ਕਸ਼ਮੀਰ: ਮੁਹੱਰਮ ਕਾਰਨ ਲਾਈਆਂ ਪਾਬੰਦੀਆਂ ਹਟਾਈਆਂ

ਸ੍ਰੀਨਗਰ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਕਸ਼ਮੀਰ ਦੇ ਬਾਕੀ ਹਿੱਸਿਆਂ ਵਿਚੋਂ ਪਾਬੰਦੀਆਂ ਹਟਾ ਲਈਆਂ ਗਈਆਂ ਹਨ। ਹਾਲਾਂਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਵਾਦੀ ਵਿਚ ਆਈ ਖੜੋਤ ਬਣੀ ਹੋਈ ਹੈ ਤੇ 36ਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ। ਸਕੂਲ ਤੇ ਸਰਕਾਰੀ ਟਰਾਂਸਪੋਰਟ ਪਹਿਲਾਂ ਵਾਂਗ ਹੀ ਬੰਦ ਹਨ। ਸ੍ਰੀਨਗਰ ਦੇ ਕੁਝ ਅੰਦਰੂਨੀ ਇਲਾਕਿਆਂ ਤੇ ਮੈਸੁਮਾ ਪੁਲੀਸ ਸਟੇਸ਼ਨ ਅਧੀਨ ਪੈਂਦੇ ਇਲਾਕੇ ’ਚ ਪਾਬੰਦੀਆਂ ਹਾਲੇ ਵੀ ਲੱਗੀਆਂ ਹੋਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਪਾਰਕ ਖੇਤਰ ਲਾਲ ਚੌਕ ਤੇ ਨੇੜਲੇ ਇਲਾਕਿਆਂ ਵਿਚੋਂ ਬੈਰੀਕੇਡ ਹਟਾ ਲਏ ਗਏ ਹਨ। ਇਸ ਤੋਂ ਇਕ ਦਿਨ ਪਹਿਲਾਂ ਇੱਥੋਂ ਦੇ ਸਾਰੇ ਦਾਖ਼ਲਾ ਮਾਰਗਾਂ ’ਤੇ ਕੰਡਿਆਲੀ ਤਾਰ ਲੱਗੀ ਹੋਈ ਸੀ। ਦੱਸਣਯੋਗ ਹੈ ਕਿ ਐਤਵਾਰ ਨੂੰ ਮੁਹੱਰਮ ਦੇ 8ਵੇਂ ਦਿਨ ਵਾਦੀ ਤੇ ਸ਼ਹਿਰ ਵਿਚ ਕਿਸੇ ਨੂੰ ਵੀ ਜਲੂਸ ਕੱਢਣ ਤੋਂ ਰੋਕਣ ਲਈ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਗਈਆਂ ਸਨ। ਮੁਹੱਰਮ ਦੇ ਅੱਠਵੇਂ ਤੇ ਦਸਵੇਂ ਦਿਨ ਇਸ ਤਰ੍ਹਾਂ ਦੀ ਪਾਬੰਦੀ ਪਹਿਲਾਂ ਵੀ ਲਾਈ ਜਾਂਦੀ ਹੈ।ਜ਼ਿਕਰਯੋਗ ਹੈ ਕਿ ਕਸ਼ਮੀਰ ਵਿਚ ਪਾਬੰਦੀਆਂ ਪੰਜ ਅਗਸਤ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਲਗਾਤਾਰ ਲਾਈਆਂ ਜਾਂਦੀਆਂ ਰਹੀਆਂ ਹਨ ਹਾਲਾਂਕਿ ਵਿਚਾਲੇ ਕੁਝ ਢਿੱਲ ਵੀ ਮਿਲੀ ਹੈ। ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ਼ ਮੌਕੇ ਵੀ ਪਾਬੰਦੀ ਲਾ ਦਿੱਤੀ ਜਾਂਦੀ ਹੈ। ਫ਼ਿਲਹਾਲ ਕਾਰੋਬਾਰੀ ਤੇ ਵਪਾਰਕ ਅਦਾਰੇ ਵੀ ਬੰਦ ਹਨ। ਲੈਂਡਲਾਈਨ ਫੋਨਾਂ ਨੂੰ ਛੱਡ ਮੋਬਾਈਲ ਤੇ ਇੰਟਰਨੈੱਟ ਸੇਵਾ ਵੀ ਬੰਦ ਹੈ। ਮਾਪੇ ਸੁਰੱਖਿਆ ਕਾਰਨਾਂ ਕਰ ਕੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਇਨਕਾਰੀ ਹਨ।

Previous articleਬੈਂਸ ਖ਼ਿਲਾਫ਼ ਕਾਰਵਾਈ ਲਈ ਅੜੇ ਅਧਿਕਾਰੀ ਤੇ ਮੁਲਾਜ਼ਮ
Next articleਰੋਡ ਮਜਾਰਾ ਦੇ ਲੋਕਾਂ ਨੇ ਵਾਹਣੀਂ ਪਾਏ ‘ਚਿੱਟੇ’ ਦੇ ਤਸਕਰ