ਬਠਿਡਾ ਥਰਮਲ: ‘ਆਪ’ ਆਗੂਆਂ ਤੇ ਪੁਲੀਸ ਵਿਚਾਲੇ ਧੱਕਾ-ਮੁੱਕੀ

ਬਠਿੰਡਾ (ਸਮਾਜਵੀਕਲੀ):   ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਜ਼ਮੀਨ ਵੇਚਣ ਦੇ ਮੁੱਦੇ ’ਤੇ ਅੱਜ ਆਮ ਆਦਮੀ ਪਾਰਟੀ (ਆਪ) ਪੁਲੀਸ ਦੀਆਂ ਸਖ਼ਤ ਰੋਕਾਂ ਕਾਰਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਦਫ਼ਤਰ ਘੇਰਨ ਵਿੱਚ ਅਸਫ਼ਲ ਰਹੀ। ਬੈਰੀਕੇਡ ਲਾ ਕੇ ਰੋਕੇ ਗਏ ਦਫ਼ਤਰ ਨੂੰ ਜਾਂਦੇ ਰਸਤੇ ’ਤੇ ਮਾਰਚ ਕਰਨ ਜਾ ਰਹੇ ਆਗੂਆਂ ਦੀ ਪੁਲੀਸ ਨਾਲ ਝੜਪ ਵੀ ਹੋਈ। ਇਥੇ ਪਹੁੰਚੇ ਐੱਸਡੀਐੱਮ ਨੇ ਆਗੂਆਂ ਕੋਲੋਂ ਮੰਗ-ਪੱਤਰ ਵੀ ਲਿਆ। ਉਂਜ ਗੋਲ ਡਿੱਗੀ ਨੇੜੇ ਪੰਡਾਲ ਦੇ ਮੰਚ ਤੋਂ ਹੋਈਆਂ ਤਕਰੀਰਾਂ ਦੀਆਂ ਤਿੱਖੀਆਂ ਸੁਰਾਂ ਦੇ ਨਿਸ਼ਾਨੇ ’ਤੇ ਕਾਂਗਰਸੀ, ਅਕਾਲੀ ਅਤੇ ਭਾਜਪਾਈ ਰਹੇ।

ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਤੇ ਰੁਪਿੰਦਰ ਕੌਰ ਰੂਬੀ, ਵਿਧਾਇਕ ਪ੍ਰਿੰ. ਬੁੱਧ ਰਾਮ, ਮਨਜੀਤ ਸਿੰਘ ਬਿਲਾਸਪੁਰ ਤੇ ਮੀਤ ਹੇਅਰ ਤੇ ਜ਼ਿਲ੍ਹਾ ਪ੍ਰਧਾਨ ਨਵਦੀਪ ਜੀਦਾ ਆਦਿ ਨੇ ਆਖਿਆ ਕਿ ਬਠਿੰਡਾ ਥਰਮਲ ਨੂੰ ਬੰਦ ਕਰਨ ਦੀ ਤਜਵੀਜ਼ ਅਕਾਲੀ-ਭਾਜਪਾ ਹਕੂਮਤ ਨੇ ਉਦੋਂ ਹੀ ਤਿਆਰ ਕਰ ਲਈ ਸੀ, ਜਦੋਂ ਉਸ ਨੇ ਪ੍ਰਾਈਵੇਟ ਥਰਮਲ ਕੰਪਨੀਆਂ ਅਤੇ ਭੂ-ਮਾਫ਼ੀਆ ਨਾਲ ‘ਸਾਂਝ’ ਪਾ ਕੇ ਨਿੱਜੀ ਥਰਮਲਾਂ ਦੀ ਉਸਾਰੀ ਦੇ ਫੈਸਲੇ ਕੀਤੇ ਸਨ। ਬੁਲਾਰਿਆਂ ਆਖਿਆ ਕਿ ਬਾਦਲ ਸਰਕਾਰ ਨੇ ਬਠਿੰਡੇ ਦੀ ਜੇਲ੍ਹ ਤੇ ਹਸਪਤਾਲ ਵਾਲੀ ਜਗ੍ਹਾ ਵੇਚੀ ਸੀ, ਹੁਣ ਕੈਪਟਨ ਸਰਕਾਰ ਨੇ ਥਰਮਲ ਦੀ ਜਗ੍ਹਾ ਵੇਚਣ ਲਈ ਹਰੀ ਝੰਡੀ ਦਿੱਤੀ ਹੈ।

ਉਨ੍ਹਾਂ ਆਖਿਆ ਕਿ ਥਰਮਲ ਚਾਲੂ ਰੱਖਣ ਦੇ ਵਾਅਦੇ ਨਾਲ ਬਠਿੰਡਾ ਤੋਂ ਜਿੱਤ ਕੇ ਵਿੱਤ ਮੰਤਰੀ ਬਣੇ ਮਨਪ੍ਰੀਤ ਸਿੰਘ ਬਾਦਲ ਹੁਣ ਸ਼ਹਿਰ ਦੀ ਵਿਰਾਸਤ ਨੂੰ ਖ਼ਤਮ ਕਰਨ ਦੇ ਕਸੂਰਵਾਰ ਬਣਨਗੇ। ਉਨ੍ਹਾਂ ਕਿਹਾ ਕਿ ਥਰਮਲ ਨਾਲ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਅਤੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।

ਉਨ੍ਹਾਂ ਦੋਸ਼ ਲਾਏ ਕਿ ਤਰ੍ਹਾਂ-ਤਰ੍ਹਾਂ ਦਾ ਮਾਫ਼ੀਆ ਜੋ ਅਕਾਲੀ-ਭਾਜਪਾ ਸਰਕਾਰ ਸਮੇਂ ਸਰਗਰਮ ਸੀ, ਉਸ ਦੀ ਪੁਸ਼ਤਪਨਾਹੀ ਮੌਜੂਦਾ ਸਰਕਾਰ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਨਵੀਂਨੀਕਰਨ ਦੇ ਨਾਂ ’ਤੇ ਚੰਦ ਸਾਲ ਪਹਿਲਾਂ ਕਰੋੜਾਂ ਰੁਪਏ ਖ਼ਰਚ ਕੇ 25 ਸਾਲ ਥਰਮਲ ਦੀ ਉਮਰ ਵਧਣ ਦਾ ਜੋ ਪ੍ਰਚਾਰ ਕੀਤਾ ਗਿਆ, ਦਰਅਸਲ ਉਹ ‘ਦਲਾਲੀ’ ਖਾਣ ਦਾ ਬਹਾਨਾ ਸੀ।

ਆਗੂਆਂ ਨੇ 1969 ’ਚ ਥਰਮਲ ਲਈ ਜ਼ਮੀਨ ਦੇਣ ਵਾਲੇ ਕਿਸਾਨਾਂ ਅਤੇ ਬਿਜਲੀ ਕਾਮਿਆਂ ਨੂੰ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਮਘਾਉਣ ਦਾ ਸੱਦਾ ਦਿੱਤਾ। ਆਗੂਆਂ ਨੇ ਕਿਹਾ ਕਿ ਆਗਾਮੀ ਚੋਣਾਂ ’ਚ ਪੰਜਾਬ ਅੰਦਰ ‘ਆਪ’ ਦੀ ਸਰਕਾਰ ਬਣਨ ’ਤੇ ਅਜਿਹੇ ਸਾਰੇ ਮਾਮਲਿਆਂ ਦੀ ਜਾਂਚ ਲਈ ਸਪੈਸ਼ਲ ਜੁਡੀਸ਼ਲ ਜਾਂਚ ਕਮਿਸ਼ਨ ਦਾ ਗਠਨ ਕਰ ਕੇ, ਕਸੂਰਵਾਰਾਂ ਨੂੰ ਕਾਨੂੰਨੀ ਕਟਹਿਰੇ ’ਚ ਖੜ੍ਹਾ ਕੀਤਾ ਜਾਵੇਗਾ।

Previous articleਕਿਸਾਨਾਂ ਦੀ ਭਲਾਈ ਲਈ ਕਿਸੇ ਵੀ ਕੁਰਬਾਨੀ ਲਈ ਤਿਆਰ: ਸੁਖਬੀਰ
Next articleਪੰਜਾਬ ’ਚ ਕਰੋਨਾ ਨਾਲ 8 ਹੋਰ ਮੌਤਾਂ