ਬਹਿਬਲ ਕਾਂਡ ਮਾਮਲੇ ’ਚ ਗ੍ਰਿਫ਼ਤਾਰੀ ਦੇ ਡਰੋਂ ਜ਼ਮਾਨਤਾਂ ਲੈਣ ਲਈ ਅਦਾਲਤ ਪੁੱਜੇ ਤਿੰਨ ਪੁਲੀਸ ਅਧਿਕਾਰੀਆਂ ਦੀ ਜ਼ਮਾਨਤ ਅਰਜ਼ੀ ’ਤੇ ਅੱਜ ਲੰਬੀ ਬਹਿਸ ਹੋਈ। ਦੋਹਾਂ ਧਿਰਾਂ ਦੀ ਬਹਿਸ ਮਗਰੋਂ ਸੈਸ਼ਨ ਜੱਜ ਹਰਪਾਲ ਸਿੰਘ ਨੇ ਜ਼ਮਾਨਤ ਅਰਜ਼ੀਆਂ ਦਾ ਫੈਸਲਾ ਭਲਕੇ 2 ਫਰਵਰੀ ਤੱਕ ਮੁਲਤਵੀ ਕਰ ਦਿੱਤਾ ਹੈ। ਭਲਕੇ ਅਦਾਲਤ ਜ਼ਮਾਨਤ ਅਰਜ਼ੀਆਂ ’ਤੇ ਆਪਣਾ ਫ਼ੈਸਲਾ ਦੇਵੇਗੀ। ਐੱਸਪੀ ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ ਅਤੇ ਬਾਜਾਖਾਨਾ ਦੇ ਸਾਬਕਾ ਐੱਸਐੱਚਓ ਅਮਰਜੀਤ ਸਿੰਘ ਕੁਲਾਰ ਨੇ ਆਪਣੀ ਗ੍ਰਿਫ਼ਤਾਰੀ ਦਾ ਖ਼ਦਸ਼ਾ ਜ਼ਾਹਰ ਕੀਤਾ ਸੀ ਅਤੇ ਅਦਾਲਤ ਪਾਸੋਂ ਪੇਸ਼ਗੀ ਜ਼ਮਾਨਤ ਮੰਗੀ ਸੀ। ਐੱਸਪੀ ਬਿਕਰਮਜੀਤ ਸਿੰਘ ਨੇ ਅੱਜ ਸੈਸ਼ਨ ਕੋਰਟ ਵਿੱਚ ਆਪਣਾ ਪਾਸਪੋਰਟ ਸਪੁਰਦ ਕਰ ਦਿੱਤਾ ਅਤੇ ਦਾਅਵਾ ਕੀਤਾ ਕਿ ਉਹ ਜਾਂਚ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ ਅਤੇ ਉਹ ਅਦਾਲਤ ਦੀ ਇਜਾਜ਼ਤ ਤੋਂ ਬਗੈਰ ਵਿਦੇਸ਼ ਨਹੀਂ ਜਾਵੇਗਾ। ਸੂਤਰ ਦੱਸਦੇ ਹਨ ਕਿ ਵਿਸ਼ੇਸ਼ ਜਾਂਚ ਟੀਮ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਗਵਾਹ ਵਜੋਂ ਤਲਬ ਕਰ ਸਕਦੀ ਹੈ। ਸੂਤਰਾਂ ਅਨੁਸਾਰ ਖੇਤਾ ਸਿੰਘ ਨਾਮ ਦੇ ਇੱਕ ਵਿਅਕਤੀ ਦੀ ਤਸਵੀਰ ਅਤੇ ਬਿਆਨ ਵਿਸ਼ੇਸ਼ ਜਾਂਚ ਟੀਮ ਨੂੰ ਮਿਲਿਆ ਹੈ। ਤਸਵੀਰ ਵਿੱਚ ਖੇਤਾ ਸਿੰਘ ਪੁਲੀਸ ਵੱਲੋਂ ਚਲਾਈਆਂ ਗੋਲੀਆਂ ਦੇ ਖਾਲੀ ਖੋਲ ਦਿਖਾ ਰਿਹਾ ਹੈ। ਖੇਤਾ ਸਿੰਘ ਬਹਿਬਲ ਕਾਂਡ ਵੇਲੇ ਲੱਗੇ ਧਰਨੇ ਦਾ ਇੰਚਾਰਜ ਦੱਸਿਆ ਜਾਂਦਾ ਹੈ। ਜਾਂਚ ਟੀਮ ਸਾਹਮਣੇ ਖੇਤਾ ਸਿੰਘ ਨੇ ਦੱਸਿਆ ਕਿ ਜਿਹੜੇ ਖੋਲ ਉਸ ਨੂੰ ਮਿਲੇ ਸਨ, ਉਨ੍ਹਾਂ ਵਿੱਚੋਂ ਇੱਕ ਖੋਲ ਉਸ ਨੇ ਭਗਵੰਤ ਮਾਨ ਨੂੰ ਦਿੱਤਾ ਸੀ। ਇਸੇ ਦਰਮਿਆਨ ਅੱਜ ਇੱਕ ਬਲਰਾਜ ਸਿੰਘ ਨਾਮ ਦਾ ਗਵਾਹ ਜਾਂਚ ਟੀਮ ਸਾਹਮਣੇ ਪੇਸ਼ ਹੋਇਆ ਅਤੇ ਉਸ ਨੇ ਬਹਿਬਲ ਕਾਂਡ ਬਾਰੇ ਆਪਣੇ ਬਿਆਨ ਦਰਜ ਕਰਵਾਏ। ਜਾਂਚ ਟੀਮ ਦੇ ਮੈਂਬਰ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਅਦਾਲਤ ਸਾਹਮਣੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਟੀਮ ਨਿਰਪੱਖ ਤਰੀਕੇ ਨਾਲ ਤੱਥਾਂ ਦੇ ਆਧਾਰ ’ਤੇ ਪੜਤਾਲ ਕਰ ਰਹੀ ਹੈ ਅਤੇ ਸੱਚਾਈ ਸਾਹਮਣੇ ਲਿਆਉਣ ਲਈ ਉਹ ਹਰ ਸਬੰਧਤ ਗਵਾਹਾਂ ਤੇ ਤੱਥਾਂ ਦੀ ਘੋਖ ਕਰ ਰਹੇ ਹਨ।
INDIA ਬਹਿਬਲ ਕਾਂਡ: ਪੁਲੀਸ ਅਧਿਕਾਰੀਆਂ ਦੀ ਜ਼ਮਾਨਤ ’ਤੇ ਫ਼ੈਸਲਾ ਅੱਜ