ਬਾਹਠ ਦੀ ਜੰਗ ਨੇ ਭਾਰਤ ਦੇ ਰੁਤਬੇ ਨੂੰ ਸੱਟ ਮਾਰੀ: ਜੈਸ਼ੰਕਰ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਦਾ ਯਕੀਨੀ ਤੌਰ ਉੱਤੇ ਹਮੇਸ਼ਾਂ ਵਿਸ਼ਵ ਪੱਧਰੀ ਰੁਤਬਾ ਰਿਹਾ ਹੈ ਪਰ 1962 ਵਿੱਚ ਭਾਰਤ ਦੀ ਚੀਨ ਨਾਲ ਲੜਾਈ ਦੌਰਾਨ ਇਸ ਨੂੰ ਕਾਫੀ ਜਿਆਦਾ ਨੁਕਸਾਨ ਪੁੱਜਾ ਹੈ। ਚੌਥੇ ਰਾਮਨਾਥ ਗੋਇਨਕਾ ਮੈਮੋਰੀਅਲ ਲੈਕਚਰ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ 1972 ਦੀ ਜੰਗ ਬਾਅਦ ਹੋਂਦ ਵਿੱਚ ਆਏ ਸ਼ਿਮਲਾ ਸਮਝੌਤੇ ਤੋਂ ਬਾਅਦ ਪਾਕਿਸਤਾਨ ਨਿਰੰਤਰ ਜੰਮੂ ਕਸ਼ਮੀਰ ਵਿੱਚ ਸਮੱਸਿਆ ਪੈਦਾ ਕਰਦਾ ਆਇਆ ਹੈ। ਆਪਣੇ ਸੰਬੋਧਨ ਵਿੱਚ ਸ੍ਰੀ ਜੈਸ਼ੰਕਰ ਨੇ ਅਨੇਕਾਂ ਵੱਖ ਵੱਖ ਮੁੱਦੇ ਛੋਹੇ ਅਤੇ ਮੰਨਿਆ ਕਿ ਪਿਛਲੇ ਦਹਾਕਿਆਂ ਵਿੱਚ ਭਾਰਤ ਦੇ ਵਿਦੇਸ਼ ਵਿਭਾਗ ਦੀਆਂ ਸਰਗਰਮੀਆਂ ਕੋਈ ਖਾਸ ਪ੍ਰਭਾਵਸ਼ਾਲੀ ਨਹੀਂ ਰਹੀਆਂ। ਉਨ੍ਹਾਂ ਕਿਹਾ ਕਿ ਜੇ ਅੱਜ ਦਾ ਵਿਸ਼ਵ ਵੱਖਰੀ ਤਰ੍ਹਾਂ ਦਾ ਹੈ ਤਾਂ ਸਾਨੂੰ ਸੋਚਣ, ਵਿਚਾਰਨ ਤੇ ਉਸ ਦੇ ਅਨੁਸਾਰ ਚੱਲਣ ਦੀ ਲੋੜ ਹੈ। ਉਨ੍ਹਾਂ ਨੇ ਇਸ ਮੌਕੇ ਭਾਰਤ ਦੀ ਅਤਿਵਾਦ ਨਾਲ ਨਜਿੱਠਣ ਦੀ ਨਵੀਂ ਪਹੁੰਚ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਮੁੰਬਈ ਅਤਿਵਾਦੀ ਹਮਲੇ ਦੀ ਉੜੀ ਅਤੇ ਪੁਲਵਾਮਾ ਹਮਲਿਆਂ ਨਾਲ ਤੁਲਨਾ ਕਰਦਿਆਂ ਕਿਹਾ ਕਿ ਮੁੰਬਈ ਅਤਿਵਾਦੀ ਹਮਲੇ ਦੌਰਾਨ ਇਸ ਦਾ ਜਵਾਬ ਦੇਣ ਦੀ ਘਾਟ ਰਹੀ ਹੈ। ਰਿਜਨਲ ਕੰਪਰੀਹੈਂਸਿਵ ਇਕਨਾਮਿਕ ਪਾਰਟਨਰਸ਼ਿਪ (ਆਰਸੀਈਪੀ) ਤੋਂ ਭਾਰਤ ਦੇ ਦੂਰ ਰਹਿਣ ਬਾਰੇ ਉਨ੍ਹਾਂ ਕਿਹਾ ਕਿ ਕੋਈ ਵੀ ਮਾੜਾ ਸਮਝੌਤਾ ਕਰਨ ਨਾਲੋਂ ਸਮਝੌਤਾ ਨਾ ਕਰਨਾ ਚੰਗਾ ਹੈ।

Previous articleਨਿਗਮ ਬਰਾਂਚਾਂ ਦੇ ਕੰਮਕਾਜ ’ਚ ਫੇਰਬਦਲ ਨੂੰ ਪ੍ਰਵਾਨਗੀ
Next articleਬੰਗਾਲ ਨੂੰ ਬਕਾਇਆ ਫੰਡ ਨਹੀਂ ਦੇ ਰਿਹਾ ਕੇਂਦਰ: ਮਮਤਾ