ਕੁੱਝ ਸਮਾਂ ਪਹਿਲਾਂ ਮੈਨੂੰ ਕਵੀ ਤੇ ਗੀਤਕਾਰ ਦਿਨੇਸ਼ ਨੰਦੀ ਜੀ ਮਿਲੇ ਉਹ ਆਪਣੇ ਸ਼ਹਿਰ ਵਿੱਚ ਸਾਹਿਤ ਸਭਾ ਦੇ ਪ੍ਰਧਾਨ ਹਨ ।ਮੈਂ ਉਨ੍ਹਾਂ ਨੂੰ ਕਿਹਾ ਜੋ ਵੀ ਤੁਹਾਡੀ ਸਾਹਿਤ ਸਭਾ ਵਿੱਚ ਜੋ ਲੇਖਕ ਹਨ ਉਨ੍ਹਾਂ ਨੂੰ ਕਹੋ ਮੈਨੂੰ ਰਚਨਾਵਾਂ ਭੇਜਣ ਮੈਂ ਅਖ਼ਬਾਰਾਂ ਵਿੱਚ ਛਪਵਾਉਣ ਦੀ ਕੋਸ਼ਿਸ਼ ਕਰਾਂਗਾ ਤੁਰੰਤ ਉਨ੍ਹਾਂ ਨੇ ਮੇਰੀ ਆਪਣੀ ਸਭਾ ਦੇ ਕਵੀਆਂ ਨਾਲ ਗੱਲ ਕਰਵਾਈ ਇਨ੍ਹਾਂ ਦੀਆਂ ਰਚਨਾਵਾਂ ਮੈਨੂੰ ਬਹੁਤ ਵਧੀਆ ਲੱਗੀਆਂ ਜੋ ਵੱਖ ਵੱਖ ਅਖ਼ਬਾਰਾਂ ਵਿੱਚ ਛਪਵਾਉਣ ਦਾ ਮੈਂ ਉਪਰਾਲਾ ਕੀਤਾ।
ਇਹ ਨੌਜਵਾਨ ਕਲਮਾਂ ਜਦੋਂ ਆਪਣੀਆਂ ਰਚਨਾਵਾਂ ਅਖ਼ਬਾਰਾਂ ਵਿੱਚ ਛਪੀਆਂ ਵੇਖਦੇ ਹਨ ਤਾਂ ਹੋਰ ਵਧੇਰੇ ਚੰਗਾ ਅਤੇ ਹੋਰ ਵੱਧ ਲਿਖਣ ਲਈ ਉਤਸ਼ਾਹਿਤ ਹੁੰਦੀਆਂ ਹਨ ਅਤੇ ਬਾਕੀ ਨੌਜਵਾਨ ਕਲਮਾਂ ਨੂੰ ਵੀ ਇਸ ਤੋਂ ਪ੍ਰੇਰਨਾ ਮਿਲਦੀ ਹੈ ਇਨਕਲਾਬੀ ਕਵੀ ਜਤਿੰਦਰ ਭੁੱਚੋ ਨੇ ਮਨਪ੍ਰੀਤ ਦੀਆਂ ਫੇਸਬੁੱਕ ਤੇ ਰਚਨਾਵਾਂ ਪਡ਼੍ਹੀਆਂ ਤੇ ਉਸ ਨੂੰ ਆਪਣੀਆਂ ਰਚਨਾਵਾਂ ਅਖ਼ਬਾਰਾਂ ਵਿੱਚ ਛਪਵਾਉਣ ਲਈ ਕਿਹਾ ਤਾਂ ਜੋ ਉਸ ਦੀਆਂ ਰਚਨਾਵਾਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਵਸਦੇ ਹਜ਼ਾਰਾਂ ਪੰਜਾਬੀਆਂ ਤੱਕ ਪਹੁੰਚਣ ।ਫਿਰ ਮੇਰੇ ਨਾਲ ਸੰਪਰਕ ਹੋਣ ਤੇ ਇਸ ਨਵੀਂ ਉੱਭਰ ਰਹੀ ਕਲਮ ਮਨਪ੍ਰੀਤ ਕੌਰ ਨੇ ਮੈਨੂੰ ਆਪਣੀਆਂ ਰਚਨਾਵਾਂ ਭੇਜੀਆਂ ਜੋ ਨਿਰੰਤਰ ਹੁਣ ਅਖ਼ਬਾਰਾਂ ਵਿੱਚ ਲੱਗ ਰਹੀਆਂ ਹਨ । ਆਓ ਅੱਜ ਉਨ੍ਹਾਂ ਦੀ ਜ਼ਿੰਦਗੀ ਤੇ ਲੇਖਣੀ ਬਾਰੇ ਉਨ੍ਹਾਂ ਤੋਂ ਮੈਂ ਜੋ ਕੁੱਝ ਪੁੱਛਿਆ ਤੁਹਾਡੇ ਨਾਲ ਸਾਂਝਾ ਕਰਦਾ ਹਾਂ।
ਮਨਪ੍ਰੀਤ ਕੌਰ ਦਾ ਜਨਮ ਸਰਦਾਰ ਗੁਰਜੰਟ ਸਿੰਘ ਮਾਤਾ ਸਰਦਾਰਨੀ ਸੁਖਪਾਲ ਕੌਰ ਦੇ ਘਰ 2001 ਵਿੱਚ ਪਿੰਡ ਫਫੜੇ ਭਾਈ ਕੇ, ਜ਼ਿਲ੍ਹਾ ਮਾਨਸਾ ਵਿੱਚ ਹੋਇਆ । ਮਨਪ੍ਰੀਤ ਦੀ ਸ਼ੁਰੂਆਤੀ ਪੜਾਈ ਪਿੰਡ ਵਿੱਚ ਹੀ ਹੋਈ । ਉਹ ਬਚਪਨ ਤੋਂ ਹੀ ਸਹਿਜ ,ਸਰਲ ਤੇ ਮਿਲਣਸਾਰ ਕੁੜੀ ਹੈ ।ਉਸਨੂੰ ਘਰ ਵਿੱਚ ਬਾਕੀ ਸਾਰੇ ਬੱਚਿਆਂ ਨਾਲੋਂ ਭੋਲੀ ਕੁੜੀ ਕਹਿੰਦੇ ਸਨ । ਉਸਨੂੰ ਛੋਟੇ ਹੁੰਦਿਆਂ ਤੋ ਹੀ ਕੁਦਰਤ ਨਾਲ ਪਿਆਰ ਹੈ । ਉਸਨੂੰ ਪਹਿਲਾਂ ਤੋ ਹੀ ਹਰ ਨਵੀਂ ਚੀਜ਼ ਬਾਰੇ ਜਾਨਣ ਦੀ ਕਾਹਲ ਰਹਿੰਦੀ ਸੀ ।
ਮਨਪ੍ਰੀਤ ਮਾਪਿਆਂ ਦੀ ਲਾਡਲੀ ਧੀ ਹੈ ,ਤੇ ਆਪਣੇ ਹਰ ਚਾਅ ਨੂੰ ਖੁਸ਼ੀ ਨਾਲ ਪੂਰਾ ਕਰਦੀ ਹੈ ।ਉਸਨੇ ਦੱਸਿਆ ਕਿ ਉਸਨੇ ਆਪਣੀ ਪਹਿਲੀ ਲਿਖਤ ਸੱਤਵੀਂ ਕਲਾਸ ਵਿੱਚ ਪੜ੍ਹਦੀ ਨੇ ਲਿਖੀ ਸੀ । ਮਨਪ੍ਰੀਤ ਪੜ੍ਹਾਈ ਵਿੱਚੋ ਚੰਗੇ ਅੰਕ ਪ੍ਰਾਪਤ ਕਰਦੀ ਸੀ। ਉਸ ਨੂੰ ਕਿਤਾਬ ਪੜ੍ਹਨ ਵਿੱਚ ਵੀ ਬਹੁਤ ਰੁਚੀ ਹੈ । ਨੌਵੀਂ ਕਲਾਸ ਵਿੱਚ ਸਿਲੇਬਸ ਵਿਚ ਲੱਗੇ( ਇੱਕ ਹੋਰ ਨਵਾਂ ਸਾਲ) ਤੋ ਨਾਵਲ ਬਾਰੇ ਪਤਾ ਲੱਗਿਆ ਉਸ ਦਿਨ ਤੋਂ ਹੁਣ ਤਕ ਜਿਆਦਾ ਰੁਚੀ ਨਾਵਲ ਪੜ੍ਹਨ ਵਿਚ ਹੀ ਰਹੀ । ਦਸਵੀਂ ਪਾਸ ਕਰਨ ਤੋ ਬਾਅਦ ਸਾਹਿਤਕ ਵੱਲ ਜਿਆਦਾ ਧਿਆਨ ਵਧਿਆ , ਤੇ ਬਹੁਤ ਸਾਰੇ ਪ੍ਰਸਿੱਧ ਲੇਖਕ , ਨਾਨਕ ਸਿੰਘ , ਜਸਵੰਤ ਸਿੰਘ ਕੰਵਲ,ਗੁਰਦਿਆਲ ਸਿੰਘ ,ਅੰਮ੍ਰਿਤਾ ਪ੍ਰੀਤਮ , ਦਲੀਪ ਕੌਰ ਟਿਵਾਣਾ ਜੀ ਨੂੰ ਪੜ੍ਹਿਆ ।
ਬਾਰ੍ਹਵੀਂ ਜਮਾਤ ਵਿੱਚ ਪੜ੍ਹਦਿਆਂ ਉਸ ਨੇ ਕਵਿਤਾਵਾਂ ਲਿਖਣ ਦਾ ਸਫ਼ਰ ਸ਼ੁਰੂ ਕੀਤਾ । ਮਨਪ੍ਰੀਤ ਨੇ ਦੱਸਿਆ ਕਿ ਉਹਨਾਂ ਦੀ ਰੰਗਮੰਚ ਵੱਲ ਵੀ ਬਹੁਤ ਰੁਚੀ ਹੈ । ਸਕੂਲ , ਕਾਲਜ਼ ਵਿੱਚ ਉਹਨਾਂ ਨੇ ਕੌਰੇਓਗ੍ਰਰਾਫੀ, ਨਾਟਕ ਵਿਚ ਭਾਗ ਲਿਆ ਅਤੇ ਯੂ ਟਿਊਬ ਤੇ ਚਲਦੇ ਵੈੱਬ ਸੀਰੀਜ਼ ਯਾਰ ਜਿਗਰੀ ਕਸੂਤੀ ਡਿਗਰੀ ਵਿੱਚ ਵੀ ਭਾਗ ਲਿਆ । ਮਨਪ੍ਰੀਤ ਨੇ ਸਕੂਲ ਕਾਲਜ਼ ਦੀ ਸਟੇਜ਼ ਤੇ ਧਾਰਮਿਕ ਕਵਿਤਾਵਾਂ ਬੋਲੀਆਂ ਹਨ । ਉਸਨੇ ਦੱਸਿਆ ਕਿ ਹੁਣ ਜਲਦੀ ਹੀ ਇੱਕ ਕਾਵਿ ਸੰਗ੍ਰਹਿ ‘ਵਾਰਤਾਲਾਪ’ ਰਿਲੀਜ਼ ਹੋ ਰਹੀ ਹੈ ।ਜਿਸ ਕਾਵਿ ਸੰਗ੍ਰਹਿ ਵਿੱਚ ਕੁੱਲ 52 ਕਵੀ , ਕਵਿਤਰੀਆਂ ਹਨ ।
ਇਸ ਕਾਵਿ ਸੰਗ੍ਰਹਿ ਦੇ ਸੰਪਾਦਕ ਪ੍ਰੀਤ ਸਿੰਘ ‘ਭੈਣੀ’ ਜੀ ਹਨ । ਹੁਣ ਤੱਕ ਇਸ ਉੱਭਰ ਰਹੀ ਕਲਮ ਦੀਆਂ ਰਚਨਾਵਾਂ ਬਹੁਤ ਸਾਰੇ ਅਖ਼ਬਾਰਾਂ ਜਿਵੇਂ – ਕਾਵਿ ਲਹਿਰਾਂ ,ਵਰਲਡ ਪੰਜਾਬੀ ਟਾਈਮਜ਼ ,ਦੋਆਬਾ ਐਕਸਪ੍ਰੈਸ ,ਕਾਵਿ ਸੰਵੇਦਨਾ ,ਕਾਵਿਲੋਕ , ਪ੍ਰੀਤਨਾਮਾ , ਸਾਂਝੀ ਸੋਚ ,ਕਾਵਿ ਕਿਆਰੀ ਵਿੱਚ ਛਪੀਆਂ ਹਨ ਅਤੇ ਨਿਰੰਤਰ ਛਪ ਰਹੀਆਂ ਹਨ । ਮਨਪ੍ਰੀਤ ਦੀਆਂ ਰਚਨਾਵਾਂ ਵਿੱਚ ਅਜੋਕੇ ਰਿਸ਼ਤਿਆਂ ਦੀ ਗੰਢ ਤੁੱਪ ,ਧੀਆਂ ਦੀ ਵੇਦਨਾ, ਅਤੇ ਕਿਰਤੀਆਂ ਕਿਸਾਨਾਂ ਜੇ ਦਰਦ ਦੀ ਝਲਕ ਵਿਖਾਈ ਦਿੰਦੀ ਹੈ । ਉਸ ਦੀ ਕਲਮ ਦੇ ਕੁਝ ਰੰਗ –
ਇੱਕ ਕੁੜੀ
ਪੈਰ ਭਾਵੇਂ ਨੰਗੇ , ਸਿਰਾ ਤੇ ਚੁੰਨੀ ਏ
ਸ਼ਰਮ,ਸੰਗ,ਸਾਦਗੀ, ਪੱਲੇ ਨਾਲ਼ ਬੰਨੀ ਏ,,
ਰਾਹ ਜਾਂਦਾ ਵਡੇਰਾ ਮਿਲੇ, ਸਿਰ ਝੁਕ ਜਾਂਦਾ ਏ
ਘਰ ਬਾਬਲ ਉੱਚਾ ਬੋਲੇ ਸਾਹ ਸੁੱਕ ਜਾਂਦਾ ਏ,,
ਇਹ ਕੁੜੀਆਂ ਕੁਆਰੀਆਂ ਕਿਸਮਤ ਮਾਰੀਆ ਨੇ
ਰੀਝਾਂ ਦਾ ਗਲਾ ਘੋਟ, ਮਾਪਿਆਂ ਕੋਲੋਂ ਹਾਰੀਆ ਨੇ ,,
ਪਿਓ ਦੀ ਪੱਗ, ਵੀਰ ਦੀ ਇੱਜ਼ਤ ਸਾਂਭੀ ਏ
ਮਾਂ ਦਾ ਹਰ ਬੋਲ ਪੁਗਾ, ਵਾਂਗ ਕੁਦਰਤ ਜਾਪੀ ਏ,,
ਸਭਨਾਂ ਨੂੰ ਸੰਭਾਲ ਦੀ, ਖੁਦ ਨੂੰ ਭੁੱਲੀ ਏ
ਘਰ ਜੌੜ ਲੈਂਦੀ, ਹੋਵੇ ਮਹਿਲ ਮੁਨਾਰੇ ਜਾਂ ਕੁੱਲੀ ਏ,,
ਹੌਂਸਲਾ ਅੰਬਰੋਂ ਪਾਰ, ਹਰ ਜੰਗ ਜਿੱਤ ਜਾਂਦੀ ਏ
ਨਾਜ਼ੁਕ ਜਹੀ ਆਪਣਿਆਂ ਦੇ ਉੱਚੇ ਬੋਲ ਤੋਂ ਡਰ ਜਾਂਦੀ ਏ,,
ਧੀ, ਭੈਣ, ਪਤਨੀ, ਮਾਂ ਹਰ ਕਿਰਦਾਰ ਨਿਭਾਵੇ
ਇੱਕ ਔਰਤ ਹੀ ਏ, ਜੋਂ ਸਾਰੀ ਸ਼ਿਰਸ਼ਟੀ ਸਜਾਵੇ ,,
ਸਾਹਿਤਕ ਖੇਤਰ ਵਿੱਚ ਤੇਜ਼ੀ ਨਾਲ ਪੁਲਾਂਘਾਂ ਪੁੱਟਦੀ ਮਨਪ੍ਰੀਤ ਕੌਰ ਆਪਣੀ ਕਲਮ ਨਾਲ ਪੰਜਾਬੀ ਮਾਂ ਬੋਲੀ ਦੀ ਇਸੇ ਤਰ੍ਹਾਂ ਨਿਰੰਤਰ ਸੇਵਾ ਕਰਦੀ ਅੱਗੇ ਵਧਦੀ ਰਹੇ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਸਾਹਿਤਕ ਖੇਤਰ ਅਤੇ ਆਪਣੀ ਜ਼ਿੰਦਗੀ ਵਿੱਚ ਵੱਡੇ ਮੁਕਾਮ ਹਾਸਲ ਕਰੇ ।
ਰਮੇਸ਼ਵਰ ਸਿੰਘ ਪਟਿਆਲਾ
9914880392