ਪੱਤਣ ‘ਤੇ ਨਿੰਮ੍ਹਾ – ਨਿੰਮ੍ਹਾ ਦੀਵਾ ਬਲ਼ਦਾ …

ਮਾਸਟਰ ਸੰਜੀਵ ਧਰਮਾਣੀ

(ਸਮਾਜ ਵੀਕਲੀ)

ਪੰਜਾਬੀ ਸੱਭਿਆਚਾਰ ਬਹੁਤ ਅਮੀਰ , ਵਿਸ਼ਾਲ ਅਤੇ ਮਹਾਨ ਹੈ। ਇਹ ਆਪਣੇ – ਆਪ ਵਿੱਚ ਅਨੇਕਾਂ ਪੁਰਾਤਨ ਵਸਤਾਂ , ਰਸਮਾਂ , ਸਰੋਕਾਰ , ਇਤਿਹਾਸ ਤੇ ਯਾਦਾਂ ਸਮਾਹਿਤ ਕਰੀ ਬੈਠਾ ਹੈ। ਇਨ੍ਹਾਂ ਵਿੱਚੋਂ ਇੱਕ ਹੈ : ਦੀਵਾ। ਦੀਵੇ ਦੇ ਕਈ ਨਾਂ ਹਨ , ਜਿਵੇਂ : ਦੀਪਕ , ਜੋਤ , ਦੀਪ , ਦੀਵੜਾ , ਦੀਵਟ , ਦੀਵਿਕਾ , ਚਿਰਾਗ , ਦਵਾਖ਼ੀ ਆਦਿ। ਭਾਵੇਂ ਕਿ ਰੌਸ਼ਨੀ ਲਈ ਮਨੁੱਖ ਕੋਲ ਕੁਦਰਤੀ ਸਾਧਨ – ਸੂਰਜ , ਚੰਨ ਤੇ ਤਾਰੇ ਹਨ , ਪਰ ਰਾਤ ਦੇ ਹਨ੍ਹੇਰੇ ਤੋਂ ਬਚਣ ਲਈ ਉਸ ਨੇ ਦੀਵੇ ਦੀ ਖੋਜ ਕੱਢੀ।

ਸ਼ੁਰੂ ਵਿੱਚ ਮਨੁੱਖ ਨੇ ਪੱਥਰ ਤੇ ਫੇਰ ਮਿੱਟੀ ਦੇ ਦੀਵੇ ਹੋਂਦ ਵਿੱਚ ਲਿਆਂਦੇ। ਹੌਲੀ – ਹੌਲੀ ਧਾਤ ਜਿਵੇਂ : ਲੋਹਾ ਤੇ ਪਿੱਤਲ ਦੇ ਦੀਵੇ ਅਸਤਿਤਵ ਵਿੱਚ ਆਏ। ਮਨੁੱਖ ਆਟੇ ਦੇ ਬਣਾਏ ਦੀਵੇ ਵੀ ਆਪਣੀ ਜ਼ਰੂਰਤ ਪੂਰੀ ਕਰਨ ਦੇ ਲਈ ਵਰਤੋਂ ਵਿੱਚ ਲਿਆਉਂਦਾ ਰਿਹਾ। ਦੀਵਾ ਸ਼ੁਰੂ ਤੋਂ ਹੀ ਪ੍ਰਕਾਸ਼ , ਸ਼ਰਧਾ , ਸ਼ੁਭਤਾ , ਆਸਥਾ ਅਤੇ ਜੀਵਨ – ਜਯੋਤੀ ਦਾ ਪ੍ਰਤੀਕ ਰਿਹਾ।ਦੀਵੇ ਜ਼ਰੂਰਤ ਤੇ ਸ਼ਰਧਾ ਅਨੁਸਾਰ ਕਈ ਤਰ੍ਹਾਂ ਦੇ ਹੁੰਦੇ ਹਨ , ਜਿਵੇਂ : ਇੱਕ ਮੁਖੀ , ਦੋ ਮੁਖੀ , ਤਿੰਨ ਮੁਖੀ ਤੇ ਚਾਰ ਮੁਖੀ। ਚੌਮੁਖੇ ਦੀਵੇ ਵਿੱਚ ਰੂੰ ਜਾਂ ਕਲਾਵੇ ਦੀਆਂ ਚਾਰ ਬੱਤੀਆਂ ਦੀ ਵਰਤੋਂ ਹੁੰਦੀ ਹੈ।

ਇਸ ਲਈ ਇਹ ਕੁਝ ਵੱਡੇ ਤੇ ਡੂੰਘੇ ਆਕਾਰ ਦੇ ਬਣਾਏ ਜਾਂਦੇ ਹਨ। ਦੀਵਿਆਂ ਦਾ ਸਬੰਧ ਮਨੁੱਖ ਦੇ ਜਨਮ ਤੋਂ ਲੈ ਕੇ ਮ੍ਰਿਤੂ ਤੱਕ ਰਿਹਾ ਹੈ। ਆਪਣੀ ਸ਼ਰਧਾ ਤੇ ਸ਼ੌਕ ਹਿੱਤ ਮਨੁੱਖ ਨੇ ਦੀਵਿਆਂ ਨੂੰ ਰੰਗ – ਬਿਰੰਗੇ ਤੇ ਰੰਗਦਾਰ ਬਣਾਉਣਾ ਸ਼ੁਰੂ ਕਰ ਦਿੱਤਾ। ਅਜਿਹੇ ਦੀਵਿਆਂ ਵਿੱਚ ਸਰ੍ਹੋਂ ਦੇ ਤੇਲ ਜਾਂ ਦੇਸੀ ਘਿਓ ਦੀ ਵਰਤੋਂ ਦਾ ਪ੍ਰਚੱਲਣ ਰਿਹਾ। ਕਿਹਾ ਜਾਂਦਾ ਹੈ ਕਿ ਅਯੁੱਧਿਆ ਨਰੇਸ਼ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਚੰਦਰ ਜੀ ਜਦੋਂ ਚੌਦਾਂ ਸਾਲ ਦਾ ਬਨਵਾਸ ਕੱਟ ਕੇ ਵਾਪਸ ਅਯੁੱਧਿਆ ਪਰਤੇ ਅਤੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਵੰਜਾ ਰਾਜਿਆਂ ਦੇ ਨਾਲ ਗਵਾਲੀਅਰ ਦੇ ਕਿਲ੍ਹੇ ਤੋਂ ਵਾਪਸ ਆਏ ਤਾਂ ਉਨ੍ਹਾਂ ਦੇ ਆਗਮਨ ਦੀ ਖ਼ੁਸ਼ੀ ਵਿੱਚ ਲੋਕਾਂ ਨੇ ਤੇਲ ਅਤੇ ਦੇਸੀ ਘਿਉ ਦੇ ਦੀਵੇ ਜਗਾਏ।

ਅੱਜ ਵੀ ਪਿੰਡਾਂ ਅਤੇ ਵਿੱਚ ਸ਼ਰਧਾ ਭਾਵਨਾ ਹਿੱਤ ਲੋਕੀਂ ਦਰਗਾਹਾਂ , ਮਜ਼ਾਰਾਂ , ਪੰਜ – ਪੀਰੀ ਅਸਥਾਨਾਂ , ਪਿੱਪਲਾਂ , ਧਾਰਮਿਕ ਅਸਥਾਨਾਂ ‘ਤੇ ਅਤੇ ਘਰਾਂ ਵਿੱਚ ਦੀਵੇ ਜਗਾਉਂਦੇ ਆਮ ਦੇਖੇ ਜਾ ਸਕਦੇ ਹਨ। ਪੁਰਾਣੇ ਸਮਿਆਂ ਵਿੱਚ ਜਦੋਂ ਧਾਤ ਦੇ ਦੀਵੇ ਹੋਂਦ ਵਿੱਚ ਆਏ ਤਾਂ ਲੋਕੀਂ ਇਨ੍ਹਾਂ ਵਿੱਚ ਮਿੱਟੀ ਦਾ ਤੇਲ ਪਾ ਕੇ ਤੇ ਮੌਲੀ ਪਾ ਕੇ ਵਰਤੋਂ ਵਿੱਚ ਲਿਆਉਣ ਲੱਗੇ। ਘਰਾਂ ਵਿੱਚ ਦੀਵੇ ਰੱਖਣ ਲਈ ਆਲ਼ਾ ਆਮ ਹੀ ਬਣਾਇਆ ਜਾਂਦਾ ਹੁੰਦਾ ਸੀ। ਧਾਤ ਦੇ ਦੀਵਿਆਂ ਵਿੱਚ ਰੌਸ਼ਨੀ ਘੱਟ – ਵੱਧ ਕਰਨ ਲਈ ਸੂਈ ਆਦਿ ਦੀ ਵਰਤੋਂ ਕਰਦੇ ਹੁੰਦੇ ਸੀ। ਬਾਅਦ ਵਿੱਚ ਧਾਤ ਦੇ ਬਾਜ਼ਾਰੋਂ ਤਿਆਰ ਕੀਤੇ ਦੀਵੇ ਮਿਲਣ ਲੱਗੇ ਸਨ , ਜਿਨ੍ਹਾਂ ਵਿੱਚ ਘੱਟ – ਵੱਧ ਰੌਸ਼ਨੀ ਕਰਨ ਲਈ ਇੱਕ ਆਰਾਮਦਾਇਕ ਗਰਾਰੀ /ਫਿਰਕੀ ਜਿਹੀ ਲਗਾਈ ਹੋਈ ਹੁੰਦੀ ਸੀ।

ਜਿਸ ਵਿੱਚ ਰੌਸ਼ਨੀ ਵੱਧ ਕਰਨ ਲਈ ਕਲਾਵੇ ਨੂੰ ਬਾਹਰ ਵੱਲ ਜ਼ਿਆਦਾ ਕੱਢ ਲਿਆ ਜਾਂਦਾ ਸੀ। ਪੜ੍ਹਨ ਵਾਲੇ ਵਿਦਿਆਰਥੀ ਕੱਚ ਦੀਆਂ ਸ਼ੀਸ਼ੀਆਂ ਵਿੱਚ ਕਲਾਵਾ ਪਾ ਕੇ ਅਤੇ ਮਿੱਟੀ ਦੇ ਤੇਲ ਦੀ ਵਰਤੋਂ ਕਰਕੇ ਦੀਵੇ ਵਜੋਂ ਰਾਤ ਨੂੰ ਵਰਤੋਂ ਵਿੱਚ ਲਿਆਉਂਦੇ ਸੀ। ਇਸ ਤਰ੍ਹਾਂ ਦੇ ਕੱਚ ਦੀ ਸ਼ੀਸ਼ੀ ਦੇ ਬਣਾਏ ਦੀਵੇ ਦੀ ਵਰਤੋਂ ਮੈਂ ਵੀ ਪੜ੍ਹਾਈ ਕਰਨ ਲਈ ਕੀਤੀ ਹੈ। ਸਾਡੇ ਸੱਭਿਆਚਾਰਕ , ਲੋਕ ਅਖਾਣਾਂ , ਲੋਕ ਗੀਤਾਂ , ਪਵਿੱਤਰ ਗੁਰਬਾਣੀ , ਲੋਕ ਬੁਝਾਰਤਾਂ ਤੇ ਰੋਜ਼ਮੱਰਾ ਦੇ ਜੀਵਨ ਵਿੱਚ ਦੀਵੇ ਦੀ ਵਿਸ਼ੇਸ਼ ਥਾਂ ਰਹੀ ਹੈ , ਜਿਵੇਂ :
” ਪੱਤਣ ‘ਤੇ ਨਿੰਮ੍ਹਾ – ਨਿੰਮ੍ਹਾ ਦੀਵਾ ਬਲਦਾ ,
ਸੱਜਣਾ ਵੇ ਆਜਾ ਰੋਸਾ ਕਿਹੜੀ ਗੱਲ ਦਾ ।”
ਤੇ
” ਪੱਲਾ ਮਾਰ ਕੇ ਬੁਝਾ ਗਈ ਦੀਵਾ ,
ਤੇ ਅੱਖ ਨਾਲ ਗੱਲ ਕਰ ਗਈ ।” – ਲੋਕ ਗੀਤ ।
” ਦੀਵਾ ਬਲੈ ਹਨੇਰਾ ਜਾਇ।” – ਪਵਿੱਤਰ ਗੁਰਬਾਣੀ।
” ਦੇਖੀ ਇੱਕ ਅਨੋਖੀ ਰਾਣੀ ,
ਪੂਛ ਨਾਲ ਉਹ ਪੀਂਦੀ ਪਾਣੀ । ” – ਬੁਝਾਰਤ ।

ਭਾਵੇਂ ਕਿ ਅੱਜ ਰੌਸ਼ਨੀ ਕਰਨ ਲਈ ਅਨੇਕਾਂ ਬਿਜਲਈ ਸਾਧਨ ਹੋਂਦ ਵਿੱਚ ਆ ਗਏ ਹਨ ਤੇ ਦੀਵੇ ਦੀ ਵਰਤੋਂ ਕੇਵਲ ਸ਼ਰਧਾ ਭਾਵਨਾ ਹਿੱਤ ਇੱਕਾ – ਦੁੱਕਾ ਹੀ ਹੁੰਦੀ ਰਹਿ ਗਈ ਜਾਪਦੀ ਹੈ , ਪਰ ਜਿਸ ਇਨਸਾਨ ਨੇ ਅਜਿਹੇ ਮਾਣਮੱਤੇ ਤੇ ਅਮੀਰ ਸੱਭਿਆਚਾਰਕ ਪ੍ਰਤੀਕ ਨੂੰ ਖ਼ੁਦ ਦੇਖਿਆ , ਪਡ਼੍ਹਾਈ ਕਰਨ ਲਈ ਸਾਰੀ – ਸਾਰੀ ਰਾਤ ਜਾਗ ਕੇ ਵਰਤੋਂ ਵਿੱਚ ਲਿਆਂਦਾ ਤੇ ਘਰ – ਪਰਿਵਾਰ ਵਿੱਚ ਰੋਜ਼ਮਰ੍ਹਾ ਵਰਤ ਕੇ ਜੀਵਨ ਵਿੱਚ ਦੀਵੇ ਨਾਲ ਸ਼ਾਂਤਮਈ ਸਾਥ ਨਿਭਾਇਆ ਹੋਵੇ , ਉਸ ਦੇ ਦਿਲੋ – ਦਿਮਾਗ ਤੇ ਯਾਦਾਂ ਵਿੱਚੋਂ ਦੀਵੇ ਜਿਹੇ ਪਵਿੱਤਰ , ਸੱਭਿਆਚਾਰਕ ਤੇ ਰੂਹਾਨੀ ਚਿੰਨ੍ਹ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ।

ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356.

Previous articleਗਿਰਝ,ਛੋਟੀ ਬੱਚੀ ਅਤੇ ਵਰਤਮਾਨ ਸਮਾਜ..!
Next articleਪੰਜਾਬ ਦੇ ਕੱਚੇ ਠੇਕੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਲੜਾਈ ਲੜੇਗੀ ਬਸਪਾ- ਜਸਵੀਰ ਸਿੰਘ ਗੜ੍ਹੀ