ਚੰਨੀ ਦੇ ਭਾਣਜੇ ਕੋਲੋਂ ਈਡੀ ਦੀ ਪੁੱਛ-ਪੜਤਾਲ ਜਾਰੀ

ਜਲੰਧਰ (ਸਮਾਜ ਵੀਕਲੀ):  ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਕੋਲੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਟਿਕਾਣਿਆਂ ’ਤੇ ਈਡੀ ਨੇ ਛਾਪੇ ਮਾਰ ਕੇ 10 ਕਰੋੜ ਦੀ ਰਕਮ ਬਰਾਮਦ ਕੀਤੀ ਸੀ ਉਹ ਉਸ ਦੀ ਹੀ ਹੈ। ਹਾਲਾਂਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਪਰ ਸੂਤਰਾਂ ਅਨੁਸਾਰ ਹਨੀ ਕੋਲੋਂ ਈਡੀ ਦੇ ਅਧਿਕਾਰੀ ਸਖ਼ਤੀ ਨਾਲ ਪੁੱਛਗਿੱਛ ਕਰ ਰਹੇ ਹਨ। ਇੱਕ ਖ਼ਬਰ ਏਜੰਸੀ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਉਸ ਕੋਲ ਈਡੀ ਦਾ ਇੱਕ ਦਸਤਾਵੇਜ਼ ਹੈ ਜਿਸ ਅਨੁਸਾਰ ਹਨੀ ਨੇ ਮੰਨਿਆ ਹੈ ਕਿ ਇਹ 10 ਕਰੋੜ ਦੀ ਰਕਮ ਉਸੇ ਦੀ ਹੈ।

ਇਸ ਦਸਤਾਵੇਜ਼ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਹਨੀ ਨੇ ਮੰਨਿਆ ਹੈ ਕਿ ਇਸ ਰਕਮ ਵਿੱਚ ਗੈਰਕਾਨੂੰਨੀ ਮਾਈਨਿੰਗ ਤੋਂ ਹੋਈ ਆਮਦਨ ਅਤੇ ਅਧਿਕਾਰੀਆਂ ਦੀਆਂ ਬਦਲੀਆਂ ਲਈ ਵਸੂਲੀ ਗਈ ਰਕਮ ਵੀ ਸ਼ਾਮਲ ਹੈ। ਈਡੀ ਦੇ ਜਲੰਧਰ ਵਿਚਲੇ ਦਫਤਰ ਵਿੱਚ ਭੁਪਿੰਦਰ ਸਿੰਘ ਹਨੀ ਨੂੰ 3 ਫਰਵਰੀ ਨੂੰ ਪੁੱਛਗਿੱਛ ਲਈ ਬੁਲਾਇਆ ਤੇ ਅੱਧੀ ਰਾਤ ਨੂੰ ਉਸ ਦੀ ਗ੍ਰਿਫਤਾਰੀ ਪਾ ਦਿੱਤੀ ਗਈ ਸੀ। ਈਡੀ ਵੱਲੋਂ ਹਨੀ ਨੂੰ ਵਧੀਕ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਸ ਨੂੰ 8 ਫਰਵਰੀ ਤੱਕ ਰਿਮਾਂਡ ’ਤੇ ਭੇਜ ਦਿੱਤਾ ਸੀ। ਈਡੀ ਦੇ ਅਧਿਕਾਰੀ ਇਹ ਦੋਸ਼ ਵੀ ਲਾਉਂਦੇ ਰਹੇ ਹਨ ਕਿ ਹਨੀ ਪੁੱਛਗਿੱਛ ਵਿੱਚ ਸਹਿਯੋਗ ਨਹੀਂ ਕਰ ਰਿਹਾ। ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀਆਂ ਵੱਲੋਂ ਜਿਹੜੇ ਸਵਾਲ ਪੁੱਛੇ ਜਾ ਰਹੇ ਹਨ ਉਸ ਵਿੱਚ ਸਭ ਤੋਂ ਵੱਧ ਇਸ ਗੱਲ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ 10 ਕਰੋੜ ਦੀ ਰਕਮ ਰੇਤਾ, ਬਦਲੀਆਂ ਤੇ ਤਰੱਕੀਆਂ ਤੋਂ ਇਕੱਠੀ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਪਹਿਲੇ ਦਿਨ ਵੀ ਹਨੀ ਕੋਲੋਂ 8 ਘੰਟੇ ਪੁੱਛਗਿੱਛ ਕੀਤੀ ਗਈ ਸੀ।

ਉਧਰ ਕਾਂਗਰਸ ਇਸ ਮਾਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸ ਰਹੀ ਹੈ। ਕਾਂਗਰਸ ਦੇ ਸੀਨੀਅਰ ਆਗੂ ਲਗਾਤਾਰ ਇਹ ਦੋਸ਼ ਲਾ ਰਹੇ ਹਨ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੇ ਵਿਰੋਧੀਆਂ ਨੂੰ ਬਦਨਾਮ ਕਰਨ ਲਈ ਅਜਿਹਾ ਕਰ ਰਹੀ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਉਮੀਦਵਾਰ ਬਣਾ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ 18 ਜਨਵਰੀ ਨੂੰ ਈਡੀ ਨੇ ਪੰਜਾਬ ਵਿਚ 10 ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਇਸ ਦੌਰਾਨ ਈਡੀ ਨੇ ਦਾਅਵਾ ਕੀਤਾ ਸੀ ਕਿ 8 ਕਰੋੜ ਹਨੀ ਤੇ 2 ਕਰੋੜ ਉਸ ਦੇ ਦੋਸਤ ਸੰਦੀਪ ਕੋਲੋਂ ਬਰਾਮਦ ਹੋਏ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ’ਚ ਕਰੋਨਾ ਦੇ 777 ਨਵੇਂ ਕੇਸ, 22 ਦੀ ਮੌਤ
Next articleਭਾਜਪਾ ਵੱਲੋਂ ਚੋਣ ਮਨੋਰਥ ਜਾਰੀ ਕਰਨ ਦਾ ਪ੍ਰੋਗਰਾਮ ਮੁਲਤਵੀ