ਕੇਂਦਰ ਨੇ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਖੇਤੀ ਕਾਨੂੰਨ ਲਿਆਂਦੇ: ਜਾਖੜ

ਅਜਨਾਲਾ (ਸਮਾਜ ਵੀਕਲੀ) : ਕੇਂਦਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਇੱਥੋਂ ਪੰਜ ਕਿਲੋਮੀਟਰ ਦੂਰ ਪਿੰਡ ਚਮਿਆਰੀ ਵਿੱਚ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਕਰਵਾਈ ਗਈ ਕਿਸਾਨ ਜਾਗਰੂਕਤਾ ਕਾਨਫਰੰਸ ’ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਹਾਜ਼ਰੀ ਲਵਾਈ।

ਇਸ ਮੌਕੇ ਸ੍ਰੀ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ ਲਿਆ ਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ ਹਨ। ਭਖਦੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਅਤੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਇਹ ਖੇਤੀ ਕਾਨੂੰਨ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਵਤੀਰਾ ਦੇਸ਼ ਦੇ ਸੰਘੀ ਢਾਂਚੇ ਦੇ ਮੂਲ ਸਿਧਾਂਤ ਦੀ ਉਲੰਘਣਾ ਹੈ। ਜਿੱਥੇ ਇਹ ਤਿੰਨੋਂ ਕਾਨੂੰਨ ਪੰਜਾਬ ਦੇ ਖੇਤੀ ਢਾਂਚੇ ਨੂੰ ਤਬਾਹ ਕਰ ਦੇਣਗੇ, ਉੱਥੇ ਹੀ ਇਨ੍ਹਾਂ ਨਾਲ ਪੰਜਾਬ ਦਾ ਆੜ੍ਹਤੀ ਵਰਗ, ਮਜ਼ਦੂਰ, ਟਰਾਂਸਪੋਰਟਰ ਤੇ ਛੋਟੇ ਵਪਾਰੀ ਵੀ ਤਬਾਹ ਹੋ ਜਾਣਗੇ। ਇਸ ਲਈ ਪੰਜਾਬ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਨੂੰ ਵਿਧਾਨ ਸਭਾ ਵਿੱਚ ਰੱਦ ਕੀਤਾ ਹੈ।

ਸ੍ਰੀ ਜਾਖੜ ਨੇ ਸੁਖਬੀਰ ਬਾਦਲ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਪੰਜਾਬ ਵਿਰੋਧੀ ਹਨ ਅਤੇ ਪੰਜਾਬ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕਰਨ ਵਿੱਚ ਦੋਵਾਂ ਪਾਰਟੀਆਂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਰਵੱਈਏ ਖ਼ਿਲਾਫ਼ ਖੇਤੀ ਕਾਨੂੰਨਾਂ ਵਿਰੋਧੀ ਲੱਗੇ ਮੋਰਚੇ ਅਜੇ ਲੰਮਾ ਸਮਾਂ ਚੱਲਣਗੇ। ਇਸ ਮੌਕੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਸੁਨੀਲ ਦੱਤੀ, ਸੰਤੋਖ ਸਿੰਘ ਭਲਾਈਪੁਰ, ਭਗਵੰਤਪਾਲ ਸਿੰਘ ਸੱਚਰ, ਚੇਅਰਮੈਨ ਨਗਰ ਸੁਧਾਰ ਦਿਨੇਸ਼ ਬੱਸੀ ਨੇ ਵੀ ਸੰਬੋਧਨ ਕੀਤਾ।

Previous articleਪੁਲੀਸ ਵੱਲੋਂ ਭਾਜਪਾ ਮਹਿਲਾ ਆਗੂਆਂ ਨਾਲ ਖਿੱਚ-ਧੂਹ
Next articleਬਹਿਬਲ ਕਾਂਡ: ਐੱਸਪੀ ਬਿਕਰਮਜੀਤ ਸਣੇ ਚਾਰ ਜਣਿਆਂ ਨੂੰ ਅਦਾਲਤ ’ਚ ਪੇਸ਼ ਹੋਣ ਦੇ ਹੁਕਮ