ਭਾਜਪਾ ਦੀ ਕੌਮੀ ਆਗੂ ਵੱਲੋਂ ਪੱਤਰਕਾਰਾਂ ਨਾਲ ਬਦਸਲੂਕੀ

ਧੂਰੀ (ਸਮਾਜ ਵੀਕਲੀ):  ਭਾਜਪਾ ਦੀ ਕੌਮੀ ਤਰਜਮਾਨ ਸ਼ਾਜ਼ੀਆ ਇਲਮੀ ਅੱਜ ਇੱਥੇ ਹਲਕਾ ਧੂਰੀ ਤੋਂ ਪਾਰਟੀ ਉਮੀਦਵਾਰ ਰਣਦੀਪ ਸਿੰਘ ਦਿਓਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੀ। ਇਸ ਮੌਕੇ ਪ੍ਰੈੱਸ ਕਲੱਬ ਧੂਰੀ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਮਹਿਲਾ ਆਗੂ ਨੇ ਪੱਤਰਕਾਰਾਂ ਨੂੰ ਸੱਚ ਦਿਖਾਉਣ ਦੀ ਨਸੀਹਤ ਦਿੰਦਿਆਂ ਮੀਡੀਆ ਨੂੰ ਕਥਿਤ ਤੌਰ ’ਤੇ ‘ਵਿਕਾਊ’ ਦੱਸਿਆ। ਸ਼ਾਜ਼ੀਆ ਇਲਮੀ ਦੀ ਇਸ ਨਸੀਹਤ ਮਗਰੋਂ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ 700 ਕਿਸਾਨਾਂ ਦੀ ਖ਼ਬਰ ਨੂੰ ਭਾਜਪਾ ਵੱਲੋਂ ਦਬਾਏ ਜਾਣ ਬਾਰੇ ਪੁੱਛਿਆ ਤਾਂ ਸ਼ਾਜ਼ੀਆ ਇਲਮੀ ਨੇ ਪੱਤਰਕਾਰਾਂ ਨਾਲ ਗ਼ਲਤ ਲਹਿਜ਼ੇ ਵਿੱਚ ਗੱਲ ਕਰਦਿਆਂ ਉਨ੍ਹਾਂ ਦੀ ਮਰਜ਼ੀ ਤੋਂ ਬਗੈਰ ਸਵਾਲ ਪੁੱਛਣ ਤੋਂ ਰੋਕ ਦਿੱਤਾ।

ਇਸ ਵਿਹਾਰ ਤੋਂ ਨਾਰਾਜ਼ ਹੋਏ ਪੱਤਰਕਾਰਾਂ ਨੇ ਪ੍ਰੈੱਸ ਵਾਰਤਾ ਦਾ ਬਾਈਕਾਟ ਕਰਨ ਦੀ ਧਮਕੀ ਦਿੱਤੀ। ਪੱਤਰਕਾਰਾਂ ਵੱਲੋਂ ਵਿਰੋਧ ਜਤਾਉਣ ’ਤੇ ਸ਼ਾਜ਼ੀਆ ਇਲਮੀ ਪ੍ਰੈੱਸ ਕਾਨਫਰੰਸ ਵਿਚਾਲੇ ਛੱਡ ਕੇ ਚਲੀ ਗਈ। ਇਸ ਮਗਰੋਂ ਹਲਕਾ ਧੂਰੀ ਤੋਂ ਉਮੀਦਵਾਰ ਰਣਦੀਪ ਦਿਓਲ ਨੇ ਭਾਜਪਾ ਮਹਿਲਾ ਆਗੂ ਵੱਲੋਂ ਪੱਤਰਕਾਰਾਂ ਨਾਲ ਕੀਤੇ ਦੁਰਵਿਹਾਰ ਨੂੰ ਗ਼ਲਤ ਦੱਸਦਿਆਂ ਕਿਹਾ ਕਿ ਉਹ ਇਸ ਬਾਰੇ ਕੌਮੀ ਆਗੂਆਂ ਨੂੰ ਜਾਣੂ ਕਰਵਾਉਣਗੇ। ਇਸ ਮੌਕੇ ਦਿੱਲੀ ਦੇ ਸਾਬਕਾ ਵਿਧਾਇਕ ਕਰਨਲ ਦੇਵਿੰਦਰ ਸ਼ੇਰਾਵਤ ਅਤੇ ਗਾਂਧੀ ਨਗਰ ਤੋਂ ਵਿਧਾਇਕ ਅਨਿਲ ਵਾਜਪਾਈ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੈਲਟ ਪੇਪਰ ਰਾਹੀਂ ਵੋਟਿੰਗ ਕਰਵਾਉਣ ’ਤੇ ਉੱਠੇ ਸਵਾਲ
Next articleਜਾਤ ਦੇ ਆਧਾਰ ’ਤੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਬੱਜਰ ਗਲਤੀ: ਕੈਪਟਨ