ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਵਿੱਚ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀ ਕਾਂਡ ਦੀਆਂ ਘਟਨਾਵਾਂ ’ਚ ਆਪਣੀ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਪੱਲਾ ਝਾੜ ਲਿਆ ਹੈ। ਵਧੀਕ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ ਦੇ ਮੂਹਰੇ ਬੇਅਦਬੀ ਤੇ ਗੋਲੀ ਕਾਂਡ ਦੀ ਤਫ਼ਤੀਸ਼ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਸਾਹਮਣੇ ਦਾਅਵਾ ਕੀਤਾ ਕਿ ‘ਸਿੱਟ’ ਨੂੰ ਇਹੋ ਸਪੱਸ਼ਟ ਕੀਤਾ ਹੈ ਕਿ 8 ਅਕਤੂਬਰ ਤੋਂ ਲੈ ਕੇ ਘਟਨਾ ਵਾਲੇ ਦਿਨ (14 ਅਕਤੂਬਰ 2015) ਤੱਕ ਦੇ ਦਿਨਾਂ ਦੌਰਾਨ ਉਹ ਪੰਜਾਬ ਵਿੱਚੋਂ ਬਾਹਰ ਸਨ। ਸੂਤਰਾਂ ਮੁਤਾਬਕ ਸਿੱਟ ਨੇ ਬੇਅਦਬੀ, ਗੋਲੀ ਕਾਂਡ ਅਤੇ ਫਿਲਮ ਅਦਾਕਾਰ ਅਕਸ਼ੈ ਕੁਮਾਰ ਅਤੇ ਡੇਰਾ ਮੁਖੀ ਨਾਲ ਮੁੰਬਈ ’ਚ ਹੋਈ ਮੀਟਿੰਗ ਸਬੰਧੀ ਕਈ ਸਵਾਲ ਪੁੱਛੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ‘ਸਿੱਟ’ ਦੇ ਮੈਂਬਰਾਂ ਨੂੰ ਕੋਟਕਪੂਰਾ ਪੁਲੀਸ ਗੋਲੀ ਕਾਂਡ ਅਤੇ ਇਸੇ ਸਾਲ ਅਗਸਤ ਮਹੀਨੇ ਦਰਜ ਕੀਤੀ ਐਫ.ਆਈ.ਆਰ. ਦੇ ਸਬੰਧ ਵਿੱਚ ਅਜਿਹੇ ਸਵਾਲ ਪੁੱਛੇ ਗਏ ਜਿਨ੍ਹਾਂ ਦਾ ਪੁਲੀਸ ਅਧਿਕਾਰੀਆਂ ਕੋਲ ਕੋਈ ਜਵਾਬ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸੰਵੇਦਨਸ਼ੀਲ ਅਤੇ ਅਹਿਮ ਮਾਮਲਿਆਂ ਤੋਂ ਪੱਲਾ ਝਾੜਨ ਤੋਂ ਬਾਅਦ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਦਰਜਨ ਦੇ ਕਰੀਬ ਪੁਲੀਸ ਅਧਿਕਾਰੀਆਂ ਕਸੂਤੀ ਸਥਿਤੀ ਵਿੱਚ ਫਸ ਸਕਦੇ ਹਨ ਕਿਉਂਕਿ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਦਾਅਵਾ ਕਰ ਚੁੱਕੇ ਹਨ ਕਿ ਕੋਟਕਪੂਰਾ ਵਿੱਚ ਹੋਏ ਇਕੱਠ ’ਤੇ ਗੋਲੀ ਚਲਾਉਣ ਦਾ ਹੁਕਮ ਉਨ੍ਹਾਂ ਨਹੀਂ ਦਿੱਤਾ ਸੀ। ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਬਾਅਦ ਦੁਪਹਿਰ ਢਾਈ ਵਜੇ ਦੇ ਕਰੀਬ ਸੈਕਟਰ 9 ਸਥਿਤ ਪੁਲੀਸ ਹੈੱਡਕੁਆਰਟਰ ’ਤੇ ‘ਸਿੱਟ’ ਦੇ ਮੈਂਬਰਾਂ ਦੇ ਸਾਹਮਣੇ ਤਫ਼ਤੀਸ਼ ਵਿੱਚ ਸ਼ਾਮਲ ਹੋਣ ਲਈ ਗਏ। ਉਹ ਆਪਣੇ ਨਾਲ ਅਕਾਲੀ ਆਗੂਆਂ ਅਤੇ ਵਰਕਰਾਂ ਦਾ ਲਾਮ ਲਸ਼ਕਰ ਲੈ ਕੇ ਗਏ ਪਰ ਪੁਲੀਸ ਹੈੱਡਕੁਆਰਟਰ ਦੇ ਅੰਦਰ ਇਕੱਲੇ ਸੁਖਬੀਰ ਬਾਦਲ ਦੀਆਂ ਗੱਡੀਆਂ ਨੂੰ ਹੀ ਜਾਣ ਦਿੱਤਾ ਤੇ ਬਾਕੀ ਆਗੂ ਇਮਾਰਤ ਦੇ ਬਾਹਰ ਖੜ੍ਹੇ ਰਹੇ। ਪੁਲੀਸ ਅਧਿਕਾਰੀਆਂ ਨੇ ਛੇਵੀਂ ਮੰਜ਼ਿਲ ’ਤੇ ਬਣੇ ਕਮੇਟੀ ਹਾਲ ਵਿੱਚ ਸਾਬਕਾ ਗ੍ਰਹਿ ਮੰਤਰੀ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ ਕਰਨ ਵਾਲਿਆਂ ਵਿੱਚ ਏਡੀਜੀਪੀ ਪ੍ਰਬੋਧ ਕੁਮਾਰ, ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ, ਆਈਜੀ ਅਰੁਣਪਾਲ ਸਿੰਘ ਅਤੇ ਕਮਾਂਡੈਂਟ ਭੂਪਿੰਦਰ ਸਿੰਘ ਸ਼ਾਮਲ ਸਨ। ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਾਬਕਾ ਉਪ ਮੁੱਖ ਮੰਤਰੀ ਤੋਂ ਤਕਰੀਬਨ ਇੱਕ ਘੰਟਾ ਪੁੱਛਗਿੱਛ ਕੀਤੀ। ਤਫ਼ਤੀਸ਼ ਮੁਕੰਮਲ ਹੋਣ ਤੋਂ ਬਾਅਦ ਸ੍ਰੀ ਬਾਦਲ ਨੇ ਕਿਹਾ ਕਿ ਪੁਲੀਸ ਅਧਿਕਾਰੀਆਂ ਨੇ ਬੇਅਦਬੀ ਅਤੇ ਕੋਟਕਪੂਰਾ ਕਾਂਡ ਸਬੰਧੀ ਪੁੱਛਿਆ ਤਾਂ ਉਨ੍ਹਾਂ ਸਪੱਸ਼ਟ ਕਰ ਦਿੱਤਾ ਕਿ ਕਿ ਉਸ ਸਮੇਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਜਾਜ਼ਤ ਲੈ ਕੇ ਉਹ ਪੰਜਾਬ ਤੋਂ ਬਾਹਰ ਗਏ ਹੋਏ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਕਸ਼ੈ ਕੁਮਾਰ ਨੂੰ ਪੰਜਾਬ ਤੋਂ ਬਾਹਰ ਕਦੇ ਵੀ ਨਹੀਂ ਮਿਲਿਆ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਅਕਸ਼ੈ ਕੁਮਾਰ ਨੂੰ ਘੜੀਸਿਆ ਜਾ ਰਿਹਾ ਹੈ ਉਸ ਨੂੰ ਦੇਖਦਿਆਂ ਕਿਸੇ ਵੀ ਅਦਾਕਾਰ ਨੇ ਪੰਜਾਬ ਵੱਲ ਮੂੰਹ ਨਹੀਂ ਕਰਨਾ। ਉਨ੍ਹਾਂ ਕਿਹਾ ਕਿ ਸਿੱਟ ਦੇ ਮੈਂਬਰਾਂ ਨੂੰ ਬਲਕਿ ਉਨ੍ਹਾਂ ਖੁਦ ਸਵਾਲ ਕੀਤਾ ‘‘ਕੋਟਕਪੂਰਾ ਥਾਣੇ ’ਚ ਦਰਜ ਜਿਸ ਐਫ.ਆਈ.ਆਰ. ਨੰਬਰ 129 ਦੀ ਤਫ਼ਤੀਸ਼ ਲਈ ਮੈਨੂੰ ਬੁਲਾਇਆ ਹੈ ਉਹ ਪੂਰੀ ਤਰ੍ਹਾਂ ਗੈਰਕਾਨੂੰਨੀ ਜਾਪਦੀ ਹੈ ਕਿਉਂਕਿ ਇੱਕ ਤਾਂ ਘਟਨਾ ਵਾਪਰਨ ਤੋਂ 3 ਸਾਲ ਬਾਅਦ ਦਰਜ ਕੀਤੀ ਗਈ ਤੇ ਸ਼ਿਕਾਇਤ ਕਰਤਾ ਖੁਦ ਪੁਲੀਸ ਕੋਲ ਨਹੀਂ ਪਹੁੰਚਿਆ ਬਲਕਿ ਪੁਲੀਸ ਉਸ ਨੂੰ ਬੁਲਾ ਰਹੀ ਹੈ।’’ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਾਦਲ ਪਰਿਵਾਰ ਖਿਲਾਫ਼ ਬਦਲਾਖੋਰੀ ਦੀ ਸਿਆਸਤ ਨਾਲ ਕੰਮ ਕਰ ਰਹੀ ਹੈ। ਸੁਖਬੀਰ ਸਿੰਘ ਬਾਦਲ ਨੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਇੱਕ ਦਿਨ ਪਹਿਲਾਂ ਮੀਡੀਆ ਵਿੱਚ ਬਿਆਨ ਦਿੰਦੇ ਹਨ ਤੇ ਉਸੇ ਤਰ੍ਹਾਂ ਫਿਰ ਐਸਆਈਟੀ ਸਵਾਲ ਘੜ੍ਹਦੀ ਹੈ। ਇਸ ਤੋਂ ਇਹ ਲਗਦਾ ਹੈ ਕਿ ਜਿਵੇਂ ਸ੍ਰੀ ਜਾਖੜ ਅਣਐਲਾਨੇ ਮੈਂਬਰ ਹੋਣ। ਸ੍ਰੀ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੂੰ ਵੀ ਸਿੱਟ ਦੇ ਮੈਂਬਰਾਂ ਵਜੋਂ ਸਵਾਲ ਕਰਨ ਲਈ ਬਿਠਾ ਲੈਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਜਦੋਂ ਮੀਡੀਆ ਨੇ ਕੋਟਕਪੂਰਾ ਗੋਲੀ ਕਾਂਡ ਅਤੇ ਬੇਅਦਬੀ ਦੀ ਘਟਨਾ ਨਾਲ ਸਬੰਧਤ ਸਵਾਲ ਪੁੱਛਣੇ ਚਾਹੇ ਤਾਂ ਉਨ੍ਹਾਂ ਪੂਰੀ ਤਰ੍ਹਾਂ ਟਾਲਾ ਵੱਟ ਲਿਆ। ਉਨ੍ਹਾਂ ਆਪਣੀ ਗੱਲ ਮੁਕੰਮਲ ਕਰ ਕੇ ਕਾਹਲੀ ਨਾਲ ਪ੍ਰੈਸ ਕਾਨਫਰੰਸ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਪੁਲੀਸ ਹੈੱਡਕੁਆਰਟਰ ਤੋਂ ਵਾਪਸ ਐਮ.ਐਲ.ਏ. ਫਲੈਟ ’ਤੇ ਆ ਕੇ ਉਨ੍ਹਾਂ ਆਪਣੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਗੁਫ਼ਤਗੂ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਕਾਲੀ ਆਗੂ ਅਤੇ ਵਕੀਲ ਵਜੋਂ ਮਸ਼ਹੂਰ ਮਹੇਸ਼ਇੰਦਰ ਸਿੰਘ ਵੀ ਇਸ਼ਾਰਿਆਂ ਵਿੱਚ ਸਵਾਲਾਂ ਦੇ ਜਵਾਬ ਦੇਣ ਦੀ ਤਾਕੀਦ ਕਰ ਰਹੇ ਸਨ ਜਿਸ ਤਰ੍ਹਾਂ ਸਾਰਾ ਕੁੱਝ ਰਟਿਆ ਰਟਾਇਆ ਹੋਵੇ। ਸੁਖਬੀਰ ਸਿੰਘ ਬਾਦਲ ਪਹਿਲੀ ਵਾਰੀ ਬੇਅਦਬੀ ਅਤੇ ਗੋਲੀ ਕਾਂਡ ਦੀ ਤਫ਼ਤੀਸ਼ ਵਿੱਚ ਸ਼ਾਮਲ ਹੋਏ ਸਨ। ਅਕਾਲੀ ਦਲ ਦੇ ਪ੍ਰਧਾਨ ਵੱਲੋਂ ਤਫ਼ਤੀਸ਼ ਵਿੱਚ ਸ਼ਾਮਲ ਹੋਣ ਮੌਕੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਪਹੁੰਚੀ ਹੋਈ ਸੀ। ਅਕਸ਼ੈ ਕੁਮਾਰ ਨੂੰ ਸਿੱਟ ਵਲੋਂ ਭੇਜੇ ਸੰਮਨਾਂ ਵਿੱਚ 21 ਨਵੰਬਰ ਨੂੰ ਅੰਮ੍ਰਿਤਸਰ ਸਰਕਟ ਹਾਊਸ ਵਿੱਚ ਪਹੁੰਚਣ ਲਈ ਕਿਹਾ ਗਿਆ ਹੈ ਤੇ ਇਸ ਫਿਲਮ ਅਦਾਕਾਰ ਵੱਲੋਂ ਹਾਲ ਦੀ ਘੜੀ ਪੁਲੀਸ ਅਧਿਕਾਰੀਆਂ ਨਾਲ ਕੋਈ ਪੱਤਰ ਵਿਹਾਰ ਨਹੀਂ ਕੀਤਾ ਗਿਆ।
HOME ਬੇਅਦਬੀ ਕਾਂਡ: ਸੁਖਬੀਰ ਨੇ ਸਿੱਟ ਸਾਹਮਣੇ ਪੱਲਾ ਝਾੜਿਆ