ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਗੋ ਫਸਟ ਦੀਆਂ ਛੇ ਉਡਾਣਾਂ ਸ਼ੁਰੂ ਕੀਤੇ ਜਾਣ ਦਾ ਸਵਾਗਤ

(ਸਮਾਜ ਵੀਕਲੀ): ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਭਾਰਤ ਦੇ ਘੱਟ ਕਿਰਾਏ ਵਾਲੀ ਏਅਰਲਾਈਨ ਗੋ ਫਸਟ, ਜਿਸ ਨੂੰ ਪਹਿਲਾਂ ਗੋ ਏਅਰ ਵਜੋਂ ਜਾਣਿਆ ਜਾਂਦਾ ਸੀ, ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਛੇ ਰੋਜ਼ਾਨਾ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੇ ਐਲਾਨ ਦਾ ਸੁਆਗਤ ਕੀਤਾ ਹੈ। ਗੋ ਫਸਟ 11 ਨਵੰਬਰ 2021 ਤੋਂ ਅੰਮ੍ਰਿਤਸਰ-ਦਿੱਲੀ ਵਿਚਕਾਰ ਤਿੰਨ, ਅੰਮ੍ਰਿਤਸਰ-ਮੁੰਬਈ ਵਿਚਕਾਰ ਦੋ ਅਤੇ ਸ਼੍ਰੀਨਗਰ ਲਈ ਰੋਜ਼ਾਨਾ ਇੱਕ ਸਿੱਧੀਆਂ ਉਡਾਣਾਂ ਦਾ ਸੰਚਾਲਨ ਸ਼ੁਰੂ ਕਰਨ ਜਾ ਰਹੀ ਹੈ।

ਪ੍ਰੈਸ ਨੂੰ ਜਾਰੀ ਬਿਆਨ ਵਿੱਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਅਤੇ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਭਾਰਤ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਗੋ ਫਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਤੋਂ ਹੁਣ ਗੋ ਫਸਟ ਦੀਆਂ ਉਡਾਣਾਂ ਦੀ ਸ਼ੁਰੂਆਤ ਸਾਡੇ ਵਲੋਂ ਪਿਛਲੇ ਲੰਮੇ ਸਮੇਂ ਤੋਂ ਅੰਮ੍ਰਿਤਸਰ ਲਈ ਹੋਰ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਓਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਇੱਕ ਹੋਰ ਸਫਲਤਾ ਮਿਲੀ ਹੈ। ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਗੋ ਫਸਟ ਹੁਣ ਉਡਾਣਾਂ ਦਾ ਸੰਚਾਲਨ ਕਰਨ ਵਾਲੀ ਛੇਵੀਂ ਭਾਰਤੀ ਏਅਰਲਾਈਨ ਹੋਵੇਗੀ। ਇੱਥੇ ਵਰਣਨਯੋਗ ਹੈ ਕਿ ਜਨਵਰੀ 2021 ਦੇ ਸ਼ੁਰੂ ਵਿੱਚ ਅਸੀਂ ਵਿਸਤ੍ਰਿਤ ਅੰਕੜਿਆਂ ਦੇ ਨਾਲ ਏਅਰਲਾਈਨ ਦੇ ਸੀਈਓ ਅਤੇ ਉਹਨਾਂ ਦੇ ਅਧਿਕਾਰੀਆਂ ਨੂੰ ਈਮੇਲ ਰਾਹੀਂ ਸੰਪਰਕ ਕੀਤਾ ਅਤੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਬੇਨਤੀ ਕੀਤੀ।

ਇਸ ਤੋਂ ਬਾਅਦ 31 ਜਨਵਰੀ 2021 ਨੂੰ ਗੋ ਫਸਟ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਹਵਾਈ ਅੱਡੇ ਦਾ ਦੌਰਾ ਕਰਨ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕੀਤੇ। ਇਸ ਮੌਕੇ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ, ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਪ੍ਰਧਾਨ ਹਰਦੀਪ ਸਿੰਘ ਚਾਹਲ, ਸਕੱਤਰ ਯੋਗੇਸ਼ ਕਾਮਰਾ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸੂਚਨਾ ਦਫ਼ਤਰ ਵਿਖੇ ਗੋ ਫਸਟ ਦੇ ਅਧਿਕਾਰੀਆਂ ਦਾ ਸਵਾਗਤ ਕੀਤਾ ਅਤੇ ਏਅਰਲਾਈਨ ਦੇ ਅਧਿਕਾਰੀਆਂ ਨੂੰ ਜਲਦ ਅੰਮ੍ਰਿਤਸਰ ਹਵਾਈ ਅੱਡੇ ਤੋਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਸ਼ੁਰੂ ਕਰਨ ਦੀ ਮੁੜ ਬੇਨਤੀ ਕੀਤੀ।

ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਨੇ ਕਿਹਾ, ਸਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਗੋ ਫਸਟ ਨੇ ਹੁਣ ਇਸ ਸਰਦੀਆਂ ਦੀ ਸਮਾ ਸੂਚੀ ਵਿੱਚ 11 ਨਵੰਬਰ ਨੂੰ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ ਜਿਸ ਨਾਲ ਲੱਖਾਂ ਸੈਲਾਨੀਆਂ, ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਆਉਣ ਵਾਲੇ ਯਾਤਰੀਆਂ ਅਤੇ ਸਰਦੀਆਂ ਵਿੱਚ ਪੰਜਾਬ ਆਉਣ ਵਾਲੇ ਪ੍ਰਵਾਸੀ ਪੰਜਾਬੀਆਂ ਨੂੰ ਲਾਭ ਹੋਵੇਗਾ। ਅੰਮ੍ਰਿਤਸਰ ਦਾ ਹਵਾਈ ਅੱਡਾ ਨਾ ਸਿਰਫ਼ ਪੰਜਾਬ ਦੇ ਲੋਕਾਂ ਦੀ ਸੇਵਾ ਕਰਦਾ ਹੈ, ਸਗੋਂ ਗੁਆਂਢੀ ਰਾਜਾਂ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕ ਵੀ ਇੱਥੋ ਉਡਾਣਾਂ ਲੈਂਦੇ ਹਨ। ਇਨ੍ਹਾਂ ਉਡਾਣਾਂ ਦੇ ਸ਼ੁਰੂ ਹੋਣ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਕੋਵਿਡ ਤੋਂ ਬਾਅਦ ਅੰਮ੍ਰਿਤਸਰ ਦੇ ਸੈਰ-ਸਪਾਟੇ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਮਿਲੇਗੀ ਜਿਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਲਾਭ ਹੋਵੇਗਾ।

ਮੰਚ ਦੇ ਪ੍ਰਧਾਨ ਹਰਦੀਪ ਸਿੰਘ ਚਾਹਲ ਨੇ ਪੰਜਾਬ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਦੇ ਏਅਰਪੋਰਟ ਤੋਂ ਦਰਬਾਰ ਸਾਹਿਬ ਤੱਕ ਬੀ.ਆਰ.ਟੀ.ਐਸ. ਤਹਿਤ ਸ਼ੁਰੂ ਕੀਤੀ ਬੱਸ ਸੇਵਾ ਨੂੰ ਤੁਰੰਤ ਬਹਾਲ ਕਰਨ ਦੀ ਅਪੀਲ ਕੀਤੀ ਅਤੇ ਪੰਜਾਬ ਦੇ ਹੋਰਨਾਂ ਸ਼ਹਿਰਾਂ ਤੋਂ ਏਅਰਪੋਰਟ ਤੱਕ ਬੱਸ ਸੇਵਾ ਤੁਰੰਤ ਸ਼ੁਰੂ ਕਰਨ ਦੀ ਮੰਗ ਕੀਤੀ। ਇਨ੍ਹਾਂ ਸਿੱਧੀਆਂ ਉਡਾਣਾਂ ਨੂੰ ਹਰਮਨ ਪਿਆਰਾ ਬਣਾਉਣ ਲਈ ਪੰਜਾਬ ਦੇ ਸੈਰ ਸਪਾਟਾ ਵਿਭਾਗ ਨੂੰ ਵੀ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਵਿਸ਼ੇਸ਼ ਛੋਟਾਂ, ਪ੍ਰੋਤਸਾਹਨ ਸਕੀਮਾਂ ਅਤੇ ਪ੍ਰਚਾਰ ਗਤੀਵਿਧੀਆਂ ਰਾਹੀਂ ਘਰੇਲੂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਪੰਜਾਬ ਵੱਲ ਆਕਰਸ਼ਿਤ ਕਰਨ ਲਈ ਸੁਹਿਰਦ ਯਤਨ ਕਰਨੇ ਚਾਹੀਦੇ ਹਨ।

ਯੋਗੇਸ਼ ਕਾਮਰਾ ਨੇ ਦੱਸਿਆ ਕਿ ਭਾਰਤ ਦੇ ਹੋਰ ਪ੍ਰਮੁੱਖ ਸ਼ਹਿਰਾਂ ਜਿਵੇਂ ਕਿ ਪੁਣੇ, ਹੈਦਰਾਬਾਦ, ਬੈਂਗਲੁਰੂ, ਚੇਨਈ, ਕੋਲਕਾਤਾ, ਗੋਆ, ਦੇਹਰਾਦੂਨ, ਅਹਿਮਦਾਬਾਦ, ਲਖਨਊ, ਵਾਰਾਣਸੀ, ਪਟਨਾ, ਬਾਗਡੋਗਰਾ (ਸਿਲੀਗੁੜੀ), ਗੁਹਾਟੀ, ਕੋਚੀ, ਨਾਗਪੁਰ, ਆਈਜ਼ਵਾਲ ਲਈ ਗੋ ਫਸਟ ਦੀਆਂ ਦਿੱਲੀ ਅਤੇ ਮੁੰਬਈ ਸਿੱਧੀਆਂ ਉਡਾਣਾਂ ਰਾਹੀਂ ਬਹੁਤ ਹੀ ਘੱਟ ਸਮੇਂ ਵਿੱਚ ਇਹਨਾਂ ਸ਼ਹਿਰਾਂ ਦੇ ਹਵਾਈ ਅੱਡਿਆਂ ਲਈ ਉਡਾਣਾਂ ਲੈ ਸਕਦੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਵਧਾਨ * ਜੇਕਰ ਤੁਸੀਂ ਵੀ ਚਾਂਦੀ ਦੇ ਵਰਕ ਵਾਲੀ ਮਿਠਾਈ ਖਾ ਰਹੇ ਹੋਂ
Next article8th to 12th Nov: NAPM & Jan Azadi 75 Call to Support Financial Accountability Campaign