ਸ਼ਾਹ ਮਾਮਲੇ ’ਚ ਦਖ਼ਲ ਨਾ ਦੇਵੇ।

Previous articleਮੋਦੀ ਦਾ ਕਾਰਜਕਾਲ ਕਾਲੇ ਧੱਬੇ ਵਰਗਾ ਰਿਹਾ: ਮਾਇਆਵਤੀ
Next articleਬੰਗਾਲ ’ਚ ਹਿੰਸਾ ਲਈ ਅਮਿਤ ਸ਼ਾਹ ਨੇ ਮਮਤਾ ਨੂੰ ਜ਼ਿੰਮੇਵਾਰ ਦੱਸਿਆ