ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਭਾਰਤੀ ਪੁਰਸ਼ ਜੋੜੀ ਫਰੈਂਚ ਓਪਨ ਸੁਪਰ-750 ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਇੱਥੇ ਮਾਰਕਸ ਫਰਨਾਲਡੀ ਗਿਡਿਓਨ ਅਤੇ ਕੇਵਿਨ ਸੰਜੇ ਸੁਕਾਮੁਲਜੋ ਦੀ ਸਿਖਰਲਾ ਦਰਜਾ ਪ੍ਰਾਪਤ ਜੋੜੀ ਤੋਂ ਹਾਰ ਗਈ।
ਭਾਰਤੀ ਜੋੜੀ ਨੂੰ ਮਾਰਕਸ ਅਤੇ ਕੇਵਿਨ ਨੇ 18-21, 16-21 ਨਾਲ ਹਰਾਇਆ। ਇੰਡੋਨੇਸ਼ੀਆ ਦੀ ਜੋੜੀ ਦਾ ਇਹ ਵਿਸ਼ਵ ਵਿੱਚ ਅੱਵਲ ਨੰਬਰ ਦਰਜਾਬੰਦੀ ’ਤੇ 121ਵਾਂ ਹਫ਼ਤਾ ਹੈ। ਸਾਤਵਿਕ ਅਤੇ ਚਿਰਾਗ ਅਜੇ ਤੱਕ ਸੱਤ ਵਾਰ ਉਸ ਨਾਲ ਭਿੜੇ ਹਨ, ਪਰ ਹਰ ਵਾਰ ਭਾਰਤੀ ਜੋੜੀ ਨੂੰ ਹਾਰ ਝੱਲਣੀ ਪਈ ਹੈ। ਇਸ ਜੋੜੀ ਨੇ ਅਗਸਤ ਵਿੱਚ ਥਾਈਲੈਂਡ ਓਪਨ ਦਾ ਖ਼ਿਤਾਬ ਜਿੱਤਿਆ ਸੀ। ਸਾਤਵਿਕ ਅਤੇ ਚਿਰਾਗ 35 ਮਿੰਟ ਤੱਕ ਚੱਲੇ ਫਾਈਨਲ ਵਿੱਚ ਥੋੜ੍ਹੇ ਘਬਰਾਹਟ ’ਚ ਜਾਪੇ। ਇਸ ਹਾਰ ਦੇ ਬਾਵਜੂਦ ਉਨ੍ਹਾਂ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ ਕਿਉਂਕਿ ਉਹ ਵਿਸ਼ਵ ਟੂਰ-750 ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਪੁਰਸ਼ ਜੋੜੀ ਹੈ। ਪਾਰਥੋ ਗਾਂਗੁਲੀ ਅਤੇ ਵਿਰਕਮ ਸਿੰਘ ਬਿਸ਼ਟ ਆਖ਼ਰੀ ਭਾਰਤੀ ਜੋੜੀ ਸੀ, ਜਿਸ ਨੇ 1983 ਵਿੱਚ ਫਰੈਂਚ ਓਪਨ ਦਾ ਖ਼ਿਤਾਬ ਜਿੱਤਿਆ ਸੀ। ਸਿੰਗਲਜ਼ ਵਿੱਚ ਕਿਦਾਂਬੀ ਸ੍ਰੀਕਾਂਤ ਨੇ 2017 ਵਿੱਚ ਪੁਰਸ਼ ਵਰਗ ਦਾ ਖ਼ਿਤਾਬ ਹਾਸਲ ਕੀਤਾ ਸੀ, ਜਦਕਿ ਸਾਇਨਾ ਨੇਹਵਾਲ 2012 ਵਿੱਚ ਇੱਥੇ ਫਾਈਨਲ ਵਿੱਚ ਪਹੁੰਚੀ ਸੀ।
ਸਾਤਵਿਕ ਅਤੇ ਚਿਰਾਗ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਇੰਡੋਨੇਸ਼ੀਆ ਦੀ ਜੋੜੀ ਨੇ 7-1 ਨਾਲ ਲੀਡ ਬਣਾ ਲਈ। ਭਾਰਤੀ ਜੋੜੀ ਨੇ ਹਾਲਾਂਕਿ ਇਸ ਮਗਰੋਂ ਵਾਪਸੀ ਕੀਤੀ ਅਤੇ ਉਹ ਇੱਕ ਸਮੇਂ ਸਕੋਰ ਨੂੰ 17-17 ਨਾਲ ਬਰਾਬਰੀ ’ਤੇ ਲੈ ਆਈ। ਇੰਡੋਨੇਸ਼ੀਆ ਦੀ ਜੋੜੀ ਨੇ ਛੇਤੀ ਹੀ ਤਿੰਨ ਅੰਕ ਹਾਸਲ ਕੀਤੇ। ਇਨ੍ਹਾਂ ਵਿੱਚ ਭਾਰਤੀ ਜੋੜੀ ਨੇ ਇੱਕ ਅੰਕ ਬਚਾਇਆ, ਪਰ ਉਹ ਮਾਰਕਸ ਅਤੇ ਕੇਵਿਨ ਨੂੰ ਪਹਿਲੀ ਗੇਮ ਜਿੱਤਣ ਤੋਂ ਰੋਕ ਨਹੀਂ ਸਕੀ। ਦੂਜੀ ਗੇਮ ਵਿੱਚ ਸ਼ੁਰੂ ਵਿੱਚ ਪੱਛੜਣ ਮਗਰੋਂ ਸਾਤਵਿਕ ਅਤੇ ਚਿਰਾਗ ਨੇ ਵੀਡੀਓ ਰੈਫਰਲ ਆਪਣੇ ਪੱਖ ਵਿੱਚ ਆਉਣ ਮਗਰੋਂ 6-6 ਦੀ ਬਰਾਬਰੀ ਕੀਤੀ ਅਤੇ ਫਿਰ ਦੋਵੇਂ ਜੋੜੀਆਂ 10-10 ਤੱਕ ਇੱਕ ਦੂਜੇ ਨੂੰ ਟੱਕਰ ਦਿੰਦੀਆਂ ਰਹੀਆਂ। ਬ੍ਰੇਕ ਵੇਲੇ ਮਾਰਕਸ ਅਤੇ ਕੇਵਿਨ ਨੇ ਸਿਰਫ਼ ਅੰਕ ਦੀ ਲੀਡ ਹਾਸਲ ਕਰ ਰੱਖੀ ਸੀ। ਇੰਡੋਨੇਸ਼ੀਆ ਦੀ ਜੋੜੀ ਇਸ ਮਗਰੋਂ ਭਾਰੂ ਪੈ ਗਈ ਅਤੇ ਉਸ ਨੇ 18-13 ਦੀ ਲੀਡ ਬਣਾ ਲਈ। ਫਿਰ ਉਸ ਨੇ ਛੇਤੀ ਹੀ ਚਾਰ ਮੈਚ ਅੰਕ ਹਾਸਲ ਕੀਤੇ ਅਤੇ ਸਾਤਵਿਕ ਦੇ ਸ਼ਾਟ ਬਾਹਰ ਮਾਰਨ ਨਾਲ ਹੀ ਸਾਲ ਦਾ ਸੱਤਵਾਂ ਖ਼ਿਤਾਬ ਆਪਣੇ ਨਾਮ ਕੀਤਾ। ਚਿਰਾਗ ਨੇ ਇਸ ਖ਼ਬਰ ਏਜੰਸੀ ਨੂੰ ਕਿਹਾ, ‘‘ਸਾਡਾ ਪ੍ਰਦਰਸ਼ਨ ਇੱਕੋ ਜਿਹਾ ਰਿਹਾ, ਪਰ ਅਸੀਂ ਕਾਫ਼ੀ ਗ਼ਲਤੀਆਂ ਕੀਤੀਆਂ। ਸਾਨੂੰ ਹੌਲੀ ਖੇਡਣਾ ਚਾਹੀਦਾ ਸੀ। ਅਸੀਂ ਘਬਰਾਏ ਨਹੀਂ, ਸ਼ਾਇਦ ਜੇਕਰ ਅਸੀਂ ਪਹਿਲੀ ਗੇਮ ਜਿੱਤ ਜਾਂਦੇ ਤਾਂ ਚੀਜ਼ਾਂ ਵੱਖਰੀਆਂ ਹੋ ਸਕਦੀਆਂ ਸਨ।’’ ਉਸ ਨੇ ਕਿਹਾ, ‘‘ਅਸੀਂ ਦੋਵੇਂ ਹੀ ਗੇਮ ਵਿੱਚ ਹੌਲੀ ਸ਼ੁਰੂਆਤ ਕੀਤੀ। ਕੇਵਿਨ ਅਤੇ ਮਾਰਕਸ ਨੇ ਪਹਿਲੇ ਸੱਤ ਅੰਕ ਵਿੱਚ ਦਬਦਬਾ ਬਣਾਇਆ, ਪਰ ਅਸੀਂ ਵਾਪਸੀ ਕਰਦਿਆਂ ਸਕੋਰ 17-17 ਕਰਨ ਵਿੱਚ ਸਫਲ ਰਹੇ।’’
ਇਸ ਹਫ਼ਤੇ ਦੇ ਪ੍ਰਦਰਸ਼ਨ ਬਾਰੇ ਚਿਰਾਗ ਨੇ ਕਿਹਾ, ‘‘ਅਸੀਂ ਇਸ ਹਫ਼ਤੇ ਜਿਸ ਤਰ੍ਹਾਂ ਖੇਡੇ ਉਸ ਤੋਂ ਖ਼ੁਸ਼ ਹਾਂ। ਇਹ ਸੱਤ ਦਿਨ ਕਾਫ਼ੀ ਚੰਗੇ ਰਹੇ। ਮੈਂ ਇਸ ਨੂੰ ਦੂਜਾ ਸਰਵੋਤਮ ਪ੍ਰਦਰਸ਼ਨ ਕਹਾਂਗਾ ਕਿਉਂਕਿ ਥਾਈਲੈਂਡ ਓਪਨ ਦੀ ਜਿੱਤ ਦੌਰਾਨ ਅਸੀਂ ਸਰਵੋਤਮ ਖੇਡ ਵਿਖਾਈ ਸੀ।’’ ਇਸ ਦੌਰਾਨ ਰੀਓ ਓਲੰਪਿਕ ਚੈਂਪੀਅਨ ਪੰਜਵਾਂ ਦਰਜਾ ਪ੍ਰਾਪਤ ਚੀਨ ਦੇ ਚੇਨ ਲੋਂਗ ਨੇ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨੂੰ 21-19, 21-12 ਨਾਲ ਹਰਾ ਕੇ ਪੁਰਸ਼ ਸਿੰਗਲਜ਼ ਦਾ ਖ਼ਿਤਾਬ ਜਿੱਤਿਆ। ਮਹਿਲਾ ਵਰਗ ਵਿੱਚ ਕੋਰੀਆ ਦੀ ਆਨ ਸੀ ਯੰਗ ਨੇ ਮੌਜੂਦਾ ਓਲੰਪਿਕ ਚੈਂਪੀਅਨ ਕੈਰੋਲੀਨਾ ਮਾਰਿਨ ਨੂੰ 16-21, 21-18, 21-5 ਨਾਲ ਹਰਾ ਕੇ ਸੈਸ਼ਨ ਦਾ ਚੌਥਾ ਖ਼ਿਤਾਬ ਹਾਸਲ ਕੀਤਾ।
Sports ਫਰੈਂਚ ਓਪਨ: ਸਾਤਵਿਕ-ਚਿਰਾਗ ਦੀ ਜੋੜੀ ਦੇ ਹੱਥ ਲੱਗੀ ਚਾਂਦੀ