ਨਹਿਰੀ ਪਾਣੀ ਦੀ ਤੋਟ: ਮਰਨ ਵਰਤ ’ਤੇ ਬੈਠੇ ਰੇਸ਼ਮ ਸਿੰਘ ਦੀ ਹਾਲਤ ਵਿਗੜੀ

ਸੱਤ ਪਿੰਡਾਂ ਵਿੱਚ ਨਹਿਰੀ ਪਾਣੀ ਦੀ ਤੋਟ ਨੂੰ ਲੈ ਕੇ ਮਰਨ ਵਰਤ ਉਤੇ ਬੈਠੇ ਕਿਸਾਨ ਰੇਸ਼ਮ ਸਿੰਘ ਯਾਤਰੀ ਦੀ ਸਿਹਤ ਵਿਗੜਨ ਲੱਗੀ ਹੈ। ਉਨ੍ਹਾਂ ਨੂੰ ਮਰਨ ਵਰਤ ’ਤੇ ਬੈਠੇ ਪੰਜ ਦਿਨ ਹੋ ਗਏ ਹਨ। ਸਿਹਤ ਵਿਭਾਗ ਨੇ ਅੱਜ ਉਨ੍ਹਾਂ ਦੀ ਜਾਂਚ ਕੀਤੀ। ਉਨ੍ਹਾਂ ਦਾ ਵਜ਼ਨ 5 ਕਿਲੋ ਘੱਟ ਗਿਆ ਹੈ। ਉਨ੍ਹਾਂ ਨੂੰ ਗਲੂਕੋਜ਼ ਲਗਵਾਉਣ ਦੀ ਸਲਾਹ ਦਿੱਤੀ ਗਈ ਹੈ ਪਰ ਉਨ੍ਹਾਂ ਨੇ ਇਸ ਤੋਂ ਮਨ੍ਹਾਂ ਕਰ ਦਿੱਤਾ ਹੈ।
ਉਧਰ, ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੇ ਅੱਜ ਦੁਪਹਿਰ ਤੋਂ ਬਾਅਦ ਇਸ ਸੰਘਰਸ਼ ਨੂੰ ਮਘਾਉਣ ਲਈ ਸਿੰਜਾਈ ਵਿਭਾਗ ਦੇ ਇੱਕ ਜੇ.ਈ. ਅਤੇ ਇੱਕ ਹੋਰ ਅਧਿਕਾਰੀ ਨੂੰ ਬੰਦੀ ਬਣਾ ਲਿਆ, ਜਿਸ ਤੋਂ ਬਾਅਦ ਦੋਵੋਂ ਧਿਰਾਂ ਵਿੱਚ ਸਮਝੌਤੇ ਦੀ ਗੱਲਬਾਤ ਚੱਲੀ। ਅਧਿਕਾਰੀਆਂ ਅਤੇ ਜਥੇਬੰਦੀ ਵਿਚਾਲੇ ਹੋਈ ਗੱਲਬਾਤ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਸਮੇਤ 6 ਕਿਸਾਨ ਅਤੇ ਸਿੰਜਾਈ ਵਿਭਾਗ ਦੇ ਐਕਸੀਅਨ ਕਰਤਾਰ ਚੰਦ ਅਤੇ ਪੰਜਾਬ ਪੁਲੀਸ ਦੇ ਡੀ.ਐਸ.ਪੀ ਗੁਰਮੀਤ ਸਿੰਘ ਸ਼ਾਮਲ ਹੋਏ, ਜਿਨ੍ਹਾਂ ਨੇ ਭਲਕੇ ਕੰਮ ਚਾਲੂ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਜਥੇਬੰਦੀ ਤੁਰੰਤ ਕੰਮ ਚਾਲੂ ਕਰਨ ਦੀ ਮੰਗ ’ਤੇ ਅੜੀ ਹੋਈ ਹੈ, ਪਰ ਹਨ੍ਹੇਰਾ ਹੋਣ ਕਾਰਨ ਮਸਲਾ ਕੱਲ੍ਹ ’ਤੇ ਚਲਿਆ ਗਿਆ ਹੈ।
ਇਸ ਤੋਂ ਪਹਿਲਾਂ ਖੇਤਾਂ ਅਤੇ ਘਰਾਂ ਦੀ ਪਿਆਸ ਬੁਝਾਉਣ ਲਈ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਰੇਸ਼ਮ ਸਿੰਘ ਯਾਤਰੀ ਦਾ ਸ਼ੂਗਰ, ਬਲੱਡ ਪ੍ਰੈਸ਼ਰ, ਭਾਰ ਅਤੇ ਧੜਕਣ ਘੱਟਣ ਲੱਗੀ ਹੈ। ਸਿਹਤ ਵਿਗੜਨ ਤੋਂ ਬਾਅਦ ਹੁਣ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਮੇਤ ਔਰਤਾਂ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਧਰਨੇ ਵਿੱਚ ਪੁੱਜਣ ਲੱਗੇ ਹਨ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਕਿਸਾਨ ਆਪਣੀਆਂ ਜਾਨਾਂ ਦਾਅ ’ਤੇ ਲਾਈ ਬੈਠੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਾਈ ਬਖਤੌਰ ਲਿੰਕ ਚੈਨਲ ਦੇ ਟੈਂਡਰ ਖੋਲ੍ਹਣ ਤੋਂ ਬਾਅਦ ਵੀ ਠੇਕੇਦਾਰ ਨੂੰ ਕੰਮ ਚਾਲੂ ਕਰਨ ਦੇ ਆਦੇਸ਼ ਨਹੀਂ ਦਿੱਤੇ ਜਾ ਰਹੇ।
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਪਰਵਿੰਦਰ ਸਿੰਘ ਗਹਿਰੀ, ਬਲਵਿੰਦਰ ਸਿੰਘ ਜੋਧਪੁਰ ਨੇ ਮਰਨ ਵਰਤ ’ਤੇ ਬੈਠੇ ਕਿਸਾਨ ਦੀ ਹੌਸਲੇ ਦੀ ਦਾਦ ਦਿੰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਕਿਸਾਨਾਂ ਦਾ ਨਹਿਰੀ ਪਾਣੀ ਅਤੇ ਟਿਊਬਵੈੱਲਾਂ ਦਾ ਪਾਣੀ ਮੁਫ਼ਤ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਦੂਜੇ ਪਾਸੇ ਕਿਸਾਨਾਂ ਨੂੰ ਨਹਿਰੀ ਪਾਣੀ ਦਾ ਆਪਣਾ ਹੱਕ ਹਾਸਲ ਕਰਨ ਲਈ ਮਰਨ ਵਰਤ ’ਤੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਕਾਕਾ ਸਿੰਘ ਕੋਟੜਾ, ਅਮਰਜੀਤ ਸਿੰਘ ਯਾਤਰੀ,ਪਰਮਿੰਦਰ ਸਿੰਘ ਗਹਿਰੀ, ਬਲਵੀਰ ਸਿੰਘ ਝੰਡੂਕੇ, ਕਾਕਾ ਸਿੰਘ ਅਕਲੀਆ ਨੇ ਵੀ ਸੰਬੋਧਨ ਕੀਤਾ।

Previous articleਰਾਣਾ ਸੋਢੀ ਦੇ ਪੁੱਤਰ ਖ਼ਿਲਾਫ਼ ਇਰਾਦਾ ਕਤਲ ਦਾ ਦੋਸ਼ ਤੈਅ
Next articleਬਲਾਕ ਸਮਿਤੀ ਚੋਣ: ਹਾਕਮ ਧਿਰ ਦੇ ਵਿਧਾਇਕ ਆਪਸ ’ਚ ਖਹਿਬੜੇ