ਖੰਨਾ ਨਜ਼ਦੀਕ ਪਿੰਡ ਬੀਜਾ ਕੋਲ ਕੌਮੀ ਮਾਰਗ ’ਤੇ ਧੁੰਦ ਕਾਰਨ ਤੇਜ਼ ਰਫਤਾਰ ਜੀਪ ਟਰੱਕ ਨਾਲ ਜਾ ਟਕਰਾਈ ਜਿਸ ਕਾਰਨ ਜੀਪ ਦੇ ਡਰਾਈਵਰ ਦੀ ਮੌਤ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦਾ ਕੈਬਨ ਤੋੜ ਕੇ ਕਰੇਨ ਦੀ ਮੱਦਦ ਨਾਲ ਪੁਲੀਸ ਅਤੇ ਲੋਕਾਂ ਨੇ ਇਕ ਘੰਟੇ ਦੀ ਜੱਦੋਜਹਿਦ ਮਗਰੋਂ ਡਰਾਈਵਰ ਨੂੰ ਬਾਹਰ ਕੱਢਿਆ। ਮ੍ਰਿਤਕ ਡਰਾਈਵਰ ਦਾ ਨਾਮ ਯੁਗਿੰਦਰ ਸਿੰਘ ਹੈ ਅਤੇ ਉਹ ਪਿੰਡ ਪੰਗਾਰਪੁਰ ਡੇਰਾਬਸੀ ਦਾ ਰਹਿਣ ਵਾਲਾa ਹੈ। ਮੌਕੇ ’ਤੇ ਪੁੱਜੀ ਪੀਸੀਆਰ ਦੇ ਏਐਸਆਈ ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਤਕਰੀਬਨ ਸੱਤ ਵਜੇ ਸੰਘਣੀ ਧੁੰਦ ਕਾਰਨ ਵਾਪਰਿਆ ਜਿਸ ’ਚ ਮੌਕੇ ਤੇ ਹੀ ਟਰੱਕ ਡਰਾਈਵਰ ਯੁਗਿੰਦਰ ਸਿੰਘ ਦੀ ਮੌਤ ਹੋ ਗਈ। ਜੀਪ ਦੀ ਟੱਕਰ ਜਿਸ ਟਰੱਕ ਨਾਲ ਹੋਈ ਉਸ ਦੇ ਡਰਾਈਵਰ ਜੰਮੂ ਵਾਸੀ ਸੁਦੇਸ਼ ਕੁਮਾਰ ਨੇ ਦੱਸਿਆ ਕਿ ਉਹ ਦਿੱਲੀ ਤੋਂ ਪਠਾਨਕੋਟ ਸਕਰੈਪ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਬੀਜਾ ਪੁਲ ਕੋਲ ਉਸ ਦੀ ਗੱਡੀ ਦੀ ਸਾਫ਼ਟ ਟੁੱਟ ਗਈ। ਉਹ ਆਪਣੀ ਗੱਡੀ ਖੜ੍ਹੀ ਕਰਕੇ ਹੋਰਨਾਂ ਗੱਡੀਆਂ ਨੂੰ ਇਕ ਪਾਸੇ ਤੋਂ ਕੱਢ ਰਿਹਾ ਸੀ ਕਿ ਅਚਾਨਕ ਤੇਜ਼ ਰਫਤਾਰ ਨਾਲ ਬੋਲੈਰੋ ਨੇ ਪਿੱਛੋਂ ਆ ਕੇ ਟੱਕਰ ਮਾਰੀ ਜਿਸ ਦੇ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ।