ਸ਼ਾਮਚੁਰਾਸੀ, (ਚੁੰਬਰ) – ਡੇਰਾ ਸੱਚਖੰਡ ਬੱਲਾਂ ਤੋਂ ਵਰੋਸਾਏ ਸੰਤ ਸੁਰਿੰਦਰ ਦਾਸ ਕਠਾਰ ਵਾਲਿਆਂ ਵਲੋਂ ਸੰਤ ਹਰੀ ਦਾਸ ਉਦਾਸੀਨ ਆਸ਼ਰਮ ਕੂਪੁਰ ਢੇਪੁਰ ਅੱਡਾ ਕਠਾਰ ਵਿਖੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਪੰਮੀ ਲਾਲੋ ਮਜਾਰਾ ਦੀ ਲਿਖੀ ‘ਮੈਂ ਕਾਂਸ਼ੀ ਰਾਮ ਬੋਲਦਾਂ ਹਾਂ’ ਭਾਗ ਦੂਜਾ ਪੁਸਤਕ ਰਿਲੀਜ਼ ਕੀਤੀ ਗਈ। ਇਸ ਮੌਕੇ ਸੰਤ ਸੁਰਿੰਦਰ ਦਾਸ ਕਠਾਰ ਜੀ ਨੇ ਕਿਹਾ ਕਿ ਲੇਖਕ ਕੌਮ ਦਾ ਉਹ ਸ਼ੀਸ਼ਾ ਹੁੰਦੇ ਹਨ, ਜੋ ਸਮਾਜਿਕ ਘਟਨਾਵਾਂ ਨੂੰ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕਰਵਾ ਕੇ ਇਕ ਇਤਿਹਾਸ ਸਿਰਜ ਦਿੰਦੇ ਹਨ। ਉਨ੍ਹਾਂ ਨੇ ਇਸ ਕਾਰਜ ਲਈ ਪੰਮੀ ਲਾਲੋਮਜਾਰਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਮੀ ਵਰਗੇ ਲੇਖਕ ਰਹਿਬਰਾਂ ਦੇ ਇਤਿਹਾਸ ਨੂੰ ਜਿਉਂਦਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਸ ਕਿਤਾਬ ਵਿਚ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਤੋਂ ਬਾਅਦ ਆਏ ਮਹਾਨ ਬਹੁਜਨਾਂ ਦੇ ਨਾਇਕ ਵੱਡੇ ਦਾਨੀ ਅਤੇ ਸਮਾਜ ਵਿਚ ਅਣਖ ਦਾ ਜਜਬਾ ਭਰਨ ਵਾਲੇ ਮਹਾਨ ਰਾਜਨੀਤਿਕ ਆਗੂ ਅਣਥੱਕ ਯੋਧੇ ਬਾਬੂ ਕਾਂਸ਼ੀ ਰਾਮ ਜੀ ਦੇ ਜੀਵਨ ਨਾਲ ਜੁੜੀਆਂ ਛੋਟੀਆਂ ਛੋਟੀਆਂ ਘਟਨਾਵਾਂ ਪਾਠਕਾਂ ਵਿਚ ਵੱਡੀ ਚੇਤਨਤਾ ਪੈਦਾ ਕਰਨਗੀਆਂ।
ਇਸ ਮੌਕੇ ਪੰਮੀ ਲਾਲੋ ਮਜਾਰਾ ਨੇ ਕਿਹਾ ਕਿ ਉਨ੍ਹਾਂ ਵਲੋਂ ਲਿਖਤ ਇਸ ਕਿਤਾਬ ਦਾ ਇਹ ਦੂਜਾ ਸੰਸਕਰਣ ਹੈ, ਜਿਸ ਦੇ ਪਹਿਲੇ ਭਾਗ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਮਿਲੀ। ਇਸ ਮੌਕੇ ਸਤਪਾਲ ਸਾਹਲੋਂ, ਸ਼ਤੀਸ਼ ਕੁਮਾਰ, ਡੀ ਸੀ ਭਾਟੀਆ, ਰੌਸ਼ਨ ਲਾਲ ਸੌਂਧੀ, ਦਿਲਬਾਗ ਰਾਏ, ਸਤਪਾਲ ਸਿੰਘ, ਸਤਨਾਮ ਸਿੰਘ ਹੀਰਾ, ਬੂਟਾ ਰਾਮ, ਰਜੇਸ਼ ਕੁਮਾਰ, ਸੋਹਣ ਲਾਲ ਰਟੈਂਡਾ, ਸੰਤੋਖ ਜੱਸੀ ਬੰਗਾ, ਹਰਭਜਨ ਕਲੇਰ ਅਤੇ ਰੀਆ ਸਿੰਘ ਲਾਲੋ ਮਜਾਰਾ ਹਾਜ਼ਰ ਸਨ।