ਫ਼ਿਲਮ ਦਾ ਅੰਤ

ਅਮਨ ਜੱਖਲਾਂ

(ਸਮਾਜ ਵੀਕਲੀ)

ਮੈਂ ਕਿਸੇ ਜਰੂਰੀ ਕੰਮ ਲਈ ਪਟਿਆਲੇ ਨੂੰ ਰਵਾਨਾ ਹੋਇਆ। ਕੰਮ ਤੋਂ ਇੱਕ ਦਿਨ ਪਹਿਲਾਂ ਜਾਣਾ ਠੀਕ ਸਮਝਿਆ ਕਿਉਂਕਿ ਦੂਸਰੇ ਦਿਨ ਸਵੇਰੇ ਐਨੀ ਜਲਦੀ ਪਹੁੰਚਣਾ ਮੁਸ਼ਕਿਲ ਸੀ, ਇਸ ਲਈ ਇੱਕ ਦਿਨ ਪਹਿਲਾਂ ਭੂਆ ਕੋਲ ਜਾ ਕੇ ਰੁਕਣ ਦਾ ਸੋਚਿਆ ਅਤੇ ਇੱਕ ਦਿਨ ਪਹਿਲਾਂ ਸਵੇਰੇ ਦੀ ਰੇਲਗੱਡੀ ਚੜ ਗਿਆ। ਸਫਰ ਦੌਰਾਨ ਆਪਣੇ ਬਸਤੇ ਵਿੱਚੋਂ ‘ਮੈਂ ਇਕਬਾਲ ਪੰਜਾਬੀ ਦਾ’ ਨਾਂ ਦੀ ਕਿਤਾਬ ਕੱਢ ਕੇ ਪੜਨੀ ਸੁਰੂ ਕੀਤੀ। ਬਾਬਾ ਨਜ਼ਮੀ ਦੀਆਂ ਕਵਿਤਾਵਾਂ ਪੜਦੇ ਹੋਏ ਪਤਾ ਹੀ ਨਾ ਲੱਗਾ ਕਦੋਂ ਪਟਿਆਲੇ ਦਾ ਸਟੇਸ਼ਨ ਆ ਬਹੁੜਿਆ। ਅਜੇ ਗਿਆਰਾਂ ਹੀ ਵੱਜੇ ਸਨ, ਇਹ ਸੋਚਕੇ ਕਿ ਐਨੀ ਜਲਦੀ ਭੂਆ ਕੋਲ ਜਾ ਕੇ ਕੀ ਕਰਾਂਗਾ, ਮੈਂ ਸਟੇਸ਼ਨ ਤੇ ਇੱਕ ਪਾਸੇ ਬਣੇ ਨਿੱਕੇ ਜਿਹੇ ਪਾਰਕ ਵਿੱਚ ਬੈਠ ਕੇ ਕਿਤਾਬ ਪੜਨੀ ਸੁਰੂ ਕਰ ਦਿੱਤੀ।

ਭੀੜ ਦਾ ਸੋਰ ਸਰਾਬਾ ਅਤੇ ਬੱਚਿਆਂ ਦੀਆਂ ਤਿੱਖੀਆਂ ਅਵਾਜਾਂ ਮੇਰੇ ਕੰਨਾਂ ਵਿੱਚ ਗੋਲੀਆਂ ਵਾਂਗ ਵੱਜ ਰਹੀਆਂ ਸਨ ਜਿਸ ਕਰਕੇ ਧਿਆਨ ਇਕਾਗਰ ਨਹੀਂ ਸੀ ਹੋ ਰਿਹਾ। ਪਰ ਫਿਰ ਵੀ ਬਾਬੇ ਨਜ਼ਮੀ ਦੇ ਕਿਰਤੀਆਂ ਦੇ ਹੱਕਾਂ ਵਿੱਚ ਮਾਰੇ ਗਏ ਨਾਅਰੇ ਮੈਨੂੰ ਆਪਣੇ ਵੱਲ ਖਿੱਚ ਰਹੇ ਸਨ:-
‘ਸਾਡਾ ਹੱਕ ਨੀ ਦਿੰਦੇ ਜਿਹੜੇ, ਐਸੀ ਤੈਸੀ ਉਹਨਾਂ ਦੀ,
ਹੋਣ ਨੀ ਦਿੰਦੇ ਖੁੱਲੇ ਵਿਹੜੇ, ਐਸੀ ਤੈਸੀ ਉਹਨਾਂ ਦੀ’…

ਐਨੇ ਵਿੱਚ ਮੇਰੀ ਜੇਬ ਵਿੱਚ ਫੋਨ ਵੱਜਿਆ, ਇਹ ਮੇਰੇ ਕਿਸੇ ਦੋਸਤ ਦੇ ਪਿੰਡ ਦਾ ਲੜਕਾ ਗੁੱਲੂ ਸੀ, ਜੋ ਬਿਨਾਂ ਕੰਮ ਤੋਂ ਅੰਬਾਲੇ ਤੋਂ ਬਠਿੰਡੇ ਤੱਕ ਰੇਲਗੱਡੀਆਂ ਵਿੱਚ ਚੜਿਆ ਰਹਿੰਦਾ ਸੀ। ਉਸਦੇ ਬਟੂਏ ਦਾ ਫੁੱਲਿਆ ਢਿੱਡ ਦੇਖ ਕੇ ਉਸਦੇ ਗਾਹਕਾਂ ਦੀ ਗਿਣਤੀ ਦਾ ਅੰਦਾਜਾ ਲਾਇਆ ਜਾ ਸਕਦਾ ਸੀ। ਉਸਦਾ ਫੋਨ ਦੇਖਕੇ ਮੈਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਜਰੂਰ ਉਹ ਪਟਿਆਲੇ ਹੀ ਹੋਵੇਗਾ ਅਤੇ ਉਸਨੇ ਮੈਨੂੰ ਇੱਥੇ ਦੇਖ ਲਿਆ ਹੋਵੇਗਾ।

ਮੈਂ ਫੋਨ ਚੁੱਕਿਆ ਤਾਂ ਗੁੱਲੂ ਬੋਲਿਆ, ਕੀ ਹਾਲ ਆ ਲੇਖਕਾ?

ਮੈਂ ਕਿਹਾ, ਠੀਕ ਆ ਬਾਈ।

ਗੁੱਲੂ ਕਹਿਣ ਲੱਗਾ, ਪਟਿਆਲੇ ਕੀ ਕੰਮ ਆਇਐਂ?

ਮੈਂ ਉਸਨੂੰ ਪੁੱਛਿਆ ਕਿ ਤੈਨੂੰ ਕਿਵੇਂ ਪਤਾ ਕਿ ਮੈਂ ਪਟਿਆਲੇ ਹਾਂ?

ਗੁੱਲੂ ਨੇ ਦੱਸਿਆ ਕਿ ਉਹ ਵੀ ਮੇਰੇ ਹੀ ਡੱਬੇ ਵਿੱਚ ਆਇਆ ਸੀ ਪਰ ਭੀੜ ਹੋਣ ਕਰਕੇ ਦੂਰ ਖੜਾ ਸੀ ਅਤੇ ਮੈਂ ਕਿਤਾਬ ਪੜਨ ਵਿੱਚ ਰੁਝਿਆ ਸੀ। ਤਾਂ ਮੈਂ ਉਸਨੂੰ ਸਾਰੀ ਵਾਰਤਾ ਸੁਣਾਈ ਕਿ ਇੱਕ ਦਿਨ ਪਹਿਲਾਂ ਭੂਆ ਕੋਲ ਰਹਿਣ ਦਾ ਸੋਚ ਕੇ ਆ ਗਿਆ ਸੀ ਤੇ ਜਲਦੀ ਆਉਣ ਕਰਕੇ ਇੱਥੇ ਬੈਠਾ ਪੜ ਰਿਹਾ ਸੀ।

ਗੁੱਲੂ ਕਹਿਣ ਲੱਗਾ ਕਿਤਾਬਾਂ ਤਾਂ ਘਰੇ ਵੀ ਪੜਦਾ ਰਹਿਨਾ, ਆਜਾ ਫੇਰ ਅੱਜ ਹੋਰ ਕੁਝ ਪੜਦੇ ਹਾਂ। ਉਸਨੇ ਮੈਨੂੰ ਤੁਰੰਤ ਓਮੈਕਸ ਮੌਲ ਵਿੱਚ ਆਉਣ ਲਈ ਕਿਹਾ, ਸਟੇਸ਼ਨ ਤੋਂ ਬਾਹਰ ਨਿਕਲ ਕੇ ਮੈਂ ਆਟੋ ਫੜਿਆ ਅਤੇ ਦੋ ਚਾਰ ਮਿੰਟ ਵਿੱਚ ਮੌਲ ਵਿੱਚ ਪਹੁਚਿਆ। ਉੱਥੇ ਅਸੀਂ ਘੰਟਾ ਦੋ ਘੰਟੇ ਘੁੰਮੇ, ਕੁਝ ਤਸਵੀਰਾਂ ਖਿੱਚੀਆਂ। ਮੈਂ ਮੌਲ ਵਿੱਚ ਲਿਫਟਾਂ, ਰੰਗ ਬਿਰੰਗੀਆਂ ਲਾਈਟਾਂ, ਹੱਥਾਂ ਵਿੱਚ ਹੱਥ ਫੜੀਂ ਫਿਰਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਦੇਖਕੇ ਹੈਰਾਨੀ ਭਾਵ ਪ੍ਰਗਟ ਕੀਤਾ। ਗੁੱਲੂ ਕਹਿਣ ਲੱਗਾ ਕਿ ਯਾਰ ਇਹ ਤਾਂ ਕੁਝ ਵੀ ਨਹੀਂ, ਚੱਲ ਅੱਜ ਇੱਕ ਹੋਰ ਚੀਜ ਦਿਖਾਵਾਂ, ਸ਼ਾਇਦ ਤੇਰੇ ਲਿਖਣ ਵਿੱਚ ਕੁਝ ਸਹਾਇਕ ਹੋਵੇ।

ਗੁੱਲੂ ਘੜੀ ਵੱਲ ਵੀ ਦੇਖੀ ਜਾ ਰਿਹਾ ਸੀ ਅਤੇ ਖਾਣ ਦਾ ਸਮਾਨ ਜਲਦੀ ਮੁਕਾਉਣ ਲਈ ਕਹੀ ਜਾ ਰਿਹਾ ਸੀ, ਫੇਰ ਜੋ ਸਮਾਨ ਬਚਿਆ, ਇੱਕਦਮ ਕੂੜੇਦਾਨ ਵਿੱਚ ਸੁੱਟ ਕੇ ਅਸੀਂ ਮੌਲ ਚੋਂ ਬਾਹਰ ਨਿੱਕਲੇ।
ਗੁੱਲੂ ਮੈਨੂੰ ਨਾਲ ਲੈ ਕੇ ਇੱਕ ਪੁਰਾਣੀ ਜਿਹੀ ਬਿਲਡਿੰਗ ਅੰਦਰ ਦਾਖਲ ਹੋਇਆ। ਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਇਹ ਇੱਕ ਬੀ ਗਰੇਡ ਸਿਨੇਮਾ ਸੀ ਜਿੱਥੇ ਨੌਜਵਾਨਾਂ ਲਈ ਰੋਮਾਂਟਿਕ ਫਿਲਮਾਂ ਹੀ ਵਿਖਾਈਆਂ ਜਾਂਦੀਆਂ ਸਨ। ਗੁੱਲੂ ਨੇ ਟਿਕਟ ਵਿਕਰੇਤਾ ਨੂੰ ਫਿਲਮ ਦਾ ਸਮਾਂ ਪੁੱਛਿਆ ਤਾਂ ਉਹ ਕਹਿਣ ਲੱਗਾ ਕਿ ਫਿਲਮ ਤਾਂ ਅੱਧੀ ਲੰਘ ਚੁੱਕੀ ਹੈ।

ਗੁੱਲੂ ਨੇ ਉਸਨੂੰ ਇੱਕ ਸੌ ਚਾਲੀ ਰੂਪੈ ਦਿੱਤੇ ਅਤੇ ਟਿਕਟਾਂ ਫੜਕੇ ਅਸੀਂ ਦੌੜ ਕੇ ਸਿਨੇਮਾ ਅੰਦਰ ਦਾਖਲ ਹੋਏ। ਤਾਂ ਦੇਖਿਆ ਕਿ ਸਾਹਮਣੇ ਵੱਡੇ ਪਰਦੇ ਤੇ ਇੱਕ ਫਿਲਮ ਚੱਲ ਰਹੀ ਸੀ ਅਤੇ ਦਸ ਕੁ ਨੌਜਵਾਨ ਜੋੜੇ, ਅਲੱਗ ਅਲੱਗ ਜਗ੍ਹਾ ਬੈਠੇ ਸਨ ਅਤੇ ਦੋ ਸੌ ਦੇ ਕਰੀਬ ਕੁਰਸੀ ਖਾਲੀ ਸੀ। ਕਮਰੇ ਦੇ ਇੱਕ ਕੋਨੇ ਤੇ ਇੱਕ ਪੰਜਾਹ ਕੁ ਸਾਲ ਦਾ ਵਿਅਕਤੀ ਜਿਸਦੀ ਦਾਹੜੀ ਚਿੱਟੀ ਸੀ, ਪੈਂਤੀ ਕੁ ਸਾਲ ਦੀ ਔਰਤ ਦੇ ਨਾਲ ਚਿਪਕਿਆ ਬੈਠਾ ਸੀ। ਜਿਵੇਂ ਹੀ ਅਸੀਂ ਉਸ ਕਮਰੇ ਵਿੱਚ ਦਾਖਲ ਹੋਏ ਕਿਸੇ ਨੇ ਸਾਡੇ ਵੱਲ ਨਾ ਦੇਖਿਆ ਅਤੇ ਗੁੱਲੂ ਮੈਨੂੰ ਨਾਲ ਲਿਜਾ ਕੇ ਸਭ ਤੋਂ ਉੱਪਰ ਇੱਕ ਅਜਿਹੀ ਖਾਸ ਜਿਹੀ ਜਗਾ ਤੇ ਲੈ ਬੈਠਿਆ ਜਿੱਥੋਂ ਸਾਨੂੰ ਅੱਗੇ ਦੇ ਸਾਰੇ ਜੋੜੇ ਦਿਖਾਈ ਪੈ ਰਹੇ ਸਨ।

ਜਿਵੇਂ ਹੀ ਪਰਦੇ ਤੇ ਬੈਠਾ ਰੋਮਾਂਟਿਕ ਜੋੜਾ ਹਰਕਤ ਵਿੱਚ ਆਉਣਾ ਸ਼ੁਰੂ ਹੋਇਆ ਤਾਂ ਨਾਲ ਹੀ ਕਮਰੇ ਦੀਆਂ ਸਾਰੀਆਂ ਲਾਇਟਾਂ ਬੰਦ ਹੋ ਗਈਆਂ, ਅਤੇ ਪਰਦੇ ਦੀ ਮਲੂਕ ਜਿਹੀ ਰੌਸ਼ਨੀ ਵਿੱਚ ਸਾਨੂੰ ਦਿਖਾਈ ਪੈ ਰਿਹਾ ਸੀ ਕਿ ਕੁਰਸੀਆਂ ਤੇ ਬੈਠੇ ਜੋੜਿਆਂ ਨੇ ਇੱਕ ਦੂਸਰੇ ਤੇ ਸੱਪਾਂ ਵਾਂਗ ਮੇਲਣਾ ਸੁਰੂ ਕਰ ਦਿੱਤਾ। ਗੁੱਲੂ ਨੇ ਮੋਬਾਇਲ ਦੀ ਲਾਇਟ ਜਗਾਈ ਅਤੇ ਇੱਧਰ ਉੱਧਰ ਦੇਖਣਾ ਸੁਰੂ ਕੀਤਾ, ਉਸਨੇ ਜਦੋਂ ਬਜੁਰਗ ਵੱਲ ਰੌਸਨੀ ਮਾਰੀ ਤਾਂ ਦੇਖਿਆ ਕਿ ਬਜੁਰਗ ਦੇ ਸਿਰ ਤੇ ਸਾਫਾ ਨਹੀਂ ਸੀ ਅਤੇ ਉਸਦੇ ਵਾਲ ਖਿਲਰੇ ਪਏ ਸਨ ਅਤੇ ਉਹ ਬਿਨਾਂ ਕਿਸੇ ਦੀ ਪਰਵਾਹ ਕੀਤਿਆਂ ਆਪਣੇ ਆਪ ਵਿੱਚ ਮਸਤ ਸਨ।

ਫਿਰ ਕੁਝ ਸਮੇਂ ਬਾਅਦ ਕਮਰੇ ਵਿੱਚ ਥੋੜੀ ਰੌਸ਼ਨੀ ਹੋਈ, ਕੁਝ ਜੋੜੇ ਬਾਹਰ ਨਿੱਕਲ ਕੇ ਚਲੇ ਗਏ। ਫਿਲਮ ਦੀ ਕਹਾਣੀ ਅੱਗੇ ਤੁਰੀ ਅਤੇ ਕੁਝ ਸਮੇਂ ਅੰਦਰ ਹੀ ਫਿਰ ਤੋਂ ਰੋਮਾਂਟਿਕ ਸੀਨ ਆਇਆ, ਲਾਈਟਾਂ ਬੰਦ ਹੋਈਆਂ, ਇਸੇ ਤਰਾਂ ਤਿੰਨ ਚਾਰ ਵਾਰ ਲਾਈਟਾਂ ਜਗੀਆਂ ਤੇ ਬੁਝੀਆਂ। ਜੋੜੇ ਦੋ ਦੋ ਤਿੰਨ ਤਿੰਨ ਕਰਕੇ ਬਾਹਰ ਨਿੱਕਲਦੇ ਗਏ। ਸਾਰੇ ਨੌਜਵਾਨਾਂ ਦੇ ਜਾਣ ਤੋਂ ਬਾਅਦ ਉਹ ਬਜੁਰਗ ਵੀ ਆਪਣਾ ਸਾਫਾ ਸਿਰ ਤੇ ਲਪੇਟ ਰਿਹਾ ਸੀ ਅਤੇ ਔਰਤ ਆਪਣੇ ਵਾਲ ਠੀਕ ਕਰਕੇ ਉੱਠੀ ਤੇ ਬਜੁਰਗ ਤੋਂ ਕੁਝ ਪੈਸੇ ਲੈ ਕੇ ਬਾਹਰ ਚਲੀ ਗਈ।

ਜਦੋਂ ਤੱਕ ਫਿਲਮ ਦਾ ਆਖਰੀ ਸੀਨ ਆਇਆ, ਉਦੋਂ ਤੱਕ ਸਾਰੇ ਨੌਜਵਾਨ ਜੋੜੇ ਨਿੱਕਲ ਕੇ ਜਾ ਚੁੱਕੇ ਸਨ ਅਤੇ ਕਮਰੇ ਅੰਦਰ ਸਿਰਫ ਮੈਂ, ਗੁੱਲੂ ਅਤੇ ਉਹ ਬਜੁਰਗ ਹੀ ਰਹਿ ਗਏ।ਫਿਲਮ ਦੇ ਅੰਤ ਵਿੱਚ ਪਰਦੇ ਤੇ ਰੋਂਦੀ ਹੋਈ ਲੜਕੀ ਦੇ ਬੋਲ ਸਨ… ‘ਕਮੀਨੇ ਮੈਂ ਹੀ ਪਾਗਲ ਥੀ, ਪਹਿਲੇ ਤੋ ਤੂੰ ਦੋ ਸਾਲ ਤਕ ਮੇਰੇ ਜਿਸਮ ਕੋ ਨੋਚਤਾ ਰਹਾ ਔਰ ਅਬ ਸਾਦੀ ਕੀ ਬਾਤ ਪਰ ਤੂੰ ਮੁਝਸੇ ਮੇਰੀ ਜਾਤ ਪੂਛ ਰਹਾ ਹੈ, ਬਗਵਾਨ ਤੁਝੇ ਏਕ ਬੇਟੀ ਦੇ ਔਰ ਉਸਕੇ ਸਾਥ ਭੀ ਐਸਾ ਹੀ ਹੋ ਤਬ ਤੁਝੇ ਪਤਾ ਚਲੇ’ ਅਤੇ ਇਹ ਗੱਲ ਸੁਣਕੇ ਉਹ ਬਜੁਰਗ ਨੇ ਪਿੱਛੇ ਮੁੜਕੇ ਸਾਡੇ ਵੱਲ ਹੈਰਾਨੀ ਭਰੀ ਨਜਰ ਨਾਲ ਇਸ ਤਰ੍ਹਾਂ ਦੇਖਿਆ, ਜਿਵੇਂ ਅਸੀਂ ਹੀ ਉਸ ਲੜਕੀ ਨੂੰ ਇਹ ਗੱਲ ਕਹਿਣ ਲਈ ਆਖਿਆ ਹੋਵੇ….

ਅਮਨ ਜੱਖਲਾਂ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਗਾ ਬਰਨਾਲਾ ਰੋਡ ਤੇ ਸਥਿਤ ਕਸਬਾ ਬਿਲਾਸਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ
Next articleਸ਼ਿਕਾਰੀ