ਕਰਤਾਰਪੁਰ, (ਸਮਾਜਵੀਕਲੀ) : ਸਬ ਸਟੇਸ਼ਨ ਕਰਤਾਰਪੁਰ ਵਿੱਚ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਕੀਤੇ ਕਥਿਤ ਹੰਗਾਮੇ ਅਤੇ ਦੋ ਕਰਮਚਾਰੀਆਂ ਦੀਆਂ ਡੰਡ ਬੈਠਕਾਂ ਕਢਵਾਉਣ ਦੇ ਮਾਮਲੇ ਵਿਚ ਪੁਲੀਸ ਨੇ ਚਾਰ ਕਿਸਾਨ ਆਗੂਆਂ ਨੂੰ ਕਾਬੂ ਕੀਤਾ ਹੈ।
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਦੀ ਅਗਵਾਈ ਵਿੱਚ ਸਬ ਸਟੇਸ਼ਨ ਦਾ ਘਿਰਾਓ ਕਰਕੇ ਉੱਥੇ ਤੈਨਾਤ ਦੋ ਕਰਮਚਾਰੀਆਂ ਨੂੰ ਦਬਕਾਉਣ ਅਤੇ ਡੰਡ ਬੈਠਕਾਂ ਕਢਵਾਉਣ ਦੀ ਵੀਡੀਓ ਵਾਇਰਲ ਹੋ ਗਈ ਸੀ। ਇਸ ’ਤੇ ਕਾਰਵਾਈ ਕਰਦਿਆਂ ਟਰਾਂਸਕੋ ਅਤੇ ਪਾਵਰਕੌਮ ਜਥੇਬੰਦੀਆਂ ਅਤੇ ਉੱਚ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਥਾਣਾ ਕਰਤਾਰਪੁਰ ਵਿੱਚ ਪੁਲੀਸ ਨੇ ਵੱਖ ਵੱਖ ਧਾਰਾਵਾਂ ਲਗਾ ਕੇ ਜ਼ਿਲ੍ਹਾ ਪ੍ਰਧਾਨ ਅਤੇ ਕੁਝ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ। ਪਾਵਰਕੌਮ ਤੇ ਟਰਾਂਸਕੋ ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਵਿਰੋਧੀ ਰੁਖ਼ ਨੂੰ ਭਾਂਪਦਿਆਂ ਪੁਲੀਸ ਨੇ ਹੁਣ ਤੱਕ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਇਸ ਸਬੰਧੀ ਥਾਣਾ ਕਰਤਾਰਪੁਰ ਦੇ ਮੁਖੀ ਸਿਕੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਦਰਜ ਕੀਤੇ ਮਾਮਲੇ ਵਿੱਚ ਲੋੜੀਂਦੇ ਚਾਰ ਵਿਅਕਤੀ ਸੁੱਚਾ ਸਿੰਘ, ਬਲਵੀਰ ਸਿੰਘ, ਰਵਿੰਦਰ ਸਿੰਘ ਤੇ ਪਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦੋਂ ਕਿ ਇਸ ਮਾਮਲੇ ਵਿੱਚ ਤਿੰਨ ਹੋਰ ਵਿਅਕਤੀਆਂ ਨੇ ਅਦਾਲਤ ਤੋਂ ਅਗਾਊਂ ਜ਼ਮਾਨਤ ਲੈ ਲਈ ਹੈ।