ਕਰੋਨਾਵਾਇਰਸ: ਇਟਲੀ ਵਿੱਚ ਮੌਤਾਂ ਦੀ ਗਿਣਤੀ 631 ਹੋਈ

ਬਰਤਾਨੀਆ ਦੀ ਸਿਹਤ ਮੰਤਰੀ ਵੀ ਪੀੜਤ;
ਅਮਰੀਕਾ ਵਿੱਚ ਹੁਣ ਤੱਕ 28 ਮੌਤਾਂ; ਚੀਨ ਵਿਚ ਸਥਿਤੀ ਕਾਬੂ ਹੇਠ

ਰੋਮ- ਕਰੋਨਾਵਾਇਰਸ ਕਾਰਨ ਮੌਤਾਂ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਇਟਲੀ ਅੱਜ ਦੂਜੇ ਦਿਨ ਵੀ ਪੂਰੀ ਤਰ੍ਹਾਂ ਬੰਦ ਰਿਹਾ। ਕਰੋਨਾਵਾਇਰਸ (ਕੋਵਿਡ-19) ਨਾਲ ਯੂਰਪ ਦੇ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਇਟਲੀ ਵਿੱਚ ਮੌਤਾਂ ਦੀ ਗਿਣਤੀ ਵਧ ਕੇ 631 ਹੋ ਗਈ, ਜਿਸ ਕਾਰਨ ਬਹੁਤ ਸਾਰੇ ਸਿਆਸੀ, ਸਭਿਆਚਾਰਕ ਅਤੇ ਖੇਡ ਸਮਾਗਮ ਰੱਦ ਜਾਂ ਮੁਲਤਵੀ ਕੀਤੇ ਜਾ ਰਹੇ ਹਨ।
ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਚੀਨ ਨੇ ਭਾਵੇਂ ਕਰੋਨਾਵਾਇਰਸ ‘ਮੁੱਢਲੇ ਤੌਰ ’ਤੇ ਕਾਬੂ ਹੇਠ’ ਹੋਣ ਦਾ ਐਲਾਨ ਕਰ ਦਿੱਤਾ ਹੈ ਪਰ ਪੂਰੇ ਵਿਸ਼ਵ ਵਿੱਚ ਵਧ ਰਹੇ ਕੇਸਾਂ ਕਾਰਨ ਵਿੱਤੀ ਮਾਰਕੀਟਾਂ ਡਾਵਾਂਡੋਲ ਚੱਲ ਰਹੀਆਂ ਹਨ। ਮੱਧ ਅਮਰੀਕਾ ਦੇ ਪਨਾਮਾ ਵਿੱਚ ਮੰਗਲਵਾਰ ਨੂੰ 64 ਵਰ੍ਹਿਆਂ ਦੇ ਵਿਅਕਤੀ ਦੀ ਕਰੋਨਾਵਾਇਰਸ ਕਾਰਨ ਮੌਤ ਹੋ ਗਈ। ਅੰਕੜਿਆਂ ਅਨੁਸਾਰ ਪੂਰੇ ਵਿਸ਼ਵ ਦੇ 107 ਮੁਲਕਾਂ ਵਿੱਚ ਕਰੋਨਾਵਾਇਰਸ ਦੇ 1,17,339 ਕੇਸ ਹਨ ਅਤੇ 4,251 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਚੀਨ ਵਿੱਚ 80 ਹਜ਼ਾਰ ਤੋਂ ਵੱਧ ਲੋਕ ਪੀੜਤ ਹਨ ਤੇ 3000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੇਈਚਿੰਗ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਵਿੱਚ ਕਰੋਨਾਵਾਇਰਸ ਦੇ ਕੇਸ ਹੋਣ ਕਾਰਨ ਚੀਨ ਚਿੰਤਤ ਹੈ ਕਿਉਂਕਿ ਇਸ ਨਾਲ ਉਸ ਦੀਆਂ ਵਾਇਰਸ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ’ਤੇ ਅਸਰ ਪੈ ਰਿਹਾ ਹੈ।
ਕਰੋਨਾਵਾਇਰਸ ਦਾ ਅਸਰ ਅਮਰੀਕਾ ਦੇ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਦੀ ਦੌੜ ਵਿੱਚ ਸ਼ਾਮਲ ਉਮੀਦਵਾਰਾਂ ਬਰਨੀ ਸੈਂਡਰਸ ਅਤੇ ਜੋਅ ਬਿਡੇਨ ਦੀਆਂ ਪ੍ਰਚਾਰ ਰੈਲੀਆਂ ’ਤੇ ਵੀ ਦੇਖਣ ਨੂੰ ਮਿਲਿਆ ਹੈ। ਦੋਵਾਂ ਆਗੂਆਂ ਨੇ ਆਪਣੀਆਂ ਕਈ ਰੈਲੀਆਂ ਰੱਦ ਕਰ ਦਿੱਤੀਆਂ ਹਨ। ਬਰਤਾਨੀਆ ਦੀ ਸਿਹਤ ਮੰਤਰੀ ਨਾਦਿਨ ਡੋਰਿਸ ਨੇ ਦੱਸਿਆ ਹੈ ਕਿ ਉਸ ਦਾ ਕਰੋਨਾਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ। ਜੌਹਨਜ਼ ਹੌਪਕਿਨਸ ਯੂਨੀਵਰਸਿਟੀ ਅਨੁਸਾਰ ਅਮਰੀਕਾ ਵਿੱਚ ਹੁਣ ਤੱਕ ਕਰੋਨਾਵਾਇਰਸ ਕਾਰਨ ਘੱਟੋ-ਘੱਟ 28 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,025 ਲੋਕ ਇਸ ਤੋਂ ਪੀੜਤ ਹਨ।

Previous articleਦਿੱਲੀ ਦੰਗਿਆਂ ’ਚ ਸ਼ਾਮਲ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ: ਸ਼ਾਹ
Next articleਈਡੀ ਵੱਲੋਂ ਤਾਹਿਰ ਹੁਸੈਨ ਖ਼ਿਲਾਫ਼ ਕੇਸ ਦਰਜ