ਪੰਜਾਬ ਵਿੱਚ 19 ਤੋਂ ਖੁੱਲ੍ਹਣਗੇ ਸਕੂਲ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਸਰਕਾਰ ਨੇ 19 ਅਕਤੂਬਰ ਤੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਸਕੂਲ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਗ੍ਰਹਿ ਵਿਭਾਗ ਵੱਲੋਂ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਖੇਤਰਾਂ ਵਿੱਚ ਸਕੂਲ ਮੁੜ ਖੋਲ੍ਹਣ ਸਬੰਧੀ ਗ੍ਰਹਿ ਵਿਭਾਗ ਤੋਂ ਦਿਸ਼ਾ-ਨਿਰਦੇਸ਼ ਜਾਰੀ ਹੋਣ ਤੋਂ ਬਾਅਦ, ਸਕੂਲ ਸਿੱਖਿਆ ਵਿਭਾਗ ਨੇ ਵੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਟੈਂਡਰਡ ਅਪਰੇਟਿੰਗ ਪ੍ਰੋਸੀਜਰਜ਼ (ਐਸਓਪੀਜ਼) ਜਾਰੀ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਕੂਲ ਖੋਲ੍ਹਣ ਮੌਕੇ ਕੋਵਿਡ-19 ਮਹਾਮਾਰੀ ਸਬੰਧੀ ਸਾਵਧਾਨੀਆਂ ਸਹੀ ਤਰੀਕੇ ਨਾਲ ਲਾਗੂ ਕਰਵਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸਿੱਖਿਆ ਮੰਤਰੀ ਨੇ ਕਿਹਾ ਸਕੂਲਾਂ ’ਚ ਐੱਸਓਪੀਜ਼ ਲਾਗੂ ਕਰਵਾਉਣ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀਆਂ ਵਿਸ਼ੇਸ਼ ਟੀਮਾਂ ਕਾਇਮ ਕੀਤੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਭਾਵੇਂ ਸਕੂਲ ਮੁੜ ਖੋਲ੍ਹੇ ਜਾ ਰਹੇ ਹਨ ਪਰ ਆਨਲਾਈਨ ਸਿੱਖਿਆ ਹੀ ਅਧਿਆਪਨ ਦਾ ਤਰਜੀਹੀ ਢੰਗ ਰਹੇਗੀ ਅਤੇ ਸਾਰੇ ਵਿਦਿਆਰਥੀਆਂ ਦੀ ਹਾਜ਼ਿਰੀ ਲਾਜ਼ਮੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਅਧਿਆਪਕ ਪਹਿਲਾਂ ਹੀ ਆਨਲਾਈਨ ਕਲਾਸਾਂ ਲੈ ਰਹੇ ਹਨ ਅਤੇ ਜੇ ਕੁਝ ਵਿਦਿਆਰਥੀ ਨਿੱਜੀ ਤੌਰ ਉਤੇ ਹਾਜ਼ਰ ਹੋਣ ਦੀ ਥਾਂ ਆਨਲਾਈਨ ਕਲਾਸਾਂ ਲਾਉਣ ਨੂੰ ਤਰਜੀਹ ਦਿੰਦੇ ਹਨ ਤਾਂ ਉਹ ਅਜਿਹਾ ਕਰ ਸਕਣਗੇ। ਸਿੱਖਿਆ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਲਈ ਦਿਨ ਵਿੱਚ ਸਕੂਲ ਤਿੰਨ ਘੰਟੇ ਲਈ ਖੁੱਲ੍ਹਣਗੇ ਅਤੇ ਸਿਰਫ਼ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੂੰ ਹੀ ਸਕੂਲ ਵਿੱਚ ਸੱਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ ਅਤੇ ਸਮਾਜਿਕ ਦੂਰੀ ਦਾ ਮਾਪਦੰਡ ਬਰਕਰਾਰ ਨਹੀਂ ਰੱਖਿਆ ਜਾ ਸਕਦਾ ਤਾਂ ਇਸ ਮਾਮਲੇ ਵਿੱਚ ਸਕੂਲ ਮੁਖੀ ਤੇ ਮੈਨੇਜਮੈਂਟ ਵੱਲੋਂ ਆਪਣੇ ਪੱਧਰ ਉਤੇ ਦੋ ਸ਼ਿਫ਼ਟਾਂ ਵਿੱਚ ਕਲਾਸਾਂ ਲੈਣ ਜਾਂ ਬਦਲਵੇਂ ਦਿਨਾਂ ਵਿੱਚ ਵਿਦਿਆਰਥੀਆਂ ਨੂੰ ਬੁਲਾਉਣ ਬਾਰੇ ਫ਼ੈਸਲਾ ਲਿਆ ਜਾ ਸਕੇਗਾ।

ਵਿਦਿਆਰਥੀ ਆਪਣੇ ਮਾਪਿਆਂ ਦੀ ਲਿਖਤੀ ਸਹਿਮਤੀ ਮਗਰੋਂ ਹੀ ਸਕੂਲ ਜਾ ਕੇ ਕਲਾਸਾਂ ਲਾ ਸਕਣਗੇ। ਉਨ੍ਹਾਂ ਦੱਸਿਆ ਕਿ ਮਾਪਿਆਂ ਨੂੰ ਇਹ ਗੱਲ ਯਕੀਨੀ ਬਣਾਉਣੀ ਹੋਵੇਗੀ ਕਿ ਉਨ੍ਹਾਂ ਦਾ ਬੱਚਾ ਮਾਸਕ ਪਾ ਕੇ ਹੀ ਸਕੂਲ ਜਾਵੇ ਅਤੇ ਉਹ ਦੂਜਿਆਂ ਨਾਲ ਮਾਸਕ ਦੀ ਅਦਲਾ-ਬਦਲੀ ਨਾ ਕਰੇ। ਉਨ੍ਹਾਂ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀਆਂ ਹਦਾਇਤਾਂ ਮੁਤਾਬਕ ਬਜ਼ੁਰਗ, ਗਰਭਵਤੀ ਤੇ ਹੋਰ ਮੁਲਾਜ਼ਮਾਂ, ਜਿਨ੍ਹਾਂ ਨੂੰ ਮੈਡੀਕਲ ਹਾਲਤ ਕਾਰਨ ਵਾਧੂ ਇਹਤਿਆਤ ਰੱਖਣ ਦੀ ਲੋੜ ਹੈ, ਨੂੰ ਸਲਾਹ ਹੈ ਕਿ ਉਹ ਵਿਦਿਆਰਥੀਆਂ ਨਾਲ ਸਿੱਧੇ ਸੰਪਰਕ ਵਾਲੇ ਕੰਮ ਨੂੰ ਤਰਜੀਹ ਨਾ ਦੇਣ।

ਸਿੱਖਿਆ ਮੰਤਰੀ ਨੇ ਕਿਹਾ ਜਮਾਤਾਂ ਵਿੱਚ ਵਿਦਿਆਰਥੀਆਂ ਦੀਆਂ ਸੀਟਾਂ ਵਿਚਾਲੇ 6 ਫੁੱਟ ਦੀ ਦੂਰੀ ’ਤੇ ਨਿਸ਼ਾਨ ਬਣਾਏ ਜਾਣ ਅਤੇ ਇਸੇ ਤਰ੍ਹਾਂ ਸਟਾਫ਼ ਰੂਮ, ਦਫ਼ਤਰ, ਹੋਸਟਲਾਂ ਤੇ ਹੋਰ ਥਾਵਾਂ ਉਤੇ ਵੀ ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਅਜਿਹੀਆਂ ਕੋਈ ਗਤੀਵਿਧੀਆਂ ਨਾ ਕਰਵਾਈਆਂ ਜਾਣ, ਜਿਨ੍ਹਾਂ ਵਿੱਚ ਸਮਾਜਿਕ ਦੂਰੀ ਦਾ ਨਿਯਮ ਨਹੀਂ ਅਪਣਾਇਆ ਜਾ ਸਕਦਾ। ਸਕੂਲਾਂ ਵਿੱਚ ਪ੍ਰਾਰਥਨਾ ਸਭਾ ਵੀ ਜਮਾਤਾਂ ਜਾਂ ਖੁੱਲ੍ਹੀਆਂ ਥਾਵਾਂ ਜਾਂ ਜਿੱਥੇ ਜਗ੍ਹਾ ਮੁਹੱਈਆ ਹੈ ਅਤੇ ਹਾਲਾਂ ਵਿੱਚ ਹੀ ਅਧਿਆਪਕਾਂ ਦੀ ਹਾਜ਼ਰੀ ਵਿੱਚ ਕਰਵਾਈਆਂ ਜਾਣ।

Previous articleਪਰਾਲੀ ਸਾੜਨ ਨਾਲ ਦਿੱਲੀ ’ਚ ਮਹਿਜ਼ 4 ਫ਼ੀਸਦੀ ਪ੍ਰਦੂਸ਼ਣ ਫੈਲਦੈ: ਜਾਵੜੇਕਰ
Next articleShatrughan Sinha’s son gets Cong ticket from Bankipur