ਕ੍ਰਿਕਟ ਦਾ ਭਵਿੱਖੀ ਖ਼ਾਕਾ ਉਲੀਕਣ ਲਈ ਮਿਲਣਗੇ ਦ੍ਰਾਵਿੜ ਤੇ ਗਾਂਗੁਲੀ

ਕੌਮੀ ਟੀਮ ਦੀ ਲੰਮੇ ਸਮੇਂ ਤੱਕ ਨੁਮਾਇੰਦਗੀ ਕਰਨ ਵਾਲੇ ਸੌਰਵ ਗਾਂਗੁਲੀ ਅਤੇ ਰਾਹੁਲ ਦ੍ਰਾਵਿੜ ਕ੍ਰਮਵਾਰ ਬੀਸੀਸੀਆਈ ਪ੍ਰਧਾਨ ਅਤੇ ਕੌਮੀ ਕ੍ਰਿਕਟ ਅਕੈਡਮੀ (ਐੱਨਸੀਏ) ਦੇ ਮੁਖੀ ਵਜੋਂ ਭਾਰਤੀ ਕ੍ਰਿਕਟ ਦੇ ਭਵਿੱਖ ਦਾ ਖ਼ਾਕਾ ਤਿਆਰ ਕਰਨ ਲਈ ਬੁੱਧਵਾਰ ਨੂੰ ਬੰਗਲੌਰ ਵਿੱਚ ਮੁਲਾਕਾਤ ਕਰਨਗੇ। ਦ੍ਰਾਵਿੜ ਨੇ ਜੁਲਾਈ ਵਿੱਚ ਐੱਨਸੀਏ ਪ੍ਰਮੁੱਖ ਦੀ ਜ਼ਿੰਮੇਵਾਰੀ ਸੰਭਾਲੀ ਸੀ।
ਉਸ ਨੇ ਇਸ ਸੰਸਥਾ ਦੇ ਭਵਿੱਖ ਦੀ ਯੋਜਨਾ ਦਾ ਖ਼ਾਕਾ ਤਿਆਰ ਕਰ ਰੱਖਿਆ ਹੈ। ਜਦੋਂ ਦੋਵੇਂ ਸਾਬਕਾ ਕਪਤਾਨਾਂ ਦੀ ਮੁਲਾਕਾਤ ਹੋਵੇਗੀ ਤਾਂ ਦ੍ਰਾਵਿੜ ਆਪਣੇ ਵਿਚਾਰ ਸਾਂਝਾ ਕਰਨਗੇ। ਇਸ ਮੀਟਿੰਗ ਵਿੱਚ ਬੀਸੀਸੀਆਈ ਦੇ ਸਾਰੇ ਨਵੇਂ ਚੁਣੇ ਅਹੁਦੇਦਾਰ ਹਿੱਸਾ ਲੈਣਗੇ। 30 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਐੱਨਸੀਏ ਦੇ ਮੁੱਖ ਕਾਰਜਕਾਰੀ ਅਧਿਕਾਰੀ ਤੂਫ਼ਾਨ ਘੋਸ਼ ਵੀ ਸ਼ਾਮਲ ਹੋਣਗੇ। ਗਾਂਗੁਲੀ ਨੇ ਇਸ ਖ਼ਬਰ ਏਜੰਸੀ ਨੂੰ ਕਿਹਾ, ‘‘ਹਾਂ ਮੇਰੇ ਕੋਲ ਐੱਨਸੀਏ ਨੂੰ ਮੁੜ ਸੁਰਜੀਤ ਕਰਨ ਦੀ ਯੋਜਨਾ ਹੈ ਅਤੇ ਮੈਂ 30 ਅਕਤੂਬਰ ਨੂੰ ਬੰਗਲੌਰ ਜਾ ਰਿਹਾ ਹਾਂ।’’ ਗਾਂਗੁਲੀ ਅਤੇ ਦ੍ਰਾਵਿੜ ਪਹਿਲਾਂ ਵੀ ਬੀਸੀਸੀਆਈ ਦੀਆਂ ਤਕਨੀਕੀ ਕਮੇਟੀਆਂ ਦਾ ਇਕੱਠੇ ਹਿੱਸਾ ਰਹਿ ਚੁੱਕੇ ਹਨ। ਅਜਿਹੀ ਹੀ ਇੱਕ ਮੀਟਿੰਗ ਦੀ ਪ੍ਰਧਾਨਗੀ ਗਾਂਗੁਲੀ ਨੇ ਕੀਤੀ ਸੀ, ਜਦਕਿ ਦ੍ਰਾਵਿੜ ਨੇ ਉਸ ਵਿੱਚ ਅੰਡਰ-19 ਅਤੇ ‘ਏ’ ਟੀਮ ਦੇ ਮੁੱਖ ਕੋਚ ਵਜੋਂ ਹਿੱਸਾ ਲਿਆ ਸੀ। ਐੱਨਸੀਏ ਨੂੰ ਭਾਰਤੀ ਕ੍ਰਿਕਟ ਦੀ ‘ਸਪਲਾਈ ਲਾਈਨ’ ਮੰਨਿਆ ਜਾਦਾ ਹੈ, ਜੋ ਬੀਤੇ ਕੁੱਝ ਸਾਲਾਂ ਤੋਂ ਇਹ ਮੁੜ ਵਸੇਬਾ ਕੇਂਦਰ ਬਣ ਗਿਆ ਹੈ।

Previous articleਯੂਰੋਪੀਅਨ ਕਾਨੂੰਨਸਾਜ਼ਾਂ ਦਾ ਦੋ ਰੋਜ਼ਾ ਕਸ਼ਮੀਰ ਦੌਰਾ ਅੱਜ ਤੋਂ
Next articleਫਰੈਂਚ ਓਪਨ: ਸਾਤਵਿਕ-ਚਿਰਾਗ ਦੀ ਜੋੜੀ ਦੇ ਹੱਥ ਲੱਗੀ ਚਾਂਦੀ