(ਸਮਾਜ ਵੀਕਲੀ)
ਸਾਡਾ ਭਾਰਤ ਦੇਸ਼ ਰੁੱਤਾਂ ਦਾ ਦੇਸ਼ ਹੈ ਅਤੇ ਵਾਰੋ-ਵਾਰੀ ਆਉਂਦੀਆਂ ਸਾਲ ਦੀਆਂ ਛੇ ਰੁੱਤਾਂ ਵਿੱਚੋਂ ਸਭਨਾਂ ’ਚੋਂ ਪਿਆਰੀ ਰੁੱਤ ਬਸੰਤ ਨੂੰ ਮੰਨਿਆ ਗਿਆ ਹੈ। ਪ੍ਰਾਚੀਨ ਭਾਰਤ ਦੇ ਸਮੇਂ ਤੋਂ ਹੀ ਵਰ੍ਹੇ ਨੂੰ ਵੰਡੇ ਜਾਣ ਵਾਲੇ ਛੇ ਮੌਸਮਾਂ ਵਿੱਚੋਂ ਬਸੰਤ ਸਭ ਤੋਂ ਵਧੇਰੇ ਪਸੰਦੀਦਾ ਮੌਸਮ ਰਿਹਾ ਹੈ। ਇਸ ਮੌਸਮ ਦੌਰਾਨ ਕਈ ਥਾਈਂ ਮੇਲੇ ਲੱਗਦੇ ਹਨ ।
ਇਸ ਨੂੰ ਰੁੱਤਾਂ ਦਾ ਰਾਜਾ ਬਸੰਤ ਕਿਹਾ ਗਿਆ ਹੈ। ਬਸੰਤ ਦੇ ਇਸ ਮੌਸਮ ਨੂੰ ਪ੍ਰਕਿਰਤੀ ਵਿੱਚ ਇੱਕ ਨਵੀਂ ਚੇਤਨਾ ਦਾ ਸੂਚਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਰੁੱਤ ਬਸੰਤ ਦੀ ਦਸਤਕ ਤੋਂ ਪਹਿਲਾਂ ਕੜਾਕੇ ਦੀ ਪੈ ਰਹੀ ਠੰਢ ਦਾ ਦਬਾਓ ਘਟ ਜਾਂਦਾ ਹੈ ਅਤੇ ਦਰੱਖਤਾਂ ਅਤੇ ਪੌਦਿਆਂ ਦੇ ਝੜੇ ਪੱਤੇ ਅਤੇ ਫੁੱਲ ਫਿਰ ਨਵੇਂ ਰੂਪ ਵਿੱਚ ਖਿੱਲ ਉੱਠਦੇ ਹਨ ਅਤੇ ਸਭਨਾਂ ਵਿੱਚ ਇੱਕ ਨਵੀਂ ਸ਼ਕਤੀ ਦਿਖਾਈ ਦੇਣ ਲਗਦੀ ਹੈ। ਇਨਸਾਨੀ ਸਰੀਰ ਵਿੱਚ ਖੂਨ ਦਾ ਵਹਾਅ ਤੇਜ਼ ਹੋ ਜਾਣ ਸਦਕਾ ਮਨੁੱਖ ਨਵੀਂ ਫੁਰਤੀ ਅਨੁਭਵ ਕਰਨ ਲਗਦੇ ਹਨ। ਬਸੰਤ ਰੁੱਤ ਦੀ ਆਮਦ ਸਰਦ ਰੁੱਤ ਦੇ ਖਤਮ ਹੋਣ ਦੀ ਸੂਚਕ ਵੀ ਮੰਨੀ ਜਾਂਦੀ ਹੈ, ਇਸੇ ਲਈ ਕਿਹਾ ਜਾਂਦਾ ਹੈ: ‘ਆਈ ਬਸੰਤ ਪਾਲਾ ਉਡੰਤ’।
ਇਸ ਸੁਹਾਵਨੀ ਰੁੱਤ ਬਸੰਤ ਵਿੱਚ ਨਾ ਵਧੇਰੇ ਗਰਮੀ, ਨਾ ਵਧੇਰੇ ਸਰਦੀ ਹੁੰਦੀ ਹੈ। ਇਸ ਰੁੱਤ ਵਿੱਚ ਪੱਤਾ-ਪੱਤਾ ਅਤੇ ਡਾਲੀ-ਡਾਲੀ ਸਭ ਖਿੜ ਉੱਠਦੇ ਹਨ ਅਤੇ ਹਰ ਪਾਸੇ ਫੁੱਲਾਂ ਦੀ ਬਹਾਰ ਹੁੰਦੀ ਹੈ। ਧਰਤੀ ’ਤੇ ਹਰ ਪਾਸੇ ਸੁੱਕੀ ਪਈ ਬਨਸਪਤੀ ਉਸ ਵਿੱਚ ਪੈਦਾ ਹੋਈ ਹਰਿਆਲੀ ਸਦਕਾ ਟਹਿਕ ਉੱਠਦੀ ਹੈ। ਹਰ ਪਾਸੇ ਖਿੜੀ ਫੁੱਲਾਂ ਦੀ ਬਹਾਰ ਸਦਕਾ ਇਨ੍ਹਾਂ ਉੱਪਰ ਸ਼ਹਿਦ ਦੇਣ ਵਾਲੀਆਂ ਮੱਖੀਆਂ ਅਤੇ ਤਿਤਲੀਆਂ ਉਡਾਰੀਆਂ ਭਰਦੀਆਂ ਹਨ ਅਤੇ ਭੌਰੇ ਖੁਸ਼ੀ ਵਿੱਚ ਗੁਣਗੁਣਾਉਂਦੇ ਹਨ, ਕੋਇਲ ਵੀ ਮਸਤੀ ਵਿੱਚ ਕੂ-ਕੂ ਦੀ ਆਵਾਜ਼ ਨਾਲ ਚੌਗਿਰਦੇ ਨੂੰ ਸੰਗੀਤਮਈ ਬਣਾ ਦਿੰਦੀ ਹੈ।
ਬਸੰਤ ਦਾ ਸੰਸਕ੍ਰਿਤ ਵਿੱਚ ਸ਼ਾਬਦਿਕ ਅਰਥ ਬਹਾਰ ਦਾ ਹੈ। ਇਸਨੂੰ ਬਸੰਤ ਪੰਚਮੀ ਇਸ ਲਈ ਕਿਹਾ ਜਾਂਦਾ ਹੈ ਬਸੰਤ ਰੁੱਤ ਦਾ ਅਸਲੀ ਮਹੀਨਾ ਭਾਵੇਂ ਕਿ ਚੇਤ ਤੇ ਵਿਸਾਖ ਮੰਨਿਆ ਗਿਆ ਹੈ ਕਿਉਂਕਿ ਛੇ ਰੁੱਤਾਂ ਸਾਲ ਵਿੱਚ ਆਉਣ ਸਦਕਾ ਇਸ ਦੇ ਹਿੱਸੇ ਵੀ ਦੋ ਮਹੀਨੇ ਹੀ ਆਉਂਦੇ ਹਨ ਅਤੇ ਚੇਤ ਮਹੀਨੇ ਵਿੱਚ ਹੀ ਇਸ ਰੁੱਤ ਦਾ ਅਸਲੀ ਆਗਮਨ ਹੁੰਦਾ ਹੈ ਪਰ ਇਸ ਰੁੱਤ ਦਾ ਪ੍ਰਭਾਵ ਫੱਗਣ ਮਹੀਨੇ ਵਿੱਚ ਹੀ ਦਿਖਾਈ ਦੇਣ ਲਗਦਾ ਹੈ ਇਸ ਲਈ ਇਸ ਦਾ ਆਨੰਦ 3 ਮਹੀਨੇ ਫੱਗਣ ਤੋਂ ਵਿਸਾਖ ਤਕ ਮਿਲਦਾ ਹੈ ਪਰ ਇਸ ਰੁੱਤ ਬਸੰਤ ਦੀ ਆਮਦ ਦੀ ਖੁਸ਼ੀ ਦਾ ਤਿਉਹਾਰ ਬਸੰਤ ਪੰਚਮੀ ਮਾਘ ਦੇ ਮਹੀਨੇ ਮਨਾਇਆ ਜਾਂਦਾ ਹੈ। ਇਸੇ ਲਈ ਇਸ ਨੂੰ ਬਸੰਤ ਪੰਚਮੀ ਕਿਹਾ ਜਾਂਦਾ ਹੈ।
ਹਕੀਕਤ ਰਾਏ ਦੀ ਸ਼ਹਾਦਤ ਅਤੇ ਨਾਮਧਾਰੀ ਗੁਰੂ ਰਾਮ ਸਿੰਘ ਦਾ ਬਸੰਤ ਪੰਚਮੀ ਦੇ ਤਿਉਹਾਰ ਨਾਲ ਬੜਾ ਗੂੜ੍ਹਾ ਸਬੰਧ ਹੈ।ਹਕੀਕਤ ਰਾਏ ਦੀ ਸਮਾਧ ਲਾਹੌਰ ਤੋਂ ਦੋ ਮੀਲ ਚੜ੍ਹਦੇ ਵੱਲ ਬਣੀ ਹੋਈ ਹੈ ਜਿਸ ’ਤੇ ਬਸੰਤ ਪੰਚਮੀ ਦਾ ਮੇਲਾ ਹਰ ਸਾਲ ਬੜੀ ਧੂਮਧਾਮ ਨਾਲ ਲਗਦਾ ਹੈ। ਲਾਹੌਰ ਨਿਵਾਸੀ ਇਸ ਨੂੰ ‘ਪਤੰਗਾਂ ਦੇ ਤਿਉਹਾਰ’ ਵਜੋਂ ਮਨਾਉਂਦੇ ਹਨ।ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਕੂਕਾ ਲਹਿਰ ਦੇ ਮੋਢੀ ਨਾਮਧਾਰੀ ਗੁਰੂ ਰਾਮ ਸਿੰਘ ਦਾ ਜਨਮ ਵੀ ਫਰਵਰੀ 1816 ਦੀ ਬਸੰਤ ਪੰਚਮੀ ਦੀ ਰਾਤ ਨੂੰ ਪਿੰਡ ਭੈਣੀ ਰਾਈਆਂ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਸੀ। ਹਰ ਸਾਲ ਬਸੰਤ ਪੰਚਮੀ ਨੂੰ ਭੈਣੀ ਸਾਹਿਬ ਵਿਖੇ ਉਹਨਾਂ ਦਾ ਜਨਮ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ
ਪੰਜਾਬ ਵਿੱਚ ਇਸ ਦਿਨ ਸਬੰਧਤ ਇੱਕ ਮੇਲਾ ਇਸ ਦਿਨ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਲਗਦਾ ਹੈ ਜਿਹੜਾ ਕਿ ਇੱਕ ਇਤਿਹਾਸਕ ਘਟਨਾ ਨਾਲ ਜੁੜਿਆ ਹੋਇਆ ਅਤੇ ਇੱਥੇ ਬਣੇ ਸਰੋਵਰ ਵਿੱਚ ਸ਼ਰਧਾਲੂ ਬੜੀ ਸ਼ਰਧਾ ਨਾਲ ਇਸ਼ਨਾਨ ਕਰਦੇ ਹਨ।ਸੋਧੋ
ਪਰ ਇਸ ਰੁੱਤ ਦੇ ਦੋ ਮਹੀਨੇ ਦੇ ਹੋਣ ਤੋਂ ਪਹਿਲਾਂ ਹੀ 40 ਦਿਨ ਮਾਘ ਵਿੱਚ ਸ਼ੁਰੂ ਹੋਣ ਸੰਬੰਧੀ ਇੱਕ ਬੜੀ ਰੌਚਕ ਤੇ ਪੌਰਾਣਿਕ ਜਾਣਕਾਰੀ ਮਿਲਦੀ ਹੈ ਜਿਸ ਅਨੁਸਾਰ ਕਿਹਾ ਜਾਂਦਾ ਹੈ ਕਿ ਇੱਕ ਸਮੇਂ ਬਸੰਤ ਤੋਂ ਇਲਾਵਾ ਬਾਕੀ ਦੀਆਂ ਪੰਜ ਰੁੱਤਾਂ ਨੇ ਇਕੱਠੇ ਹੋ ਕੇ ਬਸੰਤ ਨੂੰ ਆਪਣਾ ਰਾਜਾ ਮੰਨਿਆ ਅਤੇ ਆਪਣੇ ਦੋ-ਦੋ ਮਹੀਨਿਆਂ ਵਿੱਚ 8-8 ਦਿਨ ਬਸੰਤ ਨੂੰ ਦਿੱਤੇ ਜਿਸ ਸਦਕਾ ਬਸੰਤ ਰੁੱਤ ਕੋਲ 40 ਦਿਨ ਵਧ ਜਾਣ ਕਾਰਨ ਬਸੰਤ ਰੁੱਤ ਸਭ ਤੋਂ ਵੱਡੀ ਹੋ ਗਈ।
ਕਲਾ ਤੇ ਵਿਦਿਆ ਦੀ ਦੇਵੀ ਸਰਸਵਤੀ ਦਾ ਜਨਮ ਦਿਨ ਵੀ ਬਸੰਤ ਪੰਚਮੀ ਨੂੰ ਹੀ ਮਨਾਇਆ ਜਾਂਦਾ ਹੈ। ਇਸ ਬਾਰੇ ਕਿਹਾ ਜਾਂਦਾ ਹੈ ਕਿ ਸ੍ਰੀ ਬ੍ਰਹਮਾ ਜੀ ਜਦੋਂ ਸ਼੍ਰਿਸ਼ਟੀ ਦੀ ਰਚਨਾ ਕਰਨ ਤੋਂ ਬਾਅਦ, ਆਪਣੀ ਰਚੀ ਇਸ ਰਚਨਾ ਨੂੰ ਦੇਖਣ ਨਿਕਲੇ ਤਾਂ ਉਨ੍ਹਾਂ ਨੇ ਚਾਰੇ ਪਾਸੇ ਸੁੰਨਸਾਨ ਦੇਖਿਆ, ਉਸ ਵੱਲੋਂ ਪੈਦਾ ਕੀਤੇ ਸਭ ਜੀਵ ਜੰਤੂ ਚੁੱਪ ਅਤੇ ਉਦਾਸ ਸਨ, ਸ੍ਰੀ ਬ੍ਰਹਮਾ ਜੀ ਇਹ ਦੇਖ ਕੇ ਸੋਚ ਵਿੱਚ ਪੈ ਗਏ ਅਤੇ ਆਪਣੇ ਕਰਮੰਡਲ ਵਿੱਚੋਂ ਜਲ ਲੈ ਕੇ ਕਮਲ-ਫੁੱਲ ’ਤੇ ਛਿੜਕਿਆ ਜਿਸ ’ਤੇ ਕਮਲ ਫੁੱਲ ਵਿੱਚੋਂ ਇੱਕ ਸੁੰਦਰ ਦੇਵੀ ਪ੍ਰਗਟ ਹੋਈ ਜਿਸ ਨੇ ਚਿੱਟੇ ਕੱਪੜੇ ਪਹਿਨੇ ਹੋਏ ਸਨ ਅਤੇ ਦੋ ਹੱਥਾਂ ਨਾਲ ਬੀਨ ਬਜਾ ਰਹੀ ਸੀ
ਇੱਕ ਹੱਥ ਵਿੱਚ ਮਾਲਾ ਅਤੇ ਇੱਕ ਹੱਥ ਵਿੱਚ ਪੁਸਤਕ ਸੀ, ਸ੍ਰੀ ਬ੍ਰਹਮਾ ਜੀ ਨੇ ਇਸ ਦੇਵੀ ਨੂੰ ਕਿਹਾ ਕਿ ਆਪਣੀ ਵੀਣਾ ਨਾਲ ਇਸ ਸੰਸਾਰ ਦੀ ਚੁੱਪ ਦੂਰ ਕਰੋ। ਇਸ ’ਤੇ ਇਸ ਦੇਵੀ ਨੇ ਬੀਨ ਵਜਾ ਕੇ ਸਭ ਜੀਵਾਂ ਨੂੰ ਵਾਣੀ ਪ੍ਰਦਾਨ ਕੀਤੀ। ਇਸ ਦੇਵੀ ਦੇ ਹੱਥ ਵਿੱਚ ਬੀਨ ਹੋਣ ਕਾਰਨ ਇਸ ਨੂੰ ਬੀਨ ਵਾਦਿਨੀ ਜਾਂ ਬੀਣਾ ਧਾਰਨੀ ਵੀ ਕਹਿੰਦੇ ਹਨ, ਬਸੰਤ ਪੰਚਮੀ ਦੇ ਦਿਨ ਨੂੰ ਸਰਸਵਤੀ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ।
ਬਸੰਤ ਪੰਚਮੀ ਨੂੰ ਮੌਸਮੀ ਤਿਉਹਾਰ ਦੇ ਰੂਪ ਵਿੱਚ ਵਧੇਰੇ ਮਨਾਇਆ ਜਾਂਦਾ ਹੈ ਜਿਸ ਦੇ ਪੀਲੇ ਰੰਗ ਨਾਲ ਵਿਸ਼ੇਸ਼ ਲਗਾਓ ਹੈ। ਇਸ ਦਿਨ ਵਧੇਰੇ ਲੋਕਾਂ ਵੱਲੋਂ ਪੀਲੇ ਰੰਗ ਦੇ ਕੱਪੜੇ ਪਹਿਨੇ ਜਾਂਦੇ ਹਨ। ਘਰ ਵਿੱਚ ਕਈ ਪਕਵਾਨ ਵੀ ਪੀਲੇ ਰੰਗ ਦੇ ਬਣਾਏ ਜਾਂਦੇ ਹਨ। ਬਸੰਤ ਪੰਚਮੀ ਵਾਲੇ ਦਿਨ ਪਤੰਗ ਉਡਾਉਣ ਦਾ ਵੀ ਰਿਵਾਜ ਹੈ ਹਰ ਥਾਂ ’ਤੇ ਭਾਰੀ ਗਿਣਤੀ ਵਿੱਚ ਨੌਜਵਾਨ ਅਤੇ ਬੱਚੇ ਪਤੰਗ ਉਡਾਉਂਦੇ ਹਨ ਅਤੇ ਵੱਡੀਆਂ-ਵੱਡੀਆਂ ਸ਼ਰਤਾਂ ਵੀ ਲਗਾਉਂਦੇ ਹਨ।
ਇਸ ਦਿਨ ਪੀਲੇ ਕੱਪੜੇ ਪਹਿਨਣ ਦਾ ਵਧੇਰੇ ਰਿਵਾਜ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿੱਚ ਹੈ। ਰਾਜਸਥਾਨ ਵਿੱਚ ਔਰਤਾਂ ਪੀਲੀਆਂ ਸਾੜ੍ਹੀਆਂ, ਲਹਿੰਗੇ ਆਦਿ ਪਾਉਂਦੀਆਂ ਹਨ। ਪੱਛਮੀ ਬੰਗਾਲ ਵਿੱਚ ਵੀ ਇਸ ਦਿਨ ਪੀਲੇ ਕੱਪੜੇ ਪਹਿਨਣ ਦਾ ਕਾਫੀ ਰਿਵਾਜ ਹੈ ਅਤੇ ਇੱਥੇ ਇਹ ਦਿਨ ਬੜੇ ਉਤਸ਼ਾਹ ਨਾਲ ਸਰਸਵਤੀ ਪੂਜਾ ਨਾਲ ਮਨਾਇਆ ਜਾਂਦਾ ਹੈ। ਪੂਰਬੀ-ਉੱਤਰ ਪ੍ਰਦੇਸ਼ ਵਿੱਚ ਬਸੰਤ ਪੰਚਮੀ ਨੂੰ ਹੋਲੀ ਗਾਉਂਦੇ ਹਨ ਅਤੇ ਫਾਗ ਮਨਾਉਂਦੇ ਹਨ ਅਤੇ ਇਹ ਸਿਲਸਿਲਾ ਫੱਗਣ ਦੀ ਪੂਰਨਮਾਸ਼ੀ ਹੋਲੀ ਤਕ ਚੱਲਦਾ ਰਹਿੰਦਾ ਹੈ।
ਇਸ ਮੌਸਮ ਬਸੰਤ ਰੁੱਤ ਨੂੰ ਕਵਿਤਾ ਖੇਤਰ ਵਿੱਚ ਵੀ ਪੂਰਨ ਤੌਰ ’ਤੇ ਮਾਨਤਾ ਪ੍ਰਾਪਤ ਹੈ, ਸ਼ਾਇਦ ਹੀ ਕੋਈ ਕਵੀ ਅਜਿਹਾ ਜਿਸ ਨੇ ਆਪਣੀ ਕਵਿਤਾ ਵਿੱਚ ਬਸੰਤ ਰੁੱਤ ਨੂੰ ਸ਼ਾਮਲ ਨਾ ਕੀਤਾ ਹੋਵੇ। ਇਸ ਦਾ ਗੁਣਗਾਣ ਕਰਨ ਵਾਲੇ ਕਵੀਆਂ ਵਿੱਚ ਆਦੀਕਾਵਿ ਬਾਲਮੀਕ ਅਤੇ ਮਹਾਂਕਵੀ ਕਾਲੀਦਾਸ ਨੇ ਤਾਂ ਬਸੰਤੀ ਸੰਯੋਗ ਵਿਯੋਗ ਦਾ ਚਿਤਰਨ ਬੜੇ ਹੀ ਨੇੜਿਓਂ ਛੋਂਹਦੇ ਹੋਏ ਕੀਤਾ ਅਤੇ ਇਸ ਦਾ ਗੁਣਗਾਣ ਕਰਨ ਵਾਲਿਆਂ ਵਿੱਚ ਵਿੱਦਿਆਪਤੀ, ਨੰਦ ਦਾਸ, ਚੰਦਰਵਰਦਾਈ, ਪਦਮਾਕਰ, ਅਬੂਦਰ ਰਹਿਮਾਨ, ਸੇਨਾਪਤੀ, ਹਰੀਸ਼ ਚੰਦਰ, ਬਿਹਾਰੀ ਆਦਿ ਦੇ ਨਾਂ ਪ੍ਰਮੁੱਖ ਹਨ।
ਭਾਵੇਂ ਕਿ ਇਹ ਤਿਉਹਾਰ ਪਹਿਲਾਂ ਦੇ ਸਮੇਂ ਵਿਚ ਬਹੁਤ ਉਤਸ਼ਾਹ ਅਤੇ ਮਰਿਆਦਾ ਵਿਚ ਰਹਿਕੇ ਮਨਾਇਆ ਜਾਂਦਾ ਸੀ । ਪਰ ਅੱਜ ਦੇ ਲੋਕਾਂ ਵਲੋਂ ਇਹ ਤਿਉਹਾਰ ਆਪਣੇ ਨਵੇਂ ਤੌਰ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ । ਬਸੰਤ ਦੇ ਤਿਉਹਾਰ ਵਾਲੇ ਦਿਨ ਕਈ ਲੋਕ ਸ਼ਰਾਬ ਦਾ ਸੇਵਨ ਕਰਨ ਲੱਗ ਪਏ ਹਨ । ਜੋ ਕਿ ਬਹੁਤ ਸ਼ਰਮਨਾਕ ਗੱਲ ਹੈ । ਅਸੀਂ ਇਸ ਪਵਿੱਤਰ ਤਿਉਹਾਰ ਵਾਲੇ ਦਿਨ ਵੀ ਆਪਣੇ ਨਸ਼ਿਆਂ ਦੀ ਹਵਾ ਨੂੰ ਚਲਾ ਰਹੇ ਹਾਂ । ਜਿੱਥੇ ਲੋਕੀਂ ਇਸ ਤਿਉਹਾਰ ਨੂੰ ਨਸ਼ਿਆਂ ਦੀ ਹਵਾ ਨਾਲ ਗੰਦਲਾ ਕਰ ਰਹੇ ਹਨ । ਉਥੇ ਹੀ ਕੁੱਝ ਲੋਕ ਇਸ ਤਿਉਹਾਰ ਨੂੰ ਖ਼ੂਨ ਦੇ ਲਾਲ ਰੰਗ ਨਾਲ ਰਂਗ ਰਹੇ ਹਨ ।
ਜਿਥੇ ਪਹਿਲਾਂ ਲੋਕੀਂ ਇਸ ਤਿਉਹਾਰ ਵਾਲੇ ਦਿਨ ਸਾਦੇ ਧਾਗੇ ਨਾਲ ਪਤੰਗ ਉਡਾਉਂਦੇ ਸਨ । ਉਥੇ ਹੀ ਹੁਣ ਦੇ ਸਮੇਂ ਬਾਜ਼ਾਰ ਵਿਚ ਵੱਖ ਵੱਖ ਤਰਾਂ ਦੇ ਧਾਗੇ ਆ ਗਏ ਹਨ । ਜਿਨ੍ਹਾਂ ਸੀ ਧਾਰ ਬਹੁਤ ਤੇਜ਼ ਅਤੇ ਜਾਨ ਲੇਵਾ ਸਿੱਧ ਹੁੰਦੀਂ ਹੈ । ਇਸ ਧਾਗੇ ਦੀ ਵਰਤੋਂ ਨਾਲ ਕਈ ਲੋਕਾਂ ਦੀ ਜਾਨ ਵੀ ਜਾ ਚੁਕੀ ਹੈ । ਹਰ ਸਾਲ ਕਈ ਲੋਕ ਇਸ ਧਾਗੇ ਕਾਰਨ ਆਪਣੀ ਜਾਨ ਤੋਂ ਜਾਂਦੇ ਹਨ । ਕਈ ਵਾਰ ਤਾਂ ਰਾਹ ਜਾਂਦੇ ਲੋਕਾਂ ਦੇ ਸਿਰ ਉਹਨਾਂ ਦੇ ਧੜ੍ਹ ਤੋਂ ਵੀ ਵੱਖ ਹੋ ਜਾਂਦੇ ਹਨ । ਉਥੇ ਹੀ ਹਜ਼ਾਰਾਂ ਦੀ ਗਿਣਤੀ ਵਿਚ ਅਸਮਾਨੀ ਪੰਛੀ ਇਸ ਤੇਜ਼ ਧਾਗੇ ਕਾਰਨ ਆਪਣੀ ਜਾਨ ਗੁਆਂ ਦਿੰਦੇ ਹਨ ।
ਤਾਂ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਤੇਜ਼ ਧਾਰ ਵਾਲੇ ਧਾਗੇ ਦੀ ਵਰਤੋਂ ਨਾ ਕਰੀਏ , ਅਤੇ ਸਾਦੇ ਧਾਗੇ ਨਾਲ ਹੀ ਪਤੰਗ ਨੂੰ ਉਡਾਈਏ । ਤਾਂਕਿ ਜਿਸ ਨਾਲ ਲੋਕਾਂ ਦੇ ਨਾਲ ਨਾਲ ਸਾਡੀ ਆਪਣੀ ਵੀ ਜਾਨ ਨੂੰ ਕੋਈ ਖਤਰਾ ਨਾ ਹੋਵੇ । ਇਹ ਧਾਗੇ ਸਾਡੇ ਲਈ ਵੀ ਉਹਨਾਂ ਹੀ ਖਤਰਨਾਕ ਹੈ ਜਿਨ੍ਹਾਂ ਕਿ ਆਮ ਲੋਕਾਂ ਅਤੇ ਬੇਜੁਬਾਨ ਪੰਛੀਆਂ ਦੇ ਲਈ ।
ਅੰਤ ਵਿਚ ਅਸੀਂ ਇਹੀ ਉਮੀਦ ਅਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਪਵਿੱਤਰ ਦਿਨ ਨੂੰ ਨਸ਼ਿਆਂ ਦੀ ਹਵਾ ਤੋਂ ਦੂਰ ਰੱਖੋਗੇ ਅਤੇ ਆਪਣੇ ਨਾਲ ਨਾਲ ਹੋਰਾਂ ਲੋਕਾਂ ਅਤੇ ਪੰਛੀਆਂ ਦੀ ਜਾਨ ਦੀ ਰੱਖਿਆ ਕਰੋਗੇ ।
ਜਸਕੀਰਤ ਸਿੰਘ
ਮੋਬਾਈਲ :- 98889-49201
ਮੰਡੀ ਗੋਬਿੰਦਗੜ੍ਹ ( ਜ਼ਿਲ੍ਹਾ :- ਫ਼ਤਹਿਗੜ੍ਹ ਸਾਹਿਬ )