ਮੀਂਹ ਨਾਲ ਜਲਥਲ ਹੋਇਆ ਬਠਿੰਡਾ ਜਿੱਥੇ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲਾ ਰਿਹਾ ਹੈ ਉੱਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਲਈ ਵੀ ਚੁਣੌਤੀ ਹੈ। ਥੋੜ੍ਹਾ ਜਿਹਾ ਮੀਂਹ ਹੀ ਬਠਿੰਡਾ ਵਾਸੀਆਂ ਨੂੰ ਸਮੱਸਿਆਵਾਂ ਦੇ ਸਮੁੰਦਰ ’ਚ ਡੋਬ ਦਿੰਦਾ ਹੈ ਪਰ ਅੱਜ ਤਾਂ ਮੋਹਲੇਧਾਰ ਮੀਂਹ ਵਰ੍ਹਿਆ। ਮੰਗਲਵਾਰ ਸਵੇਰੇ ਕਰੀਬ 3:30 ਵਜੇ ਤੋਂ 8:30 ਵਜੇ ਤੱਕ ਪਏ ਭਾਰੀ ਮੀਂਹ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਸ਼ਹਿਰ ਦੇ ਹਾਲਾਤ ਬੁਰੀ ਤਰ੍ਹਾਂ ਵਿਗੜੇ ਹੋਣ ਕਾਰਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਜੋ ਦਿੱਲੀ ਗਏ ਹੋਏ ਹਨ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲੋੜੀਂਦੇ ਕਦਮ ਉਠਾਉਣ ਦੀ ਹਦਾਇਤ ਕੀਤੀ ਹੈ। ਵੇਰਵਿਆਂ ਮੁਤਾਬਿਕ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਵੀਂ ਦਿੱਲੀ ਕਿਸੇ ਜ਼ਰੂਰੀ ਮੀਟਿੰਗ ਲਈ ਗਏ ਹੋਏ ਹਨ ਪਰ ਮੀਂਹ ਕਾਰਨ ਸ਼ਹਿਰ ਦੇ ਹਾਲਾਤ ਦੀ ਜਾਣਕਾਰੀ ਮਿਲਦਿਆਂ ਹੀ ਉਨ੍ਹਾਂ ਨੇ ਫੋਨ ਰਾਹੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲੋੜੀਂਦੇ ਕਦਮ ਚੁੱਕਣ ਤੋਂ ਇਲਾਵਾ ਕਾਂਗਰਸੀ ਆਗੂਆਂ ਨੂੰ ਲੋਕਾਂ ਦੀ ਮੱਦਦ ਕਰਨ ਲਈ ਕਿਹਾ ਹੈ। ਦਿੱਲੀ ਤੋਂ ਖੜਕੀ ਇਸ ਘੰਟੀ ਮਗਰੋਂ ਵਿੱਤ ਮੰਤਰੀ ਦੇ ਨਜ਼ਦੀਕੀ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਤੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਣ ਦੀ ਅਗਵਾਈ ਹੇਠ ਕਾਂਗਰਸੀ ਆਗੂ ਲੋਕਾਂ ਦੀ ਮੱਦਦ ਲਈ ਪਾਣੀ ’ਚ ਉੱਤਰ ਆਏ। ਕਾਂਗਰਸੀ ਆਗੂਆ ਨੇ ਵੱਖ-ਵੱਖ ਟੀਮਾਂ ਬਣਾ ਕੇ ਪ੍ਰਭਾਵਿਤ ਮਹੁੱਲਿਆਂ” ਵਿੱਚ ਪੁੱਜ ਕੇ ਲੋਕਾਂ ਨੂੰ ਹੌਸਲਾ ਦਿੱਤਾ ਤੇ ਹਰ ਸੰਭਵ ਮੱਦਦ ਕੀਤੀ। ਆਗੂਆਂ ਨੇ ਸਿਰਕੀ ਬਾਜ਼ਾਰ, ਪਾਵਰ ਹਾਊਸ ਰੋਡ, ਭੱਟੀ ਰੋਡ, ਮਾਲ ਰੋਡ, ਅਜੀਤ ਰੋਡ, ਪਰਸ ਰਾਮ ਨਗਰ, ਪ੍ਰਤਾਪ ਨਗਰ ਸਮੇਤ ਲਾਇਨੋਪਾਰ ਖੇਤਰ ਅੰਦਰ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਉਨ੍ਹਾਂ ਪਾਣੀ ਦੀ ਨਿਕਾਸੀ ਲਈ ਲਾਈਆਂ ਗਈਆਂ ਮੋਟਰਾਂ ਦੀ ਚੈਕਿੰਗ ਵੀ ਕੀਤੀ। ਆਗੂਆ ਨੇ ਗਹਿਰੀ ਭਾਗੀ ਵਿਖੇ ਸੂਲੇਜ ਕੈਰੀਅਰ ਦੇ ਕੰਮ ਦਾ ਵੀ ਜਾਇਜ਼ਾ ਲਿਆ। ਇਸ ਤੋਂ ਇਲਾਵਾ ਧੋਬੀਆਣਾ ਬਸਤੀ ਵਿੱਚ ਲੋਕਾਂ ਦੇ ਖਾਣ ਪੀਣ ਲਈ ਲੰਗਰ ਤੇ ਤਰਪਾਲਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਸੀਨੀਅਰ ਕਾਂਗਰਸੀ ਆਗੂ ਅਸ਼ੋਕ ਕੁਮਾਰ, ਜਗਰੂਪ ਸਿੰਘ ਗਿੱਲ, ਪਵਨ ਮਾਨੀ, ਕੇਕੇ ਅਗਰਵਾਲ, ਮੋਹਨ ਲਾਲ ਝੂੰਬਾ, ਅਸ਼ੋਕ ਪ੍ਰਧਾਨ, ਟਹਿਲ ਸੰਧੂ,ਰਾਜਨ ਗਰਗ ਸਮੇਤ ਹੋਰ ਆਗੂਆਂ ਨੇ ਆਪਣੇ-ਆਪਣੇ ਮੁਹੱਲਿਆਂ ਵਿੱਚ ਮੋਰਚਾ ਸੰਭਾਲਿਆ।
INDIA ਬਠਿੰਡਾ ਵਿੱਚ ਮੀਂਹ ਦੀ ਮਾਰ, ਦਿੱਲੀਓਂ ਆਈ ਤਾਰ