ਬੈਂਸ ਖ਼ਿਲਾਫ਼ ਕਾਰਵਾਈ ਲਈ ਅੜੇ ਅਧਿਕਾਰੀ ਤੇ ਮੁਲਾਜ਼ਮ

ਪੰਜਾਬ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਇਕ ਰੋਜ਼ਾ ਹੜਤਾਲ 11 ਸਤੰਬਰ ਤਕ ਵਧਾ ਦਿੱਤੀ ਹੈ।
ਅਧਿਕਾਰੀਆਂ ਵੱਲੋਂ ਵੀ ਹੜਤਾਲ ਵਿਚ ਸ਼ਾਮਲ ਹੋਣ ਦੇ ਐਲਾਨ ਨਾਲ ਸੂਬੇ ਭਰ ਵਿਚ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਦਾ ਸਮੁੱਚਾ ਕੰਮ ਠੱਪ ਹੋਣ ਦੇ ਆਸਾਰ ਬਣ ਗਏ ਹਨ। ਅੱਜ ਡੀਸੀ ਦਫਤਰ ਐਂਪਲਾਈਜ਼ ਯੂਨੀਅਨ ਦੇ ਨਾਲ ਪੀਸੀਐਸ (ਐਗਜ਼ੈਕਟਿਵ ਆਫੀਸਰਜ਼ ਐਸੋਸੀਏਸ਼ਨ), ਸਰਕਲ ਰੈਵੇਨਿਊ ਅਫਸਰ (ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ), ਕਾਨੂੰਗੋ ਅਤੇ ਪਟਵਾਰੀ ਵੀ ਹੜਤਾਲ ਵਿਚ ਸ਼ਾਮਲ ਹੋਏ। ਡੀਸੀ ਦਫਤਰਾਂ ਵਿਚਲੇ ਕਲਰਕ ਤੋਂ ਲੈ ਕੇ ਸਮੂਹ ਮੁਲਾਜ਼ਮਾਂ ਦੇ ਹੜਤਾਲ ਦੇ ਰਾਹ ਪੈਣ ਕਾਰਨ ਸਰਕਾਰ ਦੀ ਸਿਰਦਰਦੀ ਵੱਧ ਗਈ ਹੈ।
ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰਜ਼ ਦਫਤਰ ਐਂਪਲਾਈਜ਼ ਯੂਨੀਅਨ ਨੇ 9 ਸਤੰਬਰ ਨੂੰ ਸੂਬੇ ਦੇ ਸਮੂਹ ਡੀਸੀਜ਼ ਦਫਤਰਾਂ ਵਿਚ ਕਲਮ ਛੋੜ ਹੜਤਾਲ ਕਰਨ ਦਾ ਐਲਾਨ ਕੀਤਾ ਸੀ ਜਿਸ ਤਹਿਤ ਅੱਜ ਸਮੂਹ ਡੀਸੀ ਦਫਤਰਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਰਿਹਾ। ਫਰੀਦਕੋਟ ਅਤੇ ਫਿਰੋਜ਼ਪੁਰ ਮੰਡਲਾਂ ਵਿਚ ਪੈਂਦੇ 7 ਜ਼ਿਲ੍ਹਿਆਂ ਮਾਨਸਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਦੇ ਪੀਸੀਐਸ ਅਧਿਕਾਰੀ ਵੀ ਅੱਜ ਕਲਮ ਛੋੜ ਹੜਤਾਲ ਵਿਚ ਕੁੱਦ ਪਏ ਹਨ ਜਿਸ ਕਾਰਨ ਸਰਕਾਰ ਉਪਰ ਸ੍ਰੀ ਬੈਂਸ ਨੂੰ ਗ੍ਰਿਫ਼ਤਾਰ ਕਰਨ ਦਾ ਦਬਾਅ ਵਧਦਾ ਜਾ ਜਿਹਾ ਹੈ।
ਇਸੇ ਦੌਰਾਨ ਅੱਜ ਪੀਸੀਐਸ, ਐਗਜ਼ੈਕਟਿਵ ਆਫੀਸਰਜ਼ ਐਸੋਸੀਏਸ਼ਨ, ਡੀਸੀ ਦਫਤਰ ਐਂਪਲਾਈਜ਼ ਯੂੁਨੀਅਨ ਅਤੇ ਪੰਜਾਬ ਪਟਵਾਰ ਯੂਨੀਅਨ ਦੀ ਸਾਂਝੀ ਮੀਟਿੰਗ ਹੋਈ। ਪੀਸੀਐਸ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਗੁਪਤਾ ਤੇ ਜਨਰਲ ਸਕੱਤਰ ਡਾ. ਰਜਿਤ ਓਬਰਾਏ ਅਤੇ ਡੀਸੀ ਦਫਤਰ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਗੁਰਨਾਮ ਵਿਰਕ ਤੇ ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ ਨੇ ਹੜਤਾਲ 11 ਸਤੰਬਰ ਤਕ ਵਧਾਉਣ ਦਾ ਫੈਸਲਾ ਲਿਆ ਹੈ। ਇਸ ਦੀ ਅਗਲੀ ਸੁਣਵਾਈ 12 ਸਤੰਬਰ ਨੂੰ ਹੋਵੇਗੀ।

ਮੈਂ ਆਪਣੇ ਦਫ਼ਤਰ ਬੈਠਾਂ, ਕੈਪਟਨ ਜਦੋਂ ਮਰਜ਼ੀ ਗ੍ਰਿਫ਼ਤਾਰ ਕਰਵਾ ਲੈਣ: ਬੈਂਸ
ਲੁਧਿਆਣਾ : ਗੁਰਦਾਸਪੁਰ ਦੇ ਡੀਸੀ ਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਮਾਮਲਾ ਭਖਦਾ ਹੀ ਜਾ ਰਿਹਾ ਹੈ। ਪਿਛਲੇ ਦਿਨੀਂ ਬਟਾਲਾ ਵਿੱਚ ਵਿਧਾਇਕ ਬੈਂਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਸਾਫ਼ ਕੀਤਾ ਗਿਆ ਕਿ ਕੇਸ ਉਨ੍ਹਾਂ ਵੱਲੋਂ ਦਰਜ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਵਿਧਾਇਕ ਬੈਂਸ ਵਲੋਂ ਲੁਧਿਆਣਾ ਕੋਟ ਮੰਗਲ ਸਿੰਘ ਨਗਰ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਮਿਲਣੀ ਕੀਤੀ। ਸ੍ਰੀ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੁਣੌਤੀ ਕਬੂਲ ਹੈ, ਉਹ ਆਪਣੇ ਦਫ਼ਤਰ ਵਿੱਚ ਕੰਮ ਕਰ ਰਿਹਾ ਹੈ, ਮੁੱਖ ਮੰਤਰੀ ਜਦੋਂ ਮਰਜ਼ੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾ ਲੈਣ। ਇਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਵਿਧਾਇਕ ਬਲਵਿੰਦਰ ਸਿੰਘ ਬੈਂਸ ਤੇ ਉਨ੍ਹਾਂ ਦੇ ਸਮਰਥਕ ਵੀ ਮੌਜੂਦ ਸਨ। ਬੈਂਸ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਦੀ ਧਮਕੀ ਤੋਂ ਨਹੀਂ ਡਰਦੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਉਨ੍ਹਾਂ ’ਤੇ 14 ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਦਾਲਤ ’ਤੇ ਪੂਰਾ ਭਰੋਸਾ ਹੈ ਤੇ ਬਟਾਲਾ ਵਾਲੇ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਅਦਾਲਤ ’ਚ ਜ਼ਮਾਨਤ ਅਰਜ਼ੀ ਦਾਇਰ ਕਰ ਦਿੱਤੀ ਹੈ।

Previous articleਭਾਜਪਾ ਜ਼ਿਲ੍ਹਾ ਪ੍ਰਧਾਨ ਤੇ ਡਾਕਟਰਾਂ ਵਿਚਾਲੇ ਖੜਕੀ
Next articleਕਸ਼ਮੀਰ: ਮੁਹੱਰਮ ਕਾਰਨ ਲਾਈਆਂ ਪਾਬੰਦੀਆਂ ਹਟਾਈਆਂ