ਪ੍ਰਕਾਸ਼ ਪੁਰਬ ਸਮਾਗਮਾਂ ਮਗਰੋਂ ਲਾਏ ਜਾ ਸਕਦੇ ਨੇ ਤਖ਼ਤਾਂ ਦੇ ਪੱਕੇ ਜਥੇਦਾਰ

ਸ਼੍ਰੋਮਣੀ ਕਮੇਟੀ ਵਲੋਂ ਤਖ਼ਤਾਂ ਦੇ ਪੱਕੇ ਜਥੇਦਾਰ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਬਾਅਦ ਹੀ ਲਾਏ ਜਾਣ ਦੀ ਸੰਭਾਵਨਾ ਹੈ। ਇਸ ਦੌਰਾਨ ਪੰਥਕ ਹਲਕਿਆਂ ਵਿਚ ਕੁਝ ਵਿਦਵਾਨਾਂ ਦੇ ਨਾਵਾਂ ਦੀ ਚਰਚਾ ਵੀ ਚਲ ਰਹੀ ਹੈ। ਇਸ ਵੇਲੇ ਪੰਜਾਬ ਵਿਚਲੇ ਤਿੰਨ ਤਖ਼ਤਾਂ ਸ੍ਰੀ ਅਕਾਲ ਤਖ਼ਤ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਿਰਫ ਦੋ ਜਥੇਦਾਰ ਹਨ ਅਤੇ ਇਕ ਜਥੇਦਾਰ ਵੱਲੋਂ ਦੋ ਤਖ਼ਤਾਂ ਦੇ ਜਥੇਦਾਰਾਂ ਦੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ। ਇਸੇ ਤਰ੍ਹਾਂ ਪੰਜਾਬ ਤੋਂ ਬਾਹਰ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੱਕੇ ਜਥੇਦਾਰ ਦੀ ਨਿਯੁਕਤੀ ਨਹੀਂ ਹੋਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਤਖ਼ਤਾਂ ਦੇ ਪੱਕੇ ਜਥੇਦਾਰ ਨਿਯੁਕਤ ਕਰਨ ਦਾ ਮਾਮਲਾ ਵਿਚਾਰ ਅਧੀਨ ਹੈ ਪਰ ਇਸ ਵੇਲੇ ਸਮੁੱਚੀ ਸ਼੍ਰੋਮਣੀ ਕਮੇਟੀ ਅਤੇ ਸਮੁੱਚਾ ਪੰਥ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਉਤਸ਼ਾਹ ਨਾਲ ਮਨਾਉਣ ਦੇ ਯਤਨਾਂ ਵਿਚ ਲੱਗਾ ਹੋਇਆ ਹੈ। ਇਸ ਵੇਲੇ ਸ਼੍ਰੋਮਣੀ ਕਮੇਟੀ ਦੀ ਵੀ ਇਹ ਤਰਜੀਹ ਹੈ। ਇਸ ਲਈ ਇਨ੍ਹਾਂ ਸਮਾਗਮਾਂ ਤੋਂ ਬਾਅਦ ਹੀ ਤਖ਼ਤਾਂ ਦੇ ਪੱਕੇ ਜਥੇਦਾਰ ਨਿਯੁਕਤ ਕੀਤੇ ਜਾ ਸਕਣਗੇ। ਇਸ ਵੇਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦਾ ਵਾਧੂ ਕਾਰਜਭਾਰ ਸੌਂਪਿਆ ਹੋਇਆ ਹੈ। ਉਹ ਇਸ ਵੇਲੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ। ਦੋ ਤਖ਼ਤਾਂ ਦੇ ਜਥੇਦਾਰਾਂ ਦੀ ਜ਼ਿੰਮੇਵਾਰੀ ਅਤੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਮਨਾਉਣ ਲਈ ਚੱਲ ਰਹੇ ਯਤਨਾਂ ਤਹਿਤ ਉਨ੍ਹਾਂ ਨੂੰ ਵਧੇਰੇ ਕੰਮ ਕਰਨਾ ਪੈ ਰਿਹਾ ਹੈ। ਇਸ ਦੌਰਾਨ ਇਥੇ ਪੰਥਕ ਹਲਕਿਆਂ ਵਿਚ ਇਹ ਚਰਚਾ ਚੱਲ ਰਹੀ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਦਾ ਪੱਕਾ ਜਥੇਦਾਰ ਨਿਯੁਕਤ ਕੀਤਾ ਜਾ ਸਕਦਾ ਹੈ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਾਸਤੇ ਹੋਰ ਨਵੇਂ ਜਥੇਦਾਰ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ। ਇਸ ਸਬੰਧ ਵਿਚ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਪ੍ਰੋ. ਬਲਵਿੰਦਰ ਸਿੰਘ ਜੌੜਾਸਿੰਘਾ ਦੇ ਨਾਂ ਦੀ ਚਰਚਾ ਹੋ ਰਹੀ ਹੈ। ਉਹ ਸਤੰਬਰ ਮਹੀਨੇ ਵਿਚ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋ ਰਹੇ ਹਨ। ਉਹ ਉਚੇਰੀ ਸਿਖਿਆ ਪ੍ਰਾਪਤ ਸਿੱਖ ਵਿਦਵਾਨ ਹਨ, ਜਿਨ੍ਹਾਂ ਨੇ ਧਾਰਮਿਕ ਅਧਿਐਨ ਵਿਚ ਐਮਫਿਲ (ਗੋਲਡ ਮੈਡਲਿਸਟ) ਕੀਤੀ ਹੋਈ ਹੈ ਅਤੇ ਪੀਐੱਚਡੀ ਕਰ ਰਹੇ ਹਨ। ਉਨ੍ਹਾਂ ਲਗਪਗ ਡੇਢ ਦਹਾਕਾ ਅਧਿਆਪਨ ਕਾਰਜ ਵਿਚ ਸੇਵਾਵਾਂ ਨਿਭਾਈਆਂ ਹਨ। ਇਸ ਤੋਂ ਬਾਅਦ ਖੋਜ ਕਾਰਜ ਅਤੇ ਲਗਪਗ ਇਕ ਦਹਾਕਾ ਸ਼੍ਰੋਮਣੀ ਕਮੇਟੀ ਦੇ ਪ੍ਰਸ਼ਾਸਕੀ ਕੰਮਾਂ ਵਿਚ ਵੱਖ ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ ਹਨ। ਲੰਮੇ ਤਜਰਬੇ ਅਤੇ ਉਚ ਵਿਦਿਆ ਪ੍ਰਾਪਤ ਸ੍ਰੀ ਜੌੜਾਸਿੰਘਾ ਨੇ ਇਸ ਸਬੰਧ ਵਿਚ ਗੱਲ ਕਰਦਿਆਂ ਜਥੇਦਾਰ ਦੀ ਨਿਯੁਕਤੀ ਸਬੰਧੀ ਚਰਚਾ ਬਾਰੇ ਅਗਿਆਨਤਾ ਪ੍ਰਗਟਾਈ ਹੈ ਪਰ ਉਨ੍ਹਾਂ ਆਖਿਆ ਕਿ ਜੇਕਰ ਸ਼੍ਰੋਮਣੀ ਕਮੇਟੀ ਇਸ ਸਬੰਧੀ ਸੇਵਾਵਾਂ ਦੀ ਪੇਸ਼ਕਸ਼ ਕਰਦੀ ਹੈ ਤਾਂ ਉਹ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਗੇ।

Previous articleਬਠਿੰਡਾ ਵਿੱਚ ਮੀਂਹ ਦੀ ਮਾਰ, ਦਿੱਲੀਓਂ ਆਈ ਤਾਰ
Next articleਇੰਡੋਨੇਸ਼ੀਆ ਦੇ ਬਾਲੀ ਟਾਪੂ ’ਚ ਭੂਚਾਲ