ਪੰਡਿਤ ਮੋਤੀ ਲਾਲ ਨਹਿਰੂ ਮਿਉਂਸਿਪਲ ਲਾਇਬਰੇਰੀ ਦੀ ਸਾਰ ਲਵੇ ਪੰਜਾਬ ਸਰਕਾਰ: ਗੁਮਟਾਲਾ

ਡਾ. ਚਰਨਜੀਤ ਸਿੰਘ ਗੁਮਟਾਲਾ

 ਅੰਮ੍ਰਿਤਸਰ : ਅੰਗਰੇਜ਼ਾਂ ਦੁਆਰਾ 99 ਸਾਲ ਪਹਿਲਾਂ ਟਾਊਨ ਹਾਲ ਵਿੱਚ ਬਣਾਈ ਗਈ ਪੰਡਿਤ ਮੋਤੀ ਲਾਲ ਨਹਿਰੂ ਮਿਉਂਸਿਪਲ ਕਾਰਪੋਰੇਸ਼ਨ ਲਾਇਬਰੇਰੀ ਇੱਕ ਅਨਮੋਲ ਖ਼ਜ਼ਾਨਾ ਹੈ, ਜੋ ਕਿ ਸਾਂਭ ਸੰਭਾਲ ਖੁਣੋਂ ਰੁਲ ਰਿਹਾ ਹੈ ਜਿਸ ਨੂੰ ਸੰਭਾਲਣ ਦੀ ਬਹੁਤ ਜ਼ਰੂੂਰਤ ਹੈ। ਇਸ ਸੰਬੰਧੀ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੇਅਰ ਸ. ਕਰਮਜੀਤ ਸਿੰਘ ਰਿੰਟੂ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਲਾਇਬਰੇਰੀ ਦਾ ਆਲਾ ਦੁਆਲਾ ਬਹੁਤ ਮਾੜਾ ਹੈ ਜਦ ਕਿ ਇਸ ਦੇ ਨਾਲ ਬਣਾਇਆ ਗਿਆ ਪਾਰਟੀਸ਼ਨ ਮਿਊਜ਼ੀਅਮ ਬਹੁਤ ਵਧੀਆ ਹੈ। ਇਸ ਇਮਾਰਤ ਦਾ ਵੀ ਆਧੁਨੀਕਰਨ ਕਰਨਾ ਹੈ, ਜੋ ਕਿ ਅਜੇ ਸ਼ੁਰੂ ਨਹੀਂ ਹੋਇਆ ਜਿਸ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਨ ਦੀ ਲੋੜ ਹੈ।

ਲਾਇਬਰੇਰੀ ਵਿੱਚ ਲੋੜੀਂਦੀਆਂ ਸਹੂਲਤਾਂ ਜਿਵੇਂ ਪੀਣ ਲਈ ਪਾਣੀ, ਪਖਾਨੇ, ਏਅਰ ਕੰਡੀਸ਼ਨ, ਲੋੜੀਂਦਾ ਸਟਾਫ਼, ਲੋੜੀਂਦੀਆਂ ਅਲਮਾਰੀਆਂ ਆਦਿ ਨਹੀਂ ਹਨ। ਪਖਾਨੇ ਹਨ, ਪਰ ਉਨ੍ਹਾਂ ਦੀ ਛੱਤ ਟੁੱਟੀ ਹੋਈ ਹੈ ਤੇ ਪਾਣੀ ਵੱਗਦਾ ਹੈ। ਕਬੂਤਰ ਅਤੇ ਚੂਹੇ ਬਹੁਤ ਹਨ। ਕਿਤਾਬਾਂ ਨੂੰ ਸਿਉਂਕ ਤੋਂ ਬਚਾਉਣ ਲਈ ਲੋੜੀਂਦੀ ਦਵਾਈ ਨਹੀਂ ਹੈ। ਕੋਈ ਗੇਟ ਕੀਪਰ ਨਹੀਂ ਹੈ ਜੋ ਕਿ ਅੰਦਰ ਜਾਣ ਵਾਲਿਆਂ ਪਾਸੋਂ ਦਾਖਲਾ ਰਜਿਸਟਰ ਵਿੱਚ ਉਨ੍ਹਾਂ ਨੇ ਅੰਦਰਾਜ (ਐਂਟਰੀਆਂ) ਕਰਵਾਏ। ਸਭ ਤੋਂ ਮਾੜੀ ਗੱਲ ਇਹ ਹੈ ਲਾਇਬਰੇਰੀ ਦਾ ਮੁੱਖੀ ਲਾਇਬਰੇਰੀਅਨ ਹੀ ਨਹੀਂ ਹੈ। ਬਿਜਲੀ ਬੰਦ ਹੋਣ ’ਤੇ ਹਨ੍ਹੇਰਾ ਹੋ ਜਾਂਦਾ ਹੈ, ਜਿਸ ਲਈ ਜਨਰੇਟਰ ਦੀ ਲੋੜ ਹੈ।  ਰਾਤ ਨੂੰ ਸਿਕਿਊਰਿਟੀ ਵਾਲਾ ਚਾਹੀਦਾ ਹੈ।

ਕਿਤਾਬਾਂ ਦੀ ਸਾਂਭ ਸੰਭਾਲ, ਦਫ਼ਤਰੀ ਰਿਕਾਰਡ ਤੇ ਕੈਟਾਲਾਗ ਲਈ ਗਾਦਰੇਜ਼ ਦੀਆਂ ਅਲਮਾਰੀਆਂ ਤੇ ਰੈਕ ਚਾਹੀਦੇ ਹਨ। ਲਾਇਬਰੇਰੀ ਲਈ ਕੋਈ ਬਜਟ ਨਹੀਂ ਰੱਖਿਆ ਜਾਂਦਾ। ਇਸ ਲਈ ਪਿਛਲੇ ਕਈ ਸਾਲਾਂ ਤੋਂ ਨਾ ਤਾਂ ਕਿਤਾਬਾਂ ਖ੍ਰੀਦੀਆਂ ਗਈਆਂ ਹਨ ਤੇ ਨਾ ਹੀ ਰਸਾਲੇ ਆ ਰਹੇ ਹਨ।

ਇੱਥੇ ਦੁਰਲਭ ਖਰੜੇ ਤੇ ਕਿਤਾਬਾਂ ਹਨ ਜਿਨ੍ਹਾਂ ਨੂੰ ਡਿਜ਼ੀਟੀਲਾਈਜ਼ ਕਰਵਾਉਣ ਦੀ ਲੋੜ ਹੈ। ਨਗਰ ਨਿਗਮ ਦਾ ਦਫ਼ਤਰ ਰਣਜੀਤ ਐਵੇਨਿਊ ਤਬਦੀਲ ਹੋਣ ਕਰਕੇ ਇੰਝ ਜਾਪਦਾ ਹੈ ਕਿ ਕਿਸੇ ਵੀ ਮੇਅਰ ਤੇ ਕਮਿਸ਼ਨਰ ਨੇ ਇੱਥੇ ਫੇਰਾ ਪਾਉਣ ਦੀ ਖੇਚਲ ਨਹੀਂ ਕੀਤੀ।

ਵੱਡੀ ਗਿਣਤੀ ਵਿੱਚ ਯਾਤਰੂ ਜਿਨ੍ਹਾਂ ਵਿੱਚ ਵਿਦੇਸ਼ੀ ਵੀ ਸ਼ਾਮਲ ਹਨ, ਪਾਰਟੀਸ਼ਨ ਮਿਊਜ਼ੀਅਮ ਵੇਖਣ ਆਉਂਦੇ ਹਨ, ਉਹ ਇਸ ਲਾਇਬਰੇਰੀ ਵਿੱਚ ਵੀ ਆਉਂਦੇ ਹਨ। ਇਸ ਦੀ ਹਾਲਤ ਵੇਖ ਕੇ ਉਨ੍ਹਾਂ ਦੇ ਮਨਾਂ ਵਿੱਚ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਸੇ ਤਰ੍ਹਾਂ ਲਾਇਬਰੇਰੀ ਬਾਰੇ ਜਾਣਕਾਰੀ ਦੇਣ ਲਈ ਸ਼ਹਿਰ ਵਿੱਚ ਸੂਚਨਾ ਬੋਰਡ ਲਾਉਣ ਦੀ ਲੋੜ ਹੈ। ਮੈਂਬਰਸ਼ਿਪ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਲਾਇਬਰੇਰੀ ਦਾ ਕੰਮਪਿਊਟਰੀਕਰਨ ਕੀਤਾ ਜਾਵੇ। ਕੈਟਾਲਾਗ ਵਗੈਰਾ ਕੰਮਪਿਊਟਰਾਂ ਵਿੱਚ ਉਪਲੱਬਧ ਕਰਵਾਏ ਜਾਣ। ਗੁਰੂ ਨਾਨਕ ਯੂਨੀਵਰਸਿਟੀ ਦੇ ਉਪ-ਕੁਲਪਤੀ ਪਾਸ ਇਸ ਲਾਇਬਰੇਰੀ ਨੂੰ ਵਧੀਆ ਲਾਇਬਰੇਰੀ ਬਨਾਉਣ ਲਈ ਪਹੁੰਚ ਕੀਤੀ ਜਾਵੇ। ਇੱਕ ਪਾਠਕ ਮੰਚ ਬਣਾਇਆ ਜਾਵੇ ਜਿਸ ਦਾ ਕਨਵੀਨਰ ਲਾਇਬਰੇਰੀ ਨਾਲ ਸੰਬੰਧਿਤ  ਅਧਿਕਾਰੀ ਨੂੰ ਬਣਾਇਆ  ਜਾਵੇ।

ਮੰਚ ਆਗੂ ਦਾ ਕਹਿਣਾ ਹੈ ਕਿ ਉਨ੍ਹਾਂ ਪਹਿਲਾਂ ਵੀ ਇਸ ਸੰਬੰਧੀ 3 ਸਤੰਬਰ 2019 ਨੂੰ ਚਿੱਠੀਆਂ ਲਿਖੀਆਂ ਸਨ ਜਿਸ ਦਾ ਮੇਅਰ ਸਾਹਿਬ ਦੇ ਦਫ਼ਤਰ ਨੇ ਜੁਆਬ ਦਿੱਤਾ ਸੀ ਕਿ ਉਹ ਇਸ ਸਬੰਧੀ ਪਹਿਲਾਂ ਹੀ ਕੰਮ ਕਰ ਰਹੇ ਹਨ।ਪਰ ਅੱਜ ਮੈਂ ਖ਼ੁਦ ਜਾ ਕੇ ਦੇਖਿਆ ਹੈ ਕਿ ਕੋਈ ਵੀ ਤਬਦੀਲੀ ਨਜ਼ਰ ਨਹੀਂ ਆਈ।

ਜਾਰੀ ਕਰਤਾ : ਡਾ. ਚਰਨਜੀਤ ਸਿੰਘ ਗੁਮਟਾਲਾ, 91- 9417533060

Previous articleDR. AMBEDKAR SAHIB BECOMING A HOUSEHOLD NAME
Next articleDr. B.R. Ambedkar A Bodhisattva