ਬੈਲਟ ਪੇਪਰ ਰਾਹੀਂ ਵੋਟਿੰਗ ਕਰਵਾਉਣ ’ਤੇ ਉੱਠੇ ਸਵਾਲ

 

  • ਪਿੰਡ ਵਾਸੀਆਂ ਵੱਲੋਂ ਪਾਰਦਰਸ਼ਤਾ ਖਾਤਰ ਵੋਟਿੰਗ ਰੱਦ ਕਰਨ ਦੀ ਮੰਗ

ਟੱਲੇਵਾਲ (ਸਮਾਜ ਵੀਕਲੀ):  ਪੰਜਾਬ ਵਿਧਾਨ ਸਭਾ ਚੋਣਾਂ ਵਿਚ ਚੋਣ ਕਮਿਸ਼ਨ ਨੇ ਬਜ਼ੁਰਗਾਂ ਤੇ ਅੰਗਹੀਣਾਂ ਨੂੰ ਬੈਲਟ ਪੇਪਰ ’ਤੇ ਘਰ ਤੋਂ ਵੋਟ ਪਾਉਣ ਦੀ ਸੁਵਿਧਾ ਦਿੱਤੀ ਹੈ ਪਰ ਪਿੰਡ ਚੀਮਾ ਵਿੱਚ ਚੋਣ ਕਮਿਸ਼ਨ ਦੀ ਇਸ ਵੋਟਿੰਗ ਪ੍ਰਕਿਰਿਆ ’ਤੇ ਸਵਾਲ ਉੱਠ ਰਹੇ ਹਨ। ਪਿੰਡ ਦੇ ਇੱਕ ਬਜ਼ੁਰਗ ਨੇ ਵੋਟਿੰਗ ਕਰਵਾਉਣ ਆਈ ਟੀਮ ’ਤੇ ਧੱਕੇ ਨਾਲ ਖ਼ੁਦ ਵੋਟ ਪਾਉਣ ਦੇ ਦੋਸ਼ ਲਾਏ ਹਨ। ਇਸ ਦੇ ਵਿਰੁੱਧ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਬੀਕੇਯੂ (ਉਗਰਾਹਾਂ) ਦੇ ਆਗੂਆਂ ਨੇ ਪਿੰਡ ਦੇ ਲੋਕਾਂ ਸਣੇ ਚੋਣ ਕਮਿਸ਼ਨ ਵਿਰੁੱਧ ਨਾਅਰੇਬਾਜ਼ੀ ਕੀਤੀ। ਪਿੰਡ ਦੇ ਬਜ਼ੁਰਗ ਸਾਧੂ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰੇ ਆਈ ਵੋਟਾਂ ਵਾਲੀ ਟੀਮ ਨੇ ਉਸ ਕੋਲੋਂ ਇੱਕ ਕਾਗਜ਼ ’ਤੇ ਅੰਗੂਠਾ ਲਗਵਾਇਆ ਅਤੇ ਉਸ ਦੀ ਵੋਟ ਅਧਿਕਾਰੀਆਂ ਨੇ ਖ਼ੁਦ ਹੀ ਪਾ ਲਈ। ਉਸ ਨੂੰ ਨਹੀਂ ਪਤਾ ਕਿ ਉਸ ਦੀ ਵੋਟ ਕਿਸ ਨੂੰ ਪਈ ਹੈ। ਸਾਧੂ ਸਿੰਘ ਦੇ ਪੁੱਤਰ ਚਮਕੌਰ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਵੋਟ ਪਾਉਣ ਵੇਲੇ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਰੱਖਣਾ ਚਾਹੀਦਾ ਹੈ। ਉਨ੍ਹਾਂ ਦੇ ਬਜ਼ੁਰਗ ਦੀ ਵੋਟ ਅਧਿਕਾਰੀਆਂ ਨੇ ਆਪਣੀ ਮਰਜ਼ੀ ਨਾਲ ਪਾਈ ਹੈ, ਜਿਸ ਕਰਕੇ ਇਹ ਵੋਟ ਰੱਦ ਹੋਣੀ ਚਾਹੀਦੀ ਹੈ। ਕਿਸਾਨ ਆਗੂ ਦਰਸ਼ਨ ਸਿੰਘ, ਬਲਵੰਤ ਸਿੰਘ ਅਤੇ ਤੇਗਵੀਰ ਸਿੰਘ ਧਾਲੀਵਾਲ ਨੇ ਕਿਹਾ ਕਿ ਚੋਣ ਅਧਿਕਾਰੀਆਂ ਦੀ ਇਸ ਕਾਰਵਾਈ ਨਾਲ ਪਾਰਦਰਸ਼ਤਾ ’ਤੇ ਸਵਾਲ ਉੱਠੇ ਹਨ।

ਸ਼ਿਕਾਇਤ ਦਿੱਤੀ ਜਾ ਸਕਦੀ ਹੈ: ਸੁਪਰਵਾਈਜ਼ਰ

ਵੋਟਿੰਗ ਕਰਵਾਉਣ ਆਈ ਚੋਣ ਕਮਿਸ਼ਨ ਦੀ ਟੀਮ ਦੇ ਸੁਪਰਵਾਈਜ਼ਰ ਗੁਰਦੀਪ ਸਿੰਘ ਨੇ ਕਿਹਾ ਕਿ ਘਰ ਤੋਂ ਵੋਟ ਪਵਾਉਣ ਲਈ ਬਾਕਾਇਦਾ ਚੋਣ ਕਮਿਸ਼ਨ ਨੇ ਪਹਿਲਾਂ ਫ਼ਾਰਮ ਭਰਵਾਏ ਸਨ। ਪਿੰਡ ਚੀਮਾ ਵਿੱਚ ਜੇ ਗਲਤ ਵੋਟ ਪਈ ਹੈ ਤਾਂ ਵੋਟਰ ਇਸ ਦੀ ਲਿਖ਼ਤੀ ਸ਼ਿਕਾਇਤ ਏਡੀਸੀ ਬਰਨਾਲਾ ਨੂੰ ਦੇ ਸਕਦਾ ਹੈ। ਬਰਨਾਲਾ ਦੇ ਏਡੀਸੀ (ਜ) ਨੂੰ ਵਾਰ-ਵਾਰ ਫੋਨ ਕੀਤਾ ਗਿਆ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।

ਪ੍ਰਕਿਰਿਆ ਦੀ ਬਾਕਾਇਦਾ ਵੀਡੀਓਗ੍ਰਾਫੀ ਹੋਈ : ਨੋਡਲ ਅਧਿਕਾਰੀ

ਨੋਡਲ ਅਫ਼ਸਰ ਅਤੇ ਬੀਡੀਪੀਓ ਬਰਨਾਲਾ ਸੁਖਚੈਨ ਸਿੰਘ ਨੇ ਕਿਹਾ ਕਿ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਵੋਟਿੰਗ ਲਈ 5 ਟੀਮਾਂ ਗਈਆਂ ਸਨ। ਸਿਰਫ਼ ਪਿੰਡ ਚੀਮਾ ਵਿੱਚ ਹੀ ਇਹ ਮਾਮਲਾ ਸਾਹਮਣੇ ਆਇਆ ਹੈ। ਜਿਹੜੇ ਵੋਟਰ ਸਾਧੂ ਸਿੰਘ ਦੋਸ਼ ਲਗਾ ਰਹੇ ਹਨ, ਉਨ੍ਹਾਂ ਦੀ ਬਕਾਇਦਾ ਚੋਣ ਕਮਿਸ਼ਨ ਵਲੋਂ ਵੀਡੀਓਗ੍ਰਾਫ਼ੀ ਕੀਤੀ ਹੋਈ ਹੈ। ਅਧਿਕਾਰੀਆਂ ਉਪਰ ਲੱਗੇ ਸਭ ਦੋਸ਼ ਗਲਤ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕਾਂ ਦੇ ਸਹਿਯੋਗ ਸਦਕਾ ਮਿਹਨਤ ਕਰਨ ਦੀ ਤਾਕਤ ਵਧੀ: ਚੰਨੀ
Next articleਭਾਜਪਾ ਦੀ ਕੌਮੀ ਆਗੂ ਵੱਲੋਂ ਪੱਤਰਕਾਰਾਂ ਨਾਲ ਬਦਸਲੂਕੀ