ਚੋਣ ਕਮਿਸ਼ਨ ਦੀ ਟੀਮ ਨੇ ਅੱਜ ਬਿਨ੍ਹਾਂ ਇਜਾਜ਼ਤ ਕਾਂਗਰਸੀ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਦੀਆਂ ਖਾਨਪੁਰ ਤੇ ਐਮਾਂ ਮਾਂਗਟ ਕਸਬੇ ’ਚ ਕੀਤੀਆਂ ਗਈਆਂ ਚੋਣ ਰੈਲੀਆਂ ਦਾ ਸਾਮਾਨ ਜ਼ਬਤ ਕਰ ਲਿਆ। ਐਸਡੀਐਮ ਕਮ ਚੋਣ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਹਾਸਲ ਕਰਕੇ ਡਾ. ਰਾਜ ਕੁਮਾਰ ਨੂੰ ਨੋਟਿਸ ਭੇਜਣ ਦੀ ਗੱਲ ਕਹੀ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 9 ਵਜੇ ਕਾਂਗਰਸੀ ਉਮੀਦਵਾਰ ਡਾ. ਰਾਜ ਕੁਮਾਰ ਕੌਮੀ ਮਾਰਗ ’ਤੇ ਪੈਂਦੇ ਰਾਧਾ ਸੁਆਮੀ ਡੇਰਾ ਮੁਕੇਰੀਆਂ ਗਏ ਅਤੇ ਉਪਰੰਤ ਸਤਿਸੰਗ ਵਿੱਚ ਹਿੱਸਾ ਲਿਆ ਤੇ ਮਗਰੋਂ ਖਾਨਪੁਰ ਵਿਚਲੀ ਚੋਣ ਰੈਲੀ ਲਈ ਰਵਾਨਾ ਹੋ ਗਏ। ਖਾਨਪੁਰ ਵਿੱਚ ਰੈਲੀ ਕਰ ਕੇ ਡਾ. ਰਾਜ ਕੁਮਾਰ ਨੇ ਕਸਬਾ ਐਮਾਂ ਮਾਂਗਟ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਚੋਣ ਕਮਿਸ਼ਨ ਨੂੰ ਇਨ੍ਹਾਂ ਰੈਲੀਆਂ ਦੀ ਕੋਈ ਜਾਣਕਾਰੀ ਨਹੀਂ ਸੀ। ਲਿਹਾਜ਼ਾ ਜਾਣਕਾਰੀ ਮਿਲਣ ’ਤੇ ਕਾਹਲੀ ਨਾਲ ਪੁੱਜੀ ਕਮਲਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਖਾਨਪੁਰ ਤੋਂ 12 ਕੁਰਸੀਆਂ ਜ਼ਬਤ ਕੀਤੀਆਂ, ਜਦੋਂ ਕਿ ਕਸਬਾ ਐਮਾਂ ਮਾਂਗਟ ਵਿਚਲੀ ਚੋਣ ਰੈਲੀ ਵਿੱਚੋਂ ਕਰੀਬ 30 ਕੁਰਸੀਆਂ ਸਮੇਤ ਹੋਰ ਸਾਮਾਨ ਜ਼ਬਤ ਕੀਤਾ ਗਿਆ। ਐਮਾਂ ਮਾਂਗਟ ਵਿੱਚ ਸਾਮਾਨ ਜ਼ਬਤ ਕੀਤੇ ਜਾਣ ਸਮੇਂ ਟੀਮ ਨਾਲ ਕੁਝ ਲੋਕਾਂ ਨੇ ਝਗੜਾ ਵੀ ਕੀਤਾ। ਇਸ ਦੌਰਾਨ ਟੀਮ ਨੂੰ ਉਲਝਾ ਕੇ ਟੈਂਟ ਹਾਉੂਸ ਦਾ ਜ਼ਿਆਦਤਰ ਸਾਮਾਨ ਰੈਲੀ ਵਾਲੇ ਸਥਾਨ ਤੋਂ ਗਾਇਬ ਕਰ ਦਿੱਤਾ ਗਿਆ।
INDIA ਬਿਨਾਂ ਆਗਿਆ ਰੈਲੀਆਂ ਕਰਨ ਵਾਲਿਆਂ ਦਾ ਸਾਮਾਨ ਜ਼ਬਤ