ਤਿੰਨ ਵਿਧਾਨ ਸਭਾ ਹਲਕਿਆਂ ਦੀ ਸਾਂਝੀ ਸਥਾਨਕ ਬਲਾਕ ਸਮਿਤੀ-1 ਦੀ ਚੋਣ ਮੌਕੇ ਹਾਕਮ ਧਿਰ ਦੇ ਵਿਧਾਇਕ ਆਪਸ ’ਚ ਖਹਿਬੜ ਪਏ ਤੇ ਸਹਿਮਤੀ ਨਾ ਹੋਣ ਕਾਰਨ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਵੋਟਿੰਗ ਨਾਲ ਚੋਣ ਹੋਈ। ਇਸ ਮੌਕੇ ਪੁਲੀਸ ਨੇ ਸੁਰੱਖਿਆ ਦੇ ਮੱਦੇਨਜ਼ਰ ਬੀਡੀਪੀਓ ਦਫ਼ਤਰ ਦੇ ਗੇਟ ਬੰਦ ਕਰ ਦਿੱਤੇ। ਇਸ ਸਮਿਤੀ ਦੀ ਚੋਣ ਪਹਿਲਾਂ ਵੀ ਕਾਂਗਰਸ ’ਚ ਫੁੱਟ ਕਾਰਨ ਮੁਲਤਵੀ ਹੋਈ ਸੀ ਤੇ ਪ੍ਰਸ਼ਾਸਨ ਨੇ ਅੱਜ ਦੁਬਾਰਾ ਚੋਣ ਪ੍ਰੋਗਰਾਮ ਰੱਖਿਆ ਸੀ।
ਅੱਜ ਸਮਿਤੀ ਦੇ ਬਾਘਾਪੁਰਾਣਾ ਹਲਕੇ ਦੇ ਹਾਕਮ ਧਿਰ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਹਾਕਮ ਧਿਰ ਦੇ ਧਰਮਕੋਟ ਤੋਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਅੰਦਰ ਆਉਣ ਤੋਂ ਰੋਕ ਦਿੱਤਾ। ਇਸ ਮੌਕੇ ਮਾਮੂਲੀ ਤਕਰਾਰ ਬਾਅਦ ਵਿਧਾਇਕ ਬਰਾੜ ਵਾਪਸ ਚਲੇ ਗਏ। ਮੋਗਾ ਬਲਾਕ ਸਮਿਤੀ-1 ਅਨੁਸੂਚਿਤ ਜਾਤੀ ਲਈ ਰਾਖਵਾਂ ਦੀ ਚੋਣ ਲਈ ਡਾ. ਮਨਦੀਪ ਕੌਰ, ਐੱਸਡੀਐੱਮ ਨਿਹਾਲ ਸਿੰਘ ਵਾਲਾ ਨੂੰ ਚੋਣ ਅਧਿਕਾਰੀ ਤਾਇਨਾਤ ਕੀਤਾ ਗਿਆ ਸੀ। ਇਸ ਬਲਾਕ ਸਮਿਤੀ ਦੇ 24 ਵਿਚੋਂ 23 ਮੈਂਬਰ ਹਾਜ਼ਰ ਹੋਏ ਸਨ। ਇਸ ਬਲਾਕ ਸਮਿਤੀ ਦਾ ਖੇਤਰ ਵਿਧਾਨ ਸਭਾ ਹਲਕਾ ਧਰਮਕੋਟ, ਮੋਗਾ ਤੇ ਨਿਹਾਲ ਸਿੰਘ ਵਾਲਾ ਹੈ। ਨਿਹਾਲ ਸਿੰਘ ਵਾਲਾ ਹਲਕੇ ਤੋਂ ‘ਆਪ’ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਸ਼ਿਰਕਤ ਕੀਤੀ। ਬਲਾਕ ਸਮਿਤੀ ਮੈਂਬਰਾਂ ’ਚ ਬਹੁਗਿਣਤੀ ਹਾਕਮ ਧਿਰ ਦੀ ਹੋਣ ਦੇ ਬਾਵਜੂਦ ਵਿਧਾਇਕਾਂ ’ਚ ਚੇਅਰਮੈਨ ਅਹੁਦੇ ਲਈ ਸਹਿਮਤੀ ਨਾਂ ਬਣੀ। ਇਸ ਬਾਅਦ ਵੋਟਿੰਗ ਹੋਈ ਤੇ ਬਲਾਕ ਸਮਿਤੀ ਜ਼ੋਨ ਮਹਿਣਾਂ ਤੋਂ ਤੇਜ ਕੌਰ ਤੇ ਬਲਾਕ ਬੁੱਧ ਸਿੰਘ ਵਾਲਾ ਜ਼ੋਨ ਤੋਂ ਪਰਮਜੀਤ ਕੌਰ ਮੱਲੀਆਂ ਵਾਲਾ ’ਚ ਚੇਅਰਮੈਨ ਅਹੁਦੇ ਲਈ ਮੁਕਾਬਾਲਾ ਹੋਇਆ। ਇਸ ਮੌਕੇ ਕਾਕਾ ਲੋਹਗੜ੍ਹ ਧੜੇ ਦੀ ਤੇਜ ਕੌਰ ਨੂੰ 15 ਤੇ ਪਰਮਜੀਤ ਕੌਰ ਨੂੰ 8 ਵੋਟਾਂ ਮਿਲੀਆਂ। ਚੋਣ ਅਧਿਕਾਰੀ ਨੇ ਤੇਜ ਕੌਰ ਨੂੰ ਚੇਅਰਮੈਨ ਬਲਾਕ ਸਮਿਤੀ ਐਲਾਨ ਦਿੱਤਾ। ਇਸ ਮਗਰੋਂ ਵਿਰੋਧੀ ਧਿਰ ਨੇ ਉਪ ਚੇਅਰਮੈਨ ਅਹੁਦੇ ਲਈ ਵੋਟਿੰਗ ਨਹੀਂ ਕਰਵਾਈ ਤਾਂ ਹਰਨੇਕ ਸਿੰਘ ਰਾਮੂੰਵਾਲਾ ਦਾ ਇਸ ਅਹੁਦੇ ਲਈ ਐਲਾਨ ਕਰ ਦਿੱਤਾ। ਇਸ ਚੋਣ ਮਗਰੋਂ ਕਾਂਗਰਸ ’ਚ ਫੁੱਟ ਹੋਰ ਜੱਗ ਜ਼ਾਹਰ ਹੋਈ, ਜਦੋਂ ਹਾਕਮ ਧਿਰ ਦੇ ਵਿਧਾਇਕਾਂ ਨੇ ਚੁਣੇ ਗਏ ਦੋਵਾਂ ਅਹੁਦੇਦਾਰਾਂ ਨੂੰ ਆਸ਼ੀਰਵਾਦ ਵੀ ਨਾ ਦਿੱਤਾ ਤੇ ਯਾਦਗਾਰੀ ਤਸਵੀਰ ਖਿਚਵਾਉਣ ਤੋਂ ਵੀ ਗੁਰੇਜ਼ ਕੀਤਾ।
ਹੁਣ ਇੱਥੇ ਜ਼ਿਲ੍ਹਾ ਪਰਿਸ਼ਦ ਦੀ ਚੇਅਰਮੈਨੀ ਲਈ ਵੱਡਾ ਮਘਸਾਣ ਸ਼ੁਰੂ ਹੋ ਗਿਆ ਹੈ। ਇੱਥੇ ਜਿਲ੍ਹਾ ਪਰਿਸ਼ਦ ਚੇਅਰਮੈਨ ਦਾ ਅਹੁਦਾ ਜਨਰਲ ਵਰਗ ਤੇ ਉਪ ਚੇਅਰਮੈਨ ਦਾ ਅਹੁਦਾ ਔਰਤ ਵਰਗ ਲਈ ਰਾਖਵਾਂ ਹੈ।
ਇੱਥੇ ਜ਼ਿਲ੍ਹੇ ’ਚ ਹਾਕਮ ਧਿਰ ਦੇ ਤਿੰਨਾਂ ਵਿਧਾਇਕਾਂ ’ਚ ਸਹਿਮਤੀ ਬਣਨ ਦੇ ਆਸਾਰ ਖ਼ਤਮ ਹੋ ਗਏ ਹਨ। ਇਸ ਛਿੜੇ ਸਿਆਸੀ ਘਮਸਾਣ ਤਹਿਤ ਦੋ ਵਿਧਾਇਕਾਂ ਨੇ ਤੀਜੇ ਵਿਧਾਇਕ ਦੀ ਪਿੱਠ ਲਵਾਉਣ ਲਈ ਜ਼ੋਰ ਅਜ਼ਮਾਇਸ਼ ਸ਼ੁਰੂ ਕਰ ਦਿੱਤੀ ਹੈ ਅਤੇ ਤੀਜੇ ਵਿਧਾਇਕ ਨੇ ਬੀਬੀ ਭਾਗੀਕੇ ਨੂੰ ਆਪਣੇ ਨਾਲ ਜੋੜ ਲਿਆ ਹੈ।
INDIA ਬਲਾਕ ਸਮਿਤੀ ਚੋਣ: ਹਾਕਮ ਧਿਰ ਦੇ ਵਿਧਾਇਕ ਆਪਸ ’ਚ ਖਹਿਬੜੇ