ਭਾਰਤ ਦੀ ਸੁਰੱਖਿਆ ਲਈ ਅਮਰੀਕਾ ਨੇ ਵਚਨਬੱਧਤਾ ਪ੍ਰਗਟਾਈ: ਅਮਰੀਕਾ

ਵਾਸ਼ਿੰਗਟਨ (ਸਮਾਜ ਵੀਕਲੀ) : ਬਾਇਡਨ ਪ੍ਰਸ਼ਾਸਨ ਨੇ ਬੀਤੇ ਦਿਨ ਕਿਹਾ ਕਿ ਭਾਰਤ ਨੂੰ ਪ੍ਰਮੁੱਖ ਰੱਖਿਆ ਉਪਕਰਨਾਂ ਦੀ ਵਿਕਰੀ ਜਿਸ ਦਾ ਦਾਇਰਾ ਵਧਾ ਕੇ ਹੁਣ 20 ਅਰਬ ਅਮਰੀਕੀ ਡਾਲਰ ਕਰ ਦਿੱਤਾ ਗਿਆ ਹੈ, ਭਾਰਤ ਦੀ ਸੁਰੱਖਿਆ ਤੇ ਪ੍ਰਭੂਸੱਤਾ ਪ੍ਰਤੀ ਅਮਰੀਕਾ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਮੀਡੀਆ ਨਾਲ ਆਪਣੀ ਰੋਜ਼ਾਨਾ ਦੀ ਗੱਲਬਾਤ ਦੌਰਾਨ ਕਿਹਾ, ‘‘ਇਸ ਸਾਲ ਅਮਰੀਕਾ ਨੇ ਭਾਰਤ ਨੂੰ ਰੱਖਿਆ ਉਪਕਰਨਾਂ ਦੀ ਵਿਕਰੀ ਦਾ ਦਾਇਰਾ ਵਧਾ ਕੇ 20 ਅਰਬ ਅਮਰੀਕੀ ਡਾਲਰ ਤੱਕ ਕਰ ਦਿੱਤਾ ਹੈ। ਰੱਖਿਆ ਦੇ ਖੇਤਰ ਵਿੱਚ ਵਿਕਰੀ ਦਾ ਦਾਇਰਾ ਵਧਾਉਣ ਦੀ ਪੇਸ਼ਕਸ਼ ਭਾਰਤ ਦੀ ਸੁਰੱਖਿਆ ਤੇ ਪ੍ਰਭੂਸੱਤਾ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ।’’ ਇਹ ਪੁੱਛੇ ਜਾਣ ’ਤੇ ਕਿ ਕੀ ਨਵਾਂ ਬਾਇਡਨ ਪ੍ਰਸ਼ਾਸਨ ਹੋਰਨਾਂ ਦੇਸ਼ਾਂ ਵਾਂਗ ਭਾਰਤ ਨਾਲ ਵੀ ਆਪਣੇ ਰੱਖਿਆ ਸੌਦਿਆਂ ਦੀ ਸਮੀਖਿਆ ਕਰ ਰਿਹਾ ਹੈ?

ਇਸ ’ਤੇ ਉਨ੍ਹਾਂ ਕਿਹਾ, ‘‘ਇਹ ਦੁਨਿਆਵੀ, ਵਿਆਪਕ ਤੇ ਰਣਨੀਤਿਕ ਭਾਈਵਾਲੀ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।’’ ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਪੀਟੀਆਈ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਸੀ ਕਿ ਦੋਹਾਂ ਦੇਸ਼ਾਂ ਵਿਚਾਲੇ ਦੁਵੱਲੇ ਫ਼ੌਜੀ ਤੇ ਸੁਰੱਖਿਆ ਸਬੰਧ ਵਧੇਰੇ ਮਜ਼ਬੂਤ ਹੋਏ ਹਨ ਜਿੰਨੇ ਕਿ ਅੱਜ ਤੋਂ ਪਹਿਲਾਂ ਕਦੇ ਨਹੀਂ ਹੋਏ ਸਨ।

Previous articleਮੇਰਾ ਭਾਸ਼ਨ ਲਿਖਣ ਤੋਂ ਲੈ ਕੇ ਨਾਸਾ ਤੱਕ ਭਾਰਤੀ ਹੀ ਭਾਰਤੀ: ਬਾਇਡਨ
Next articleਸਿਡਨੀ ਵਿੱਚ ਸਿੱਖਾਂ ’ਤੇ ਬਦਮਾਸ਼ਾਂ ਵੱਲੋਂ ਹਮਲਾ