ਟੱਲੇਵਾਲ, (ਸਮਾਜ ਵੀਕਲੀ) :
ਬਾਹਰਲੇ ਰਾਜਾਂ ਅਤੇ ਜ਼ਿਲ੍ਹਿਆਂ ਤੋਂ ਲਿਆਂਦੇ ਝੋਨੇ ਦੇ ਟਰੱਕਾਂ ਨੂੰ ਕਿਸਾਨਾਂ ਵਲੋਂ ਪਿੰਡ ਪੱਖੋਕੇ ਨੇੜੇ ਬਰਨਾਲਾ-ਅੰਮ੍ਰਿਤਸਰ ਕੌਮੀ ਮਾਰਗ ’ਤੇ ਘੇਰ ਲਿਆ, ਜਿਸ ਕਰਕੇ ਕਿਸਾਨਾਂ ਅਤੇ ਟਰੱਕ ਡਰਾਈਵਰਾਂ ਵਿੱਚ ਮਾਹੌਲ ਤਣਾਅਪੂਰਣ ਹੋ ਗਿਆ ਅਤੇ ਟਰੱਕ ਡਰਾਈਵਰਾਂ ਵਲੋਂ ਰੋਡ ਜਾਮ ਕਰ ਦਿੱਤਾ ਗਿਆ। ਇਸ ਮੌਕੇ ਭਾਕਿਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਨੇ ਕਿਹਾ ਕਿ ਬਾਹਰੀ ਰਾਜਾਂ ਮੱਧ ਪ੍ਰਦੇਸ਼ ਅਯੇ ਯੂਪੀ ਤੋਂ ਝੋਨਾ ਸਸਤੇ ਭਾਅ ਖਰੀਦ ਕੇ ਵਪਾਰੀ ਇਸ ਨੂੰ ਪੰਜਾਬ ਵਿੱਚ ਲਿਆ ਕੇ ਮਹਿੰਗੇ ਭਾਅ ਵੇਚ ਕੇ ਸਰਕਾਰ ਨੂੰ ਰਗੜਾ ਲਾ ਰਹੇ ਹਨ।
ਇਸ ਗੈ਼ਰਕਾਨੂੰਨੀ ਕੰਮ ਨੂੰ ਸਰਕਾਰ ਅਤੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦਿੰਦਾ। ਇਸੇ ਤਰ੍ਹਾਂ ਪੰਜਾਬ ਦੇ ਅੰਮ੍ਰਿਤਸਰ ਇਲਾਕੇ ਦੇ ਜ਼ਿਲ੍ਹਿਆਂ ਵਿਚੋਂ ਝੋਨਾ ਲਿਆ ਕੇ ਮਾਲਵਾ ਖੇਤਰ ਦੇ ਸ਼ੈਲਰਾਂ ਵਿੱਚ ਸਟੋਰ ਕੀਤਾ ਜਾ ਰਿਹਾ ਹੈ, ਜਿਸ ਕਰਕੇ ਮਾਲਵੇ ਦੇ ਕਿਸਾਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਪ੍ਰਸ਼ਾਸਨ ਅਤੇ ਸਰਕਾਰ ਦੀ ਸੁਸਤੀ ਕਾਰਨ ਕਿਸਾਨਾਂ ਨੂੰ ਟਰੱਕ ਘੇਰਨੇ ਪਏ। ਉਨ੍ਹਾਂ ਮੰਗ ਕੀਤੀ ਕਿ ਇਸ ਝੋਨੇ ਨੂੰ ਖਰੀਦਣ ਵਾਲੇ ਲੋਕਾਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੌਕੇ ’ਤੇ ਡੀਐੱਫਐੱਸਓ ਹਰਪ੍ਰੀਤ ਚਹਿਲ, ਮਾਰਕੀਟ ਕਮੇਟੀ ਬਰਨਾਲਾ ਦੇ ਸੈਕਟਰੀ ਗੁਰਲਾਲ ਸਿੰਘ, ਐੱਸਐੱਚਓ ਬਲਜੀਤ ਸਿੰਘ ਅਤੇ ਚੌਂਕੀ ਇੰਚਾਰਜ ਜਸਵੀਰ ਸਿੰਘ ਪਹੁੰਚੇ, ਜਿਨ੍ਹਾਂ ਦੋਵੇਂ ਧਿਰਾਂ ਨਾਲ ਗੱਲਬਾਤ ਕੀਤੀ।