ਲੁਧਿਆਣਾ (ਸਮਾਜ ਵੀਕਲੀ): ਕਿਲ੍ਹਾ ਰਾਏਪੁਰ ਵਿਚਲੇ ਸੂਬਾ ਸਿੰਘ ਪੋਲਟਰੀ ਫਾਰਮ ਵਿੱਚ ਬਰਡ ਫਲੂ ਦੇ ਕੇਸ ਦੀ ਪੁਸ਼ਟੀ ਤੋਂ ਬਾਅਦ ਅੱਜ ਪਸ਼ੂ ਪਾਲਣ ਵਿਭਾਗ ਦੀ ਟੀਮ ਨੇ ਇੱਥੇ 12,400 ਮੁਰਗੀਆਂ ਨੂੰ ਮਾਰ ਕੇ ਮਿੱਟੀ ਵਿੱਚ ਦੱਬ ਦਿੱਤਾ। ਬੀਤੇ ਦਿਨ ਵੀ ਵਿਭਾਗ ਵੱਲੋਂ 19200 ਮੁਰਗੀਆਂ ਨੂੰ ਮਾਰ ਦਿੱਤਾ ਗਿਆ ਸੀ। ਇਸ ਪੋਲਟਰੀ ਫਾਰਮ ਵਿੱਚ 75 ਹਜ਼ਾਰ ਦੇ ਕਰੀਬ ਮੁਰਗੀਆਂ ਹਨ, ਜਿਨ੍ਹਾਂ ਨੂੰ ਮਾਰਨ, ਉਨ੍ਹਾਂ ਦੇ ਆਂਡੇ ਤੇ ਹੋਰ ਸਾਮਾਨ ਨੂੰ ਨਸ਼ਟ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਪੋਲਟਰੀ ਫਾਰਮ ਵਿੱਚ ਬਰਡ ਫਲੂ ਦਾ ਕੇਸ ਹੋਣ ਦੀ ਪੁਸ਼ਟੀ ਨੈਸ਼ਨਲ ਇੰਸਟੀਚਿਊਟ ਆਫ਼ ਹਾਈ-ਸਿਕਿਓਰਿਟੀ ਐਨੀਮਲ ਡਿਜੀਜ਼, ਭੋਪਾਲ ਵੱਲੋਂ ਕੀਤੀ ਗਈ ਸੀ, ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸਨੂੰ ਸੀਲ ਕਰ ਦਿੱਤਾ ਗਿਆ ਸੀ।
ਪਸ਼ੂ ਪਾਲਣ ਵਿਭਾਗ ਦੀ ਟੀਮ ਇਸ ਥਾਂ ’ਤੇ ਲਗਾਤਾਰ ਕਾਰਵਾਈ ਕਰ ਰਹੀ ਹੈ। ਇੱਥੇ ਸਾਰੀਆਂ ਮੁਰਗੀਆਂ ਨੂੰ ਮਾਰਨ ਦੇ ਹੁਕਮ ਹਨ। ਇਸ ਤੋਂ ਇਲਾਵਾ ਪੋਲਟਰੀ ਫਾਰਮ ਵਿੱਚ ਬਿਮਾਰੀ ਦਾ ਕੇਂਦਰ 0-1 ਕਿਲੋਮੀਟਰ ਦਾ ਏਰੀਆ ਇੱਕ ਸੰਕਰਮਿਤ ਜ਼ੋਨ ਵਜੋਂ ਘੋਸ਼ਿਤ ਕੀਤਾ ਗਿਆ ਹੈ ਅਤੇ ਪੋਲਟਰੀ ਫਾਰਮ ਦੇ ਆਲੇ ਦੁਆਲੇ 0-10 ਕਿਲੋਮੀਟਰ ਰਕਬੇ ਨੂੰ ਨਿਗਰਾਨੀ ਜ਼ੋਨ ਵਜੋਂ ਮੰਨਿਆ ਗਿਆ ਹੈ।
ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਪਰਮਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਅੱਜ ਇਸ ਪੋਲਟਰੀ ਫਾਰਮ ਵਿੱਚ 12400 ਮੁਰਗੀਆਂ ਨੂੰ ਮਾਰ ਕੇ ਮਿੱਟੀ ਵਿੱਚ ਦੱਬਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਲੇ ਤਿੰਨ-ਚਾਰ ਦਿਨ ਹੋਰ ਇਸ ਪੋਲਟਰੀ ਫਾਰਮ ਵਿੱਚ ਮੁਰਗੀਆਂ ਨੂੰ ਮਾਰਨ ਦੀ ਕਾਰਵਾਈ ਕੀਤੀ ਜਾਣੀ ਹੈ।